December 7, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇਕੱਠ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਹ ਕਹੇ ਜਾਣ ‘ਤੇ ਕਿ ਇਕੱਠ ਲਈ ਇਜਾਜ਼ਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਕੋਲੋਂ ਇਜਾਜ਼ਤ ਲਈ ਜਾਵੇ। ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਪ੍ਰਬੰਧਕਾਂ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਨੇ ਬਠਿੰਡਾ ਦੇ ਡੀ.ਸੀ. ਤੋਂ ਇਜਾਜ਼ਤ ਮੰਗੀ ਹੈ।
ਜ਼ਿਕਰਯੋਗ ਹੈ ਕਿ ਇਹ ਇਕੱਠ ਪਹਿਲਾਂ 10 ਨਵੰਬਰ ਨੂੰ ਹੋਣਾ ਸੀ ਪਰ ਸਥਾਨਕ ਪ੍ਰਸ਼ਾਸਨ ਵਲੋਂ ਇਕੱਠ ਲਈ ਇਜਾਜ਼ਤ ਨਾ ਦੇਣ ਅਤੇ ਪੁਲਿਸ ਵਲੋਂ ਪ੍ਰਬੰਧਕਾਂ / ਸਮਰਥਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਪ੍ਰੋਗਰਾਮ ਟਾਲ ਅੱਗੇ ਪਾ ਦਿੱਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਅਗਲੀ ਵਾਰ ਇਕੱਠ ਲਈ ਇਜਾਜ਼ਤ ਨਹੀਂ ਮੰਗੀ ਜਾਏਗੀ ਪਰ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਫਿਰ ਤੋਂ ਇਜਾਜ਼ਤ ਮੰਗੀ ਗਈ ਹੈ।
ਸੰਵਿਧਾਨ ‘ਚ ਮਿਲੇ ਮੂਲ ਅਧਿਕਾਰਾਂ ਦੀ ਰਾਖੀ ‘ਚ ਹਾਈਕੋਰਟ ਫੇਲ੍ਹ ਹੋਇਆ ਹੈ: ਮਾਨ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਵੀਡੀਓ ਸੰਦੇਸ਼ ‘ਚ ਦੋਸ਼ ਲਾਇਆ ਹੈ ਕਿ (ਭਾਰਤੀ) ਸੰਵਿਧਾਨ ‘ਚ ਮਿਲੇ ਅਧਿਕਾਰਾਂ ਦੀ ਰਾਖੀ ‘ਚ ਹਾਈ ਕੋਰਟ ਫੇਲ੍ਹ ਸਾਬਤ ਹੋਇਆ ਹੈ।
ਬਾਦਲਾਂ ਦੀ ਮੋਗਾ ਰੈਲੀ ਸ਼ਾਂਤੀਪੂਰਨ ਤਰੀਕੇ ਨਾਲ ਰੋਕੀ ਜਾਵੇ: ਸ. ਮਾਨ
ਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਪਹੁੰਚਣ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੋਗਾ ਰੈਲੀ ਦਾ ਬਾਈਕਾਟ ਕਰਨ ਜੋ ਕਿ 8 ਦਸੰਬਰ ਨੂੰ ਹੋਣ ਜਾ ਰਹੀ ਹੈ।
ਦਰਜਣਾਂ ਗ੍ਰਿਫਤਾਰੀਆਂ:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਨਾਲ ਜੁੜੇ ਸਿੱਖ ਕਾਰਜਕਰਤਾਵਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮਿਲੀਆਂ ਰਿਪੋਰਟਾਂ ਮੁਤਾਬਕ ਹੁਣ ਤਕ ਦਰਜਣਾਂ ਗ੍ਰਿਫਤਾਰੀਆਂ ਦੀ ਖ਼ਬਰ ਹੈ।
ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਆਗੂ ਮਹਿੰਦਰਪਾਲ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ 8 ਦਸੰਬਰ ਦੇ ਇਕੱਠ ਦੇ ਸਬੰਧ ‘ਚ ਮਾਨ ਦਲ ਅਤੇ ਪ੍ਰਬੰਧਕਾਂ ਵਿਚੋਂ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਦਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ 12 ਆਗੂਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ, 150 ਦੇ ਕਰੀਬ ਸਿੱਖ ਆਗੂਆਂ ਦੇ ਘਰਾਂ ‘ਤੇ ਛਾਪੇ ਮਾਰੇ ਗਏ ਹਨ।
Related Topics: Badal Dal, Punjab and Haryana High Court, Punjab Government, Punjab Police, Punjab Politics, Sarbat Khalsa 2016, Shiromani Akali Dal Amritsar (Mann), Simranjeet Singh Mann