February 10, 2025 | By ਸਿੱਖ ਸਿਆਸਤ ਬਿਊਰੋ
ਫਰੀਮੌਂਟ (੯ ਫਰਵਰੀ ੨੦੨੫): ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ, ਭਾਈ ਝਿਲਮਣ ਸਿੰਘ ਜੀ, ਭਾਈ ਬਲਧੀਰ ਸਿੰਘ ਜੀ ਅਤੇ ਭਾਈ ਹਰਮਿੰਦਰ ਸਿੰਘ ਜੀ ਦਾ ੩੯ਵਾਂ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦਵਾਰਾ ਸਾਹਿਬ ਫਰੀਮੌਂਟ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਤਸਵੀਰ।
ਇਸ ਸ਼ਹੀਦੀ ਸਮਾਗਮ ਵਿਚ ਬੇਅ ਇਲਾਕੇ ਦੀ ਸੰਗਤ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸ਼ਹੀਦ ਸਿੰਘਾਂ ਨੂੰ ਨਿਮਨ ਕੀਤਾ ਗਿਆ। ਇਸ ਸਾਮਗਮ ਦੌਰਾਨ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਵਲੋਂ ਸ਼ਹੀਦ ਸਿੰਘਾਂ ਦੇ ਜੀਵਨ, ਸਾਕੇ ਬਾਰੇ ਤੇ ਅੱਜ ਅਸੀਂ ਕਿਵੇਂ ਇਨ੍ਹਾਂ ਸ਼ਹਾਦਤਾਂ ਤੋਂ ਸਿੱਖ ਕੇ ਆਪਣੇ ਜੀਵਨ ਅਮਲ ਸਫਲਾ ਕਰ ਸਕਦੇ ਹਾਂ।

ਸ਼ਹੀਦੀ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼
ਇਸ ਮੌਕੇ ਅਮਰੀਕਨ ਕਾਂਗਰਸ ਮੈਂਬਰ ਜਿੰਮੀ ਪਨੇਟਾ ਵਲੋਂ ੬ ਫਰਵਰੀ ੨੦੨੫ ਨੂੰ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯੂ ਐੱਸ ਕਾਂਗਰਸ ਦੇ ਸਦਨ ਵਿਚ ਸ਼ਰਧਾਂਜਲੀ ਦੇਣ ਤੇ ਸਾਕਾ ਨਕੋਦਰ ਦੀ ਨਾਇਨਸਾਫੀ ਤੇ ਪੁਲਿਸ ਵਲੋਂ ਬੇਗੁਨਾਹ ਨਿਹੱਥੇ ਸਿੰਘਾਂ ਦੇ ਕਤਲਾਂ ਦਾ ਮੁੱਦਾ ਅਮਰੀਕੀ ਪ੍ਰਤਿਨਿਧੀ ਸਦਨ ਵਿਚ ਗੰਭੀਰਤਾ ਨਾਲ ਚੁੱਕਣ ਲਈ ਉਨ੍ਹਾਂ ਦਾ ਸਿੱਖ ਕੌਮ ਵਲੋਂ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ੧੦੦ ਸਾਲਾ ਬਰਸੀ ਮੌਕੇ ੨੦੨੧ ਵਿਚ ਅਮਰੀਕਨ ਕਾਂਗਰਸ ਵਲੋਂ ਯੂ ਐੱਸ ਕਾਂਗਰਸ ਦੇ ਸਦਨ ਵਿਚ ਸ਼ਰਧਾਂਜਲੀ ਦਿਤੀ ਸੀ ।

ਸਾਕਾ ਨਕੋਦਰ 1986 ਦੀ ਯਾਦ ਵਿੱਚ ਹੋਏ ਸ਼ਹੀਦੀ ਸਮਾਗਮ ਦੌਰਾਨ ਫਰੀਮਾਂਟ ਗੁਰਦੁਆਰਾ ਸਾਹਿਬ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਸੰਗਤਾਂ ਵਲੋਂ ਕੈਲੀਫੋਰਨੀਆ ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਾਕਾ ਨਕੋਦਰ ਦੇ ੩੮ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰਦਵਾਰਾ ਸਾਹਿਬ ਫਰੀਮੌਂਟ ਵਿਖੇ ਸੰਗਤਾਂ ਤੇ ਸ਼ਹੀਦ ਪਰਿਵਾਰਾਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ ੧੩ ਜੂਨ ੨੦੨੪ ਨੂੰ ਕੈਲੀਫੋਰਨੀਆ ਦੀ ਸੂਬਾ ਅਸੈਂਬਲੀ ਵਿਚ ੪ ਫਰਵਰੀ ਨੂੰ ਹਰ ਸਾਲ ਕੈਲੀਫੋਰਨੀਆ ਸੂਬੇ ਵਿਚ ਸਾਕਾ ਨਕੋਦਰ ਦਿਵਸ ਵਜੋਂ ਮਨਾਉਣ ਦਾ ਮਤਾ ਨੰਬਰ ੯੩ ਸਰਬਸੰਤੀ ਨਾਲ ਪਾਸ ਕਰਵਾਇਆ। ਇਸ ਤੋਂ ਪਹਿਲਾਂ ਡਾ. ਬੈਂਸ ਵਲੋਂ ੧੯੮੪ ਸਿੱਖ ਨਸਲਕੁਸ਼ੀ ਦਾ ਮਤਾ ਵੀ ਕੈਲੀਫੋਰਨੀਆ ਦੀ ਸੂਬਾ ਅਸੈਂਬਲੀ ਵਿਚ ਪਾਸ ਕਰਵਾਇਆ ਜਾ ਚੁੱਕਾ ਹੈ।

ਕੈਲੀਫੋਰਨੀਆ ਦੀ ਸੂਬਾ ਅਸੈਂਬਲੀ ਵਿਚ ੪ ਫਰਵਰੀ ਨੂੰ ਹਰ ਸਾਲ ਕੈਲੀਫੋਰਨੀਆ ਸੂਬੇ ਵਿਚ ਸਾਕਾ ਨਕੋਦਰ ਦਿਵਸ ਵਜੋਂ ਮਨਾਉਣ ਦਾ ਮਤਾ
ਡਾ. ਹਰਿੰਦਰ ਸਿੰਘ ਨੇ ਅਦਾਰਾ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਹੈ ਕਿ ਆਉਂਦੇ ਐਤਵਾਰ (੧੬ ਫਰਵਰੀ ੨੦੨੫ ਨੂੰ) ਗੁਰਦਵਾਰਾ ਸਾਹਿਬ ਸੇਨ ਹੋਜੇ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦਾ ੩੯ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇਸੇ ਤਰ੍ਹਾਂ ੧੮ ਫਰਵਰੀ ੨੦੨੫ ਨੂੰ ਸੇਨ ਹੋਜੇ ਮੇਅਰ ਤੇ ਸਿਟੀ ਕੌਂਸਿਲ ਵਲੋਂ ੪ ਫਰਵਰੀ ੨੦੨੫ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਨਾਉਣ ਸਬੰਧੀ ਘੋਸ਼ਣਾ ਪੱਤਰ ਸੌਂਪਿਆ ਜਾਵੇਗਾ।

ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਸੱਤ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸ਼ਸ਼ੋਭਿਤ ਕੀਤੀਆਂ ਗਈਆਂ
ਅੱਜ ਗੁਰਦਵਾਰਾ ਸਾਹਿਬ ਜੀ ਦੇ ਲੰਗਰ ਹਾਲ ਵਿਚ ਸੱਤ ਸ਼ਹੀਦ ਸਿੰਘਾਂ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ, ਸ਼ਹੀਦ ਭਾਈ ਜੁਗਰਾਜ ਸਿੰਘ, ਭਾਈ ਗੁਰਸਾਹਿਬ ਸਿੰਘ ਚੰਗਿਆੜਾ, ਸ਼ਹੀਦ ਭਾਈ ਬਲਬੀਰ ਸਿੰਘ ਰਾਏਪੁਰ, ਸ਼ਹੀਦ ਭਾਈ ਅਜੀਤਪਾਲ ਸਿੰਘ ਹੁਸ਼ਿਆਰਪੁਰ, ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀਆਂ ਤਸਵੀਰਾਂ ਸ਼ਸ਼ੋਭਿਤ ਕੀਤੀਆਂ ਗਈਆਂ।
ਕਨੇਡਾ ਵਿਚ ਵੀ ਮਨਾਇਆ ਗਿਆ ਸ਼ਹੀਦੀ ਦਿਹਾੜਾ:
ਕੈਨੇਡਾ ਦੇ ਅਲਬਰਟਾ ਸੂਬੇ ਦੇ ਗੁਰਦਵਾਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ, ਵਿਖੇ ਵੀ ਸਾਕਾ ਨਕੋਦਰ ਦੇ ਸ਼ਹੀਦਾਂ ਦਾ ੩੯ਵਾਂ ਸ਼ਹੀਦੀ ਦਿਹਾੜਾ ੯ ਫਰਵਰੀ ੨੦੨੫ ਨੂੰ ਮਨਾਇਆ ਗਿਆ।
Related Topics: Bhai Avtar Singh Khanda, Bhai Baldhir Singh, Bhai Harminder Singh, Bhai Jhilman Singh, Bhai Ravinder Singh, California State Assembly, Human Rights, Saka Nakodar, Saka Nakodar (4 February 1986), Saka Nakodar 1986, Shaheedi Smagam, Sikh Martyrs, Sikh News Canada, Sikhs in America, Sikhs in Canada