ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਬਾਦਲ ਪਰਿਵਾਰ ਦੇ ਨਜ਼ਦੀਕੀ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ

July 19, 2018 | By

ਚੰਡੀਗੜ੍ਹ: ਸਰੋਤਾਂ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਵਿਚ ਬਾਦਲ ਪਰਿਵਾਰ ਦੇ ਨਜ਼ਦੀਕੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਕੋਲਿਆਂਵਾਲੀ ਖਿਲਾਫ ਵਿਜੀਲੈਂਸ ਥਾਣੇ ਵਿੱਚ 1 ਜੁਲਾਈ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਵਿਜੀਲੈਂਸ ਦੀ ਜਾਂਚ ਵਿਚ ਕੋਲਿਆਂਵਾਲੀ ‘ਤੇ ਦੋਸ਼ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਅਤੇ ਸਰਕਾਰੀ ਰੁਤਬੇ ਦੀ ਗਲਤ ਵਰਤੋਂ ਕਰਦਿਆਂ ਉਸ ਨੇ ਜਾਇਦਾਦ ਬਣਾਈ।

ਜਾਂਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਲਿਆਂਵਾਲੀ ਆਪਣੇ ਸਿਆਸੀ ਰੁਤਬੇ ਦੀ ਗਲਤ ਵਰਤੋਂ ਕਰਦਿਆਂ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਮੁਲਾਜ਼ਮਾਂ ਦੇ ਤਬਾਦਲੇ ਕਰਾਉਂਦਾ ਸੀ ਤੇ ਉਸ ਦੇ ਇਵਜ਼ ਵਿਚ ਰਿਸ਼ਵਤ ਲੈਂਦਾ ਸੀ।

ਕੁਝ ਅਖ਼ਬਾਰਾਂ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ 1 ਜੁਲਾਈ ਤੋਂ ਹੀ ਕੋਲਿਆਂਵਾਲੀ ਰੂਪੋਸ਼ ਹੈ ਤੇ ਵਿਜੀਲੈਂਸ ਵਲੋਂ ਕੋਲਿਆਂਵਾਲੀ ਨੂੰ ਫੜ੍ਹਨ ਲਈ ਕਈ ਥਾਵਾਂ ‘ਤੇ ਛਾਪੇ ਮਾਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਕੋਲਿਆਂਵਾਲੀ ਵਲੋਂ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ।

ਕਿਹਾ ਜਾਂਦਾ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਪਿੰਡ ਦੇ ਸਰਪੰਚ ਦੇ ਤੌਰ ‘ਤੇ ਬਾਦਲਾਂ ਦੇ ਸੰਪਰਕ ਵਿਚ ਆਇਆ ਸੀ ਤੇ ਉਸ ਮਗਰੋਂ ਬਾਦਲਾਂ ਦਾ ਥਾਪੜਾ ਮਿਲਣ ਬਾਅਦ ਕੋਲਿਆਂਵਾਲੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣਿਆ ਤੇ ਬਾਦਲਾਂ ਦੇ ਖਾਸ ਨੇੜਲੇ ਬੰਦਿਆਂ ਵਿਚੋਂ ਗਿਣਿਆ ਜਾਣ ਲੱਗਾ।

ਇਸ ਤੋਂ ਪਹਿਲਾਂ ਕੋਲਿਆਂਵਾਲੀ ਸਹਿਕਾਰੀ ਬੈਂਕ ਦਾ 91 ਲੱਖ ਕਰਜ਼ਾ ਨਾ ਮੋੜਨ ਅਤੇ ਕਈ ਲੱਖ ਦਾ ਬਿਜਲੀ ਦਾ ਬਿਲ ਨਾ ਭਰਨ ਦੀਆਂ ਖਬਰਾਂ ਨਾਲ ਵੀ ਸੁਰਖੀਆਂ ਵਿਚ ਰਿਹਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,