ਆਮ ਖਬਰਾਂ » ਸਿਆਸੀ ਖਬਰਾਂ

22 ਸਾਲ ਪੁਰਾਣੇ ਮੁਕੱਦਮੇ ‘ਚ ਭਾਈ ਹਵਾਰਾ ਦੇ ਖਿਲਾਫ 1 ਦਸੰਬਰ ਨੂੰ ਸੁਣਵਾਈ ਕਰੇਗੀ ਲੁਧਿਆਣਾ ਦੀ ਅਦਾਲਤ

November 21, 2017 | By

ਲੁਧਿਆਣਾ: ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ‘ਤੇ 22 ਸਾਲ ਪੁਰਾਣੇ, 1995 ਦੇ ਮੁਕੱਦਮੇ ‘ਚ ਲੁਧਿਆਣਾ ਦੀ ਇਕ ਅਦਾਲਤ ਵਿਚ ਕੱਲ੍ਹ (20 ਨਵੰਬਰ, 2017) ਅਦਾਲਤੀ ਕਾਰਵਾਈ ਸ਼ੁਰੂ ਕੀਤੀ ਗਈ। ਇਹ ਮੁਕੱਦਮਾ ਥਾਣਾ ਕੋਤਵਾਲੀ (ਡਿਵੀਜ਼ਨ ਨੰ: 1) ਲੁਧਿਆਣਾ ‘ਚ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਨੰ: 139 ਮਿਤੀ 30/12/1995 ਨੂੰ ਦਰਜ਼ ਕੀਤਾ ਗਿਆ ਸੀ, ਇਸ ਵਿਚ ਪੁਲਿਸ ਨੇ ਏ.ਕੇ.56 ਰਾਈਫਲ ਅਤੇ 50 ਗੋਲੀਆਂ ਦੀ ਬਰਾਮਦੀ ਦਿਖਾਈ ਸੀ।

ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਵਾਰਾ 30/12/1995 ਤੋਂ ਪੁਲਿਸ ਹਿਰਾਸਤ ਵਿਚ ਹਨ।

ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰੇ ਪਰ ਜੇਲ੍ਹ ਅਧਿਕਾਰੀਆਂ ਨੇ ਕਹੀ ਜਾਂਦੇ “ਸੁਰੱਖਿਆ ਕਾਰਨਾਂ” ਨੂੰ ਕਾਰਨ ਦੱਸਦਿਆਂ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ, “ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਦੇ ਸਾਹਮਣੇ ਭਾਈ ਹਵਾਰਾ ਨੂੰ ਪੇਸ਼ ਕਰਨ ਤੋਂ ਆਪਣੀ ਅਸਮਰੱਥਾ ਪ੍ਰਗਟ ਕਰ ਦਿੱਤੀ ਤਾਂ ਅਦਾਲਤ ਨੇ ਸੀਆਰ.ਪੀ.ਸੀ. ਦੀ ਧਾਰਾ 313 ਦੀ ਕਾਰਵਾਈ ਕਰਦਿਆਂ ਆਪਣਾ ਇਕ ਵਿਸ਼ੇਸ਼ ਦੂਤ ਤਿਹਾੜ ਜੇਲ੍ਹ ਭੇਜ ਕੇ ਭਾਈ ਹਵਾਰਾ ਤੋਂ ਅਦਾਲਤ ਵਲੋਂ ਦਿੱਤੇ ਕੁਝ ਲਿਖਤੀ ਸਵਾਲ ਪੁੱਛੇ, ਅਤੇ ਉਨ੍ਹਾਂ ਦਾ ਜਵਾਬ ਲਿਖਤੀ ਤੌਰ ‘ਤੇ ਦਰਜ ਕਰਕੇ ਅਦਾਲਤ ਦੇ ਰਿਕਾਰਡ ਨਾਲ ਕੱਲ੍ਹ (20 ਨਵੰਬਰ, 2017) ਜੋੜਿਆ ਗਿਆ।

ਵਕੀਲ ਮੰਝਪੁਰ ਨੇ ਦੱਸਿਆ, “ਵਰਿੰਦਰ ਕੁਮਾਰ ਜੇ.ਐਮ.ਆਈ.ਸੀ. ਦੀ ਅਦਾਲਤ ਨੇ ਅਦਾਲਤੀ ਕਾਰਵਾਈ ਲਈ ਅਗਲੀ ਤਰੀਕ 1 ਦਸੰਬਰ, 2017 ਤੈਅ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,