April 23, 2018 | By ਸਿੱਖ ਸਿਆਸਤ ਬਿਊਰੋ
ਤਲਵਾੜਾ: ਇਸ ਖ਼ੇਤਰ ਦੇ ਸਵਾਂ ਦਰਿਆ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਮਾਈਨਿੰਗ ਪ੍ਰਭਾਵਿਤ ਬਲਾਕ ਤਲਵਾੜਾ ਅਤੇ ਹਾਜੀਪੁਰ ’ਚ ਸਿਆਸੀ ਅਸਰ ਰਸੂਖ ਵਾਲੇ ਸਟੋਨ ਕਰੱਸ਼ਰ ਮਾਲਕਾਂ ਵੱਲੋਂ ਬਿਆਸ ਤੇ ਸਵਾਂ ਦਰਿਆ ਅਤੇ ਵਾਹੀਯੋਗ ਜ਼ਮੀਨਾਂ ’ਚ ਨਾਜਾਇਜ਼ ਖੁਦਾਈ ਕੀਤੀ ਜਾ ਰਹੀ ਹੈ।

ਸਵਾਂ ਦਰਿਆ ’ਚ ਡਿੱਚ ਮਸ਼ੀਨਾਂ ਨਾਲ ਕੀਤੀ ਜਾ ਰਹੀ ਮਾਈਨਿੰਗ ਦਾ ਦ੍ਰਿਸ਼
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਦੇ ਆਗੂ ਧਰਮਿੰਦਰ ਸਿੰਘ, ਕੇਸਰ ਸਿੰਘ ਕਾਂਜੂਪੀਰ, ਸੁਖਵਿੰਦਰ ਸਿੰਘ ਵਾਹਲਾ, ਸ਼ਮਸ਼ੇਰ ਸਿੰਘ ਫੌਜੀ, ਜਸਵੀਰ ਟੋਟੇ, ਪੁਸ਼ਪਾ ਦੇਵੀ ਹੰਦਵਾਲ ਆਦਿ ਨੇ ਕਿਹਾ ਕਿ ਖ਼ੇਤਰ ’ਚ ਖਣਨ ਮਾਫੀਆ ਕੁਦਰਤੀ ਸਾਧਨਾਂ ਦੀ ਅੰਨ੍ਹੀ ਲੁੱਟ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬਲਾਕ ਹਾਜੀਪੁਰ ਅਤੇ ਤਲਵਾੜਾ ’ਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿੱਚ ਸ਼ੁਰੂ ਹੋਇਆ ਸੀ। ਜਿਸ ਦੇ ਵਿਰੋਧ ’ਚ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਲੰਮਾਂ ਸਮਾਂ ਸੰਘਰਸ਼ ਕੀਤਾ। ਮਾਰਚ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਾ ਕਰਨ ਦੇ ਐਲਾਨ ਮਗਰੋਂ ਕੁੱਝ ਚਿਰ ਖ਼ੇਤਰ ’ਚ ਨਾਜਾਇਜ਼ ਮਾਈਨਿੰਗ ਬੰਦ ਰਹੀ ਪਰ ਹੁਣ ਫੇਰ ਨਾਜਾਇਜ਼ ਮਾਈਨਿੰਗ ਕਰਦੀਆਂ ਗੱਡੀਆਂ ਦਿਸਣ ਲੱਗ ਪਈਆਂ ਹਨ।
ਮੌਕੇ ’ਤੇ ਗਏ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਅਨੁਸਾਰ ਖਣਨ ਮਾਫੀਆ ਦੀਆਂ ਨਾਜਾਇਜ਼ ਗਤੀਵਿਧੀਆਂ ਕਾਰਨ ਦਰਿਆ ਦਾ ਬੈੱਡ 15-20 ਫੁੱਟ ਨੀਵਾਂ ਹੋ ਗਿਆ ਹੈ ਜੋ ਭਾਰੀ ਬਰਸਾਤ ਦੌਰਾਨ ਘਾਤਕ ਸਿੱਧ ਹੋ ਸਕਦਾ ਹੈ। ਆਗੂਆਂ ਨੇ ਦੱਸਿਆ ਕਿ ਲੋਕਾਂ ਦੀ ਨਜ਼ਰਾਂ ’ਚ ਬੰਦ ਪਏ ਪਿੰਡ ਨੌਸ਼ਹਿਰਾ ਸਿੰਬਲੀ ਅਤੇ ਵਜੀਰਾਂ ’ਚ ਸਥਿਤ ਸਟੋਨ ਕਰੱਸ਼ਰ ਰਾਤ ਦੇ ਹਨੇਰੇ ’ਚ ਮਾਲਕਾਂ ਵੱਲੋਂ ਚਲਾਏ ਜਾਂਦੇ ਹਨ ਅਤੇ ਲਾਗਲੀਆਂ ਵਾਹੀਯੋਗ ਜ਼ਮੀਨਾਂ ’ਚ ਡੂੰਘੀ ਪਟਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਤਲਵਾੜਾ ਖ਼ੇਤਰ ’ਚ ਮਾਈਨਿੰਗ ਵਿਭਾਗ ਵੱਲੋਂ ਪਿੰਡ ਸੁਖਚੈਨਪੁਰ ਵਿਚ ਖੱਡ ਨਿਲਾਮ ਕੀਤੀ ਗਈ ਹੈ ਜੋ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬੰਦ ਪਈ ਹੈ। ਜਦਕਿ ਬੇਲਾ ਸਰਿਆਣਾ ਦੀ ਨਿਲਾਮ ਕੀਤੀ ਖੱਡ ’ਚ ਤਕਨੀਕੀ ਕਾਰਨਾਂ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਦੇ ਬਾਵਜੂਦ ਹਾਜੀਪੁਰ ਅਤੇ ਤਲਵਾੜਾ ਖ਼ੇਤਰ ’ਚੋਂ ਰੋਜ਼ਾਨਾ ਸੈਂਕੜੇ ਟਰੱਕ ਮਾਈਨਿੰਗ ਸਮੱਗਰੀ ਲੈ ਕੇ ਨਿਕਲ ਰਹੇ ਹਨ। ਕੰਢੀ ਖ਼ੇਤਰ ’ਚ ਨਾਜਾਇਜ਼ ਖਣਨ ਦਾ ਕਾਰੋਬਾਰ ਸੱਤਾਧਾਰੀ ਧਿਰ ਦੇ ਕੁਝ ਸਥਾਨਕ ਆਗੂਆਂ ਦੀ ਦੇਖ ਰੇਖ ਚੱਲ ਰਿਹਾ ਹੈ।
Related Topics: Illegal Mining in Punjab, Punjab Government