April 15, 2025 | By ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਕਿਸੇ ਵੀ ਧਰਮ ਦਾ ਨਿਆਰਾਪਨ ਉਸ ਦੀ ਬੁਨਿਆਦ ਵਿਚ ਸਮਾਇਆ ਹੁੰਦਾ ਹੈ। ਸਿੱਖ ਧਰਮ ਦੀ ਬੁਨਿਆਦ ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਚੱਲ ਬਟਾਲੇ ‘ਚ ਸਿੱਧਾਂ ਨੇ ਸਵਾਲ ਕੀਤਾ ਕਿ, ਤੁਹਾਡਾ ਗੁਰੂ ਕੌਣ ਹੈ, ਜਿਸ ਦੇ ਤੁਸੀਂ ਪੈਰੋਕਾਰ ਹੋ? ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ:
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥…॥੪੪॥ (॥੭੩॥੧॥) (ਰਾਮਕਲੀ ਮ: ੧, ਸਿਧ ਗੋਸਟਿ, ਅੰਗ: ੯੪੩)
ਸ੍ਰੀ ਗੁਰੂ ਅਮਰਦਾਸ ਜੀ ਨੂੰ ਇਕ ਵਾਰ ਗੁਰਸਿੱਖੀ ਦੀ ਮੂਰਤ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ‘ਸੱਚੇ ਪਾਤਿਸ਼ਾਹ! ਸਿੱਖੀ ਦੀ ਰਹਿਤ ਦੱਸੋ।’ ਤਾਂ ਸਤਿਗੁਰੂ ਨੇ ਫ਼ਰਮਾਨ ਕੀਤਾ:
ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਯਾਰੋ ਸਿਖ ਮਹਾਨੇ॥
ਪ੍ਰਭੂ ਸਰੂਪ ਰਿਦੇ ਮੇ ਧਾਰੋ, ਗੁਰਬਾਣੀ ਕੋ ਰਿਦੈ ਬਿਚਾਰੋ॥” (ਸੂਰਜ ਪ੍ਰਕਾਸ਼, ਰਾਸਿ: ੧-੬੪)
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸੰਗਤਾਂ ਨੇ ਗੁਰੂ ਸਾਹਿਬ ਦੇ ਸਨਮੁਖ ਇਕ ਵਾਰ ਇਹ ਵਿਚਾਰ ਰੱਖਿਆ ਕਿ ਆਪ ਪੰਥ ਦੇ ਰੂਹਾਨੀ ਮੁਖੀ ਹੋਣ ਦੇ ਨਾਲ-ਨਾਲ ਪੰਥ ਦੇ ਸੰਸਾਰਕ ਮੁਖੀ ਵੀ ਹੋ। ਇਸ ਲਈ ਆਪ ਦੇ ਸਰੂਪ ਨੂੰ ਹੂ-ਬ-ਹੂ ਬਿਆਨ ਕਰਦਾ ਹੋਇਆ ਚਿੱਤਰ ਤਿਆਰ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਆਪਣੀ ਪਾਵਨ ਰਸਨਾ ਨਾਲ ਰੱਦ ਕਰ ਦਿੱਤਾ ਅਤੇ ਸੰਗਤਾਂ ਨੂੰ ਇਕ ਵਾਰ ਫਿਰ ਦ੍ਰਿੜ੍ਹ ਕਰਵਾਇਆ ਕਿ ਸ਼ਬਦ ਹੀ ਗੁਰੂ ਹੈ। ਭਾਈ ਗੁਰਦਾਸ ਜੀ ਦਾ ਫ਼ਰਮਾਨ ਹੈ:
ਗੁਰ ਮੂਰਤਿ ਗੁਰ ਸਬਦੁ ਹੈ, ਸਾਧਸੰਗਤਿ ਵਿਚਿ ਪਰਗਟੀ ਆਇਆ।
(ਵਾਰ ੨੪, ਪਉੜੀ ੨੫/੮)
ਸਿੱਖ ਪੰਥ ਨੂੰ ਇਸ ਸਾਖ਼ੀ ਵਿਚਲੀ ਦੈਵੀ ਸਿੱਖਿਆ ਨੂੰ ਸਮਝਣ ਅਤੇ ਅਪਨਾਉਣ ਦੀ ਲੋੜ ਹੈ।
ਅਜੋਕੇ ਸਮੇਂ ‘ਚ ਫ਼ਿਲਮਾਂ-ਨਾਟਕਾਂ ਜ਼ਰੀਏ ਸਿੱਖੀ ਦਾ ਪ੍ਰਚਾਰ ਕਰਨ ਦੇ ਤਰਫ਼ਦਾਰਾਂ ਦੀਆਂ ਦਲੀਲਾਂ ਦਾ ਗੁਰਮਤਿ ਦੇ ਨਜ਼ਰੀਏ ਤੋਂ ਖੰਡਨ ਕਰਨ ਲਈ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਚਿੱਤਰ ਨਾਟਕ ਵਿਚ ਕੀਤਾ ਫ਼ਰਮਾਨ ਸਭ ਤੋਂ ਵੱਧ ਸਟੀਕ ਹੈ:
“ਨਾਟਕ ਚੇਟਕ ਕੀਏ ਕੁਕਾਜਾ।।ਪ੍ਰਭ ਲੋਗਨ ਕਹ ਆਵਤ ਲਾਜਾ।।”
ਭਾਵ; ਧਰਮ ਕਰਮ ਕਰਨ ਲਈ ਜੋ ਸਾਧਕ ਨਾਟਕ ਅਤੇ ਚੇਟਕ ਕਰਦੇ ਹਨ, ਅਜਿਹੇ ਪ੍ਰਪੰਚਾਂ ਨੂੰ ਵੇਖ ਕੇ ਪਰਮਾਤਮਾ ਦੇ ਸੱਚੇ ਭਗਤਾਂ ਨੂੰ ਲੱਜਾ ਆਉਂਦੀ ਹੈ, ਕਿਉਂਕਿ ਅਜਿਹੇ ਵਿਖਾਵੇ ਵਾਹਿਗੁਰੂ ਅਕਾਲ ਪੁਰਖ ਨੂੰ ਨਹੀਂ ਭਾਉਂਦੇ, ਉਸ ਦੇ ਦਰ ‘ਤੇ ਸਿਰਫ਼ ਸੱਚੀ ਕਰਨੀ ਹੀ ਸਵੀਕਾਰ ਹੈ, ਉਹ ਸਿਰਫ਼ ਸ਼ੁੱਭ ਜੀਵਨ ਅਮਲਾਂ ‘ਤੇ ਹੀ ਰੀਝਦਾ ਹੈ।
ਤਾਂਤੇ ਜੇਕਰ ਅਸੀਂ ਵੀ ਆਪਣੇ ਸਿਧਾਂਤਾਂ ਤੋਂ ਓਝੜੇ ਪੈ ਕੇ ਨਾਟਕ-ਚੇਟਕ ਦੀਆਂ ਕੁਰੀਤੀਆਂ-ਕੁਚਾਲਾਂ ‘ਚ ਫ਼ਸ ਕੇ ਧਰਮ ਪ੍ਰਚਾਰ ਕਰਨ ਦਾ ਭੁਲੇਖਾ ਪਾਲੀ ਬੈਠਾਂਗੇ ਤਾਂ ਫਿਰ ਉਹ ਬੁਨਿਆਦੀ ਸਿਧਾਂਤਾਂ ਅਤੇ ਪਵਿੱਤਰ ਆਦਰਸ਼ਾਂ ਦਾ ਮਹਾਨ ਫ਼ਲਸਫ਼ਾ ਕਿੱਧਰ ਜਾਵੇਗਾ, ਜਿਸ ਨੂੰ ਅਮਲੀ ਜੀਵਨ ਵਿਚ ਨਿਭਾਉਣ ਦੀ ਸਾਡੇ ਅੰਦਰ ਦ੍ਰਿੜ੍ਹਤਾ ਪੱਕੀ ਕਰਨ ਲਈ ਦਸ ਜਾਮਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 239 ਸਾਲ ਦਾ ਸਮਾਂ ਲਗਾਉਣਾ ਪਿਆ ਸੀ।
ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਮੂਰਤੀ ਪੂਜਾ, ਬੁੱਤਪ੍ਰਸਤੀ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਜੋ ਫਿਲਮਾਂਕਣ ਦਾ ਚਲਣ ਹੈ, ਇਹ ਵੀ ਬੁੱਤਪ੍ਰਸਤੀ ਅਥਵਾ ਮੂਰਤੀਪੂਜਾ ਦਾ ਹੀ ਆਧੁਨਿਕ ਰੂਪ ਹੈ। ਜਿਸ ਵੇਲੇ ਸੋਭਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੋਕਲਪਿਤ ਤਸਵੀਰ ਬਣਾਈ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ, ਤਾਂ ਸੋਭਾ ਸਿੰਘ ਦਾ ਜਵਾਬ ਸੀ ਕਿ ਖੁਸ਼ੀ ਵੀ ਤੇ ਉਦਾਸੀ ਵੀ। ਖੁਸ਼ੀ ਇਸ ਕਰਕੇ ਕਿ ਭਾਵੇਂ ਮਨੋਕਲਪਿਤ ਹੀ ਸਹੀ, ਮੇਰੇ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਣਾਈ ਗਈ ਤਸਵੀਰ ਨੂੰ ਹੀ ਸਭ ਪਾਸੇ ਮਾਨਤਾ ਮਿਲ ਰਹੀ ਹੈ ਅਤੇ ਬਾਕੀ ਚਿੱਤਰਕਾਰ ਵੀ ਇਸੇ ਤਸਵੀਰ ਨੂੰ ਹੀ ਆਧਾਰ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਬਣਾ ਰਹੇ ਹਨ। ਸੋਭਾ ਸਿੰਘ ਨੇ ਅੱਗੇ ਕਿਹਾ ਕਿ ਉਦਾਸੀ ਇਸ ਕਰਕੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੇਰੇ ਦੁਆਰਾ ਬਣਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਿੱਖਾਂ ਦੇ ਘਰਾਂ ਵਿਚ ਕੰਧਾਂ ਉੱਤੇ ਸਤਿਕਾਰ ਨਾਲ ਲਗਾਈ ਜਾਵੇਗੀ ਤਾਂ ਜਿਨ੍ਹਾਂ ਦੇ ਹਿਰਦਿਆਂ ਵਿਚ ਗੁਰ ਸ਼ਬਦ ਦੀ ਮੂਰਤ ਵੱਸੀ ਹੈ, ਉਹ ਤਸਵੀਰਾਂ ਨੂੰ ਰੱਬ ਵਾਂਗ ਪੂਜਣ ਲੱਗ ਜਾਣਗੇ।
ਸਿਨੇਮਾ ਇਕ ਕਲਾ ਹੈ ਅਤੇ ਕਲਾ ਵਾਪਾਰ ਦਾ ਜ਼ਰੀਆ ਹੈ। ਧਰਮ ਇਕ ਅਭਿਆਸ ਹੈ ਅਤੇ ਇਹ ਅਭਿਆਸ ਜੀਵਨ ਅਮਲ ਬਣ ਕੇ, ਮਨੁੱਖੀ ਜੀਵਨ ਦੀ ਕਾਇਆ ਕਲਪ ਕਰਦਾ ਹੈ। ਪਰ ਸਿਨੇਮਾ ਦੇ ਵਪਾਰੀ ਨੂੰ ਸਿੱਖ ਧਰਮ ਦੇ ਇਤਿਹਾਸ ਨੂੰ ਸਿਨੇਮਾ ਵਿਚ ਉਤਾਰਨ ਦੀ ਬੜੀ ਕਾਹਲ ਪਈ ਹੈ। ਇਸ ਨੂੰ ਵਾਜਬ ਸਾਬਤ ਕਰਨ ਲਈ ਸੌ ਦਲੀਲਾਂ ਘੜੀਆਂ ਜਾ ਰਹੀਆਂ ਹਨ। ਇਕ ਦਲੀਲ ਇਹ ਵੀ ਹੁੰਦੀ ਹੈ ਕਿ ਤੁਸੀਂ ਸਿੱਖਾਂ ਦੇ ਇਤਿਹਾਸ ਉੱਤੇ ਬਣਨ ਵਾਲੀ ਕਿਸੇ ਫਿਲਮ ਦਾ ਵਿਰੋਧ ਕਰਨ ਤੋਂ ਪਹਿਲਾਂ ਉਸ ਫਿਲਮ ਨੂੰ ਵੇਖਦੇ ਕਿਉਂ ਨਹੀਂ? ਇਹ ਬਿਲਕੁਲ ਉਸ ਤਰ੍ਹਾਂ ਦੀ ਬੇਹੂਦਾ ਤੇ ਥੋਥੀ ਦਲੀਲ ਹੈ ਜਿਵੇਂ ਕਿ, ਸ਼ਰਾਬ, ਜਿਸ ਨੂੰ ਮਨੁੱਖ ਦੀ ਮੱਤ ਤੇ ਸਰੀਰ, ਦੋਵਾਂ ਲਈ ਨੁਕਸਾਨਦੇਹ ਕਿਹਾ ਜਾਂਦਾ ਹੈ, ਬਾਰੇ ਲੋਕਾਂ ਨੂੰ ਕਿਹਾ ਜਾਵੇ ਕਿ ਸ਼ਰਾਬ ਨੂੰ ਮਾੜੀ ਕਹਿਣ ਤੋਂ ਪਹਿਲਾਂ ਹਰੇਕ ਨੂੰ ਇਕ ਵਾਰੀ ਸ਼ਰਾਬ ਪੀ ਕੇ ਵੇਖ ਲੈਣੀ ਚਾਹੀਦੀ ਹੈ, ਉਸ ਤੋਂ ਬਾਅਦ ਸ਼ਰਾਬ ਨੂੰ ਮਾੜਾ ਜਾਂ ਚੰਗਾ ਕਹਿਣਾ ਚਾਹੀਦਾ ਹੈ।
ਸੌ ਗੱਲ ਦੀ ਇਕ ਗੱਲ ਇਹ ਹੈ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਰੇਕ ਤਰ੍ਹਾਂ ਦੀ ਨਕਲ, ਮੂਰਤੀ ਤੇ ਬੁੱਤਪ੍ਰਸਤੀ ਤੋਂ ਪੂਰੀ ਤਰ੍ਹਾਂ ਵਰਜਿਆ ਹੈ ਤਾਂ ਫਿਰ ਅਸੀਂ ਇਹ ਵੇਖਣ ਲਈ ਕਿ, ਸਿੱਖਾਂ ਦੇ ਰੂਹ ਦੇ ਇਤਿਹਾਸ ਨੂੰ ਬੋਲਦੀਆਂ ਤੇ ਤੁਰਦੀਆਂ-ਫਿਰਦੀਆਂ ਮੂਰਤੀਆਂ ਦੇ ਰੂਪ ਵਿਚ ਵਿਖਾਉਣ ਵਾਲੀਆਂ ਫਿਲਮਾਂ ਵਿਚ ਕੀ ਬੁਰਾ ਤੇ ਕੀ ਭਲਾ ਹੈ, ਮੂਰਤੀ ਤੇ ਬੁੱਤਪ੍ਰਸਤੀ ਦੇ ਰਾਹ ਵੱਲ ਵੇਖੀਏ ਵੀ ਕਿਉਂ?
Related Topics: Anti Sikh Movies, Article by Talwinder Singh Buttar, Movies on Sikh Gurus, Stop Movies On Sikh Guru's