ਖਾਸ ਖਬਰਾਂ » ਸਿੱਖ ਖਬਰਾਂ

ਪੰਥਕ ਸੰਸਥਾਵਾਂ ਵਿਚਲੇ ਸੰਕਟ ‘ਤੇ ਵਿਚਾਰ ਲਈ 11 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੁਬਾਦ ਸਭਾ: ਪੰਥ ਸੇਵਕ ਜਥਾ ਦੋਆਬਾ

March 8, 2025 | By

ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਵਿੱਚ ਜੋੜ ਮੇਲਿਆ ਉੱਪਰ ਆਪਸੀ ਵਿਚਾਰ ਵਟਾਂਦਰੇ ਦੀ ਪੰਥਕ ਰਵਾਇਤ ਨੂੰ ਸੁਰਜੀਤ ਕਰਨ ਲਈ ਬੀਤੇ ਸਮੇਂ ਤੋਂ ਯਤਨਸ਼ੀਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਹੋਲੇ ਮਹੱਲੇ ਦੇ ਖਾਲਸਾਈ ਉਤਸਵ ਨੂੰ ਧਿਆਨ ਵਿੱਚ ਰੱਖਦਿਆਂ 11 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੁਬਾਦ ਸਭਾ ਬੁਲਾਈ ਗਈ ਹੈ। ਇਸ ਸਭਾ ਵਿੱਚ ਖਾਲਸਾ ਪੰਥ ਅਤੇ ਗੁਰ ਸੰਗਤਿ ਨੂੰ ਦਰਪੇਸ਼ ਮੌਜੂਦਾ ਮਸਲਿਆਂ ਬਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਸਾਂਝੀ ਰਾਏ ਉਸਾਰਨ ਦੇ ਯਤਨ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਖਾਲਸਾ ਪੰਥ ਵਿੱਚ ਇਹ ਰਿਵਾਇਤ ਰਹੀ ਹੈ ਕਿ ਵੱਖ-ਵੱਖ ਜਥੇ ਹੋਲੇ ਮਹੱਲੇ ਅਤੇ ਬੰਦੀ ਛੋੜ ਦਿਹਾੜੇ ਮੌਕੇ ਕ੍ਰਮਵਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੋ ਕੇ ਅਹਿਮ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਸਨ। ਜਿਸ ਨਾਲ ਇਹਨਾ ਜਥਿਆਂ ਵਿੱਚ ਆਪਸੀ ਸੂਤਰਧਾਰਤਾ ਬਣੀ ਰਹਿੰਦੀ ਸੀ ਅਤੇ ਮਹੱਤਵਪੂਰਨ ਮਸਲਿਆਂ ਬਾਰੇ ਸਾਂਝੀ ਰਾਏ ਅਤੇ ਸੇਧ ਦੀ ਉਸਾਰੀ ਕੀਤੀ ਜਾਂਦੀ ਸੀ।

Subaad Sabha at Sri Anandpur Sahib on 11 March to Discuss Disarray in SGPC and Akal Takht Managements

ਬੀਤੇ ਸਮੇਂ ਦੌਰਾਨ ਇਹ ਪਿਰਤ ਲਗਭਗ ਅਲੋਪ ਹੋ ਗਈ ਸੀ ਜਿਸ ਨੂੰ ਮੁੜ ਸੁਰਜੀਤ ਕਰਨ ਲਈ ਪੰਥ ਸੇਵਕ ਜਥਾ ਦੋਆਬਾ ਅਤੇ ਹੋਰਨਾ ਜਥਿਆਂ ਤੇ ਸੰਸਥਾਵਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।

11 ਮਾਰਚ ਨੂੰ ਬੁਲਾਈ ਗਈ ਸੁਬਾਦ ਸਭਾ ਬਾਰੇ ਜਾਣਕਾਰੀ ਦਿੰਦਿਆਂ ਪੰਥ ਸੇਵਕ ਜਥਾ ਦੁਆਬਾ ਤੋਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ “ਗੁਰਸੰਗਤ ਅੰਦਰ ਵਰਤ ਰਹੇ ਖਿੰਡਾਓ ਦੇ ਇਸ ਸਮੇਂ ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੇ ਮੌਜੂਦਾ ਢਾਂਚਿਆਂ ਦੀ ਸਾਖ ਵਿਚ ਆਈ ਗਿਰਾਵਟ ਦੇ ਕਾਰਨਾਂ ਦੀ ਪੜਚੋਲ ਕਰਨ ਲਈ ਅਤੇ ਹੋਲੇ ਮਹੱਲੇ ਉੱਤੇ ਪੰਥ ਦੇ ਸਾਂਝੇ ਮਸਲਿਆਂ ਨੂੰ ਵਿਚਾਰਨ ਦੀ ਪੁਰਾਤਨ ਪਰੰਪਰਾ ਦੀ ਪੁਨਰ ਸੁਰਜੀਤੀ ਲਈ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਬਾਦ ਸਭਾ ਬੁਲਾਈ ਗਈ ਹੈ”।

ਪੰਥ ਸੇਵਕ ਜਥਾ ਦੋਆਬਾ ਨੇ ਖਾਲਸਾ ਪੰਥ ਤੇ ਗੁਰ ਸੰਗਤਿ ਦੀ ਸੇਵਾ ਵਿਚ ਵਿਚਰ ਰਹੇ ਜਥਿਆਂ, ਸੰਪਰਦਾਵਾਂ, ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਇਸ ਸੁਬਾਦ ਸਭਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,