February 14, 2025 | By ਸਿੱਖ ਸਿਆਸਤ ਬਿਊਰੋ
ਸੈਨ ਹੋਜ਼ੇ, ਅਮਰੀਕਾ: ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਝਿਲਮਣ ਸਿੰਘ ਜੀ ਗੋਰਸੀਆਂ, ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਜਿਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 4 ਫ਼ਰਵਰੀ 1986 ਨੂੰ ਸ਼ਹਾਦਤਾਂ ਦੀ ਦਾਤ ਪ੍ਰਾਪਤ ਕੀਤੀ ਦਾ 39ਵਾਂ ਸ਼ਹੀਦੀ ਦਿਹਾੜਾ ਹਰ ਸਾਲ ਦੇ ਤਰ੍ਹਾਂ ਗੁਰਦਵਾਰਾ ਸਾਹਿਬ ਸੈਨ ਹੋਜ਼ੇ ਵਿਖੇ 16 ਫ਼ਰਵਰੀ 2025 ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਭਰਾ ਡਾ. ਹਰਿੰਦਰ ਸਿੰਘ ਵੱਲੋਂ ਸਿੱਖ ਸਿਆਸਤ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 16 ਫਰਵਰੀ ਨੂੰ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ, ਕਥਾ, ਢਾਡੀ ਵਾਰਾਂ ਤੇ ਸ਼ਹੀਦਾਂ ਦੇ ਜੀਵਨ ਤੇ ਸ਼ਹਾਦਤਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਸਮਾਗ਼ਮ ਵਿੱਚ ਬੀਬੀ ਪਰਮਜੀਤ ਕੌਰ ਜੀ ਖਾਲੜਾ, ਸ਼ਹੀਦ ਪ੍ਰੀਵਾਰ ਤੇ ਪੰਥਕ ਨੇਤਾ ਸ਼ਹੀਦ ਸਿੰਘਾਂ ਨੂੰ ਨਿਮਨ ਕਰਨ ਲਈ ਪਹੁੰਚ ਰਹੇ ਹਨ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ ਹਰਿੰਦਰ ਸਿੰਘ ਸੰਗਤਾਂ ਦੇ ਰੂਬਰੂ ਹੋਕੇ ਸਾਕਾ ਨਕੋਦਰ ਦਾ 39 ਸਾਲਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ। ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਸ ਸ਼ਹੀਦੀ ਸਭਾ ਵਿਚ ਸ਼ਾਮਿਲ ਹੋਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਾਕਾ ਨਕੋਦਰ ਦੇ ਸ਼ਹੀਦ
ਮਿਤੀ 18 ਫ਼ਰਵਰੀ 2025 ਨੂੰ ਸੈਨ ਹੋਜ਼ੇ ਮੇਅਰ ਤੇ ਸਿਟੀ ਕੌਂਸਿਲ ਵਲੋਂ ਸਿਟੀ ਹਾਲ ਸੈਨ ਹੋਜ਼ੇ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ 39ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਵਲੋਂ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਦਿੱਤੀ ਮਾਣਤਾ ਸਿੱਖ ਸੰਗਤਾਂ ਨੂੰ ਸੌਂਪਣਗੇ ਜਿਸ ਵਿੱਚ ਇਲਾਕੇ ਦੇ ਪਤਵੰਤੇ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਖਾਸ ਤੌਰ ਤੇ ਸ਼ਮੂਲੀਅਤ ਕਰਨਗੇ।
Related Topics: Bhai Baldhir Singh, Bhai Harminder Singh, Bhai Jhilman Singh, Bhai Ravinder Singh Littran, Saka Nakodar, Saka Nakodar (4 February 1986), Sikh Martyrs