July 10, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਵਿਚ ਘਿਰੇ ਹੋਏ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਝੂਠ ਫੜ੍ਹਨ ਵਾਲਾ ਟੈਸਟ (ਪੋਲੀਗ੍ਰਾਫ ਟੈਸਟ) ਕਰਾਉਣ ਲਈ ਕਿਹਾ ਹੈ।

ਸਾਬਕਾ ਐਸਐਸਪੀ ਰਾਜਜੀਤ ਦੀ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਇਕ ਪੁਰਾਣੀ ਤਸਵੀਰ
ਰਾਜਜੀਤ ਬੀਤੇ ਕੱਲ੍ਹ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਇਆ। ਵਿਜੀਲੈਂਸ ਬਿਊਰੋ ਵਲੋਂ ਨਸ਼ਾ ਤਸਕਰੀ ਨਾਲ ਸਬੰਧਿਤ ਤਰਨਤਾਰਨ ਦੇ ਬਰਖਾਸਤ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਸ਼ਮੂਲੀਅਤ ਵਾਲੇ ਇਕ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਰਾਜਜੀਤ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇਕ ਉੱਚ ਅਫਸਰ ਨੇ ਮੀਡੀਆ ਨੂੰ ਦੱਸਿਆ ਕਿ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਨਸ਼ਾ ਤਸਕਰ ਦੀ ਕੀਤੀ ਗਈ ਮਦਦ ਨਾਲ ਸਬੰਧਿਤ ਐਫ.ਆਈ.ਆਰ ਵਿਚ ਰਾਜਜੀਤ ਦਾ ਨਾ ਨਹੀਂ ਹੈ ਪਰ ਉਨ੍ਹਾਂ ਨੂੰ ਜਾਣਕਾਰੀ ਹੈ ਕਿ ਰਾਜਜੀਤ ਸਿੰਘ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਇੰਦਰਜੀਤ ਵਲੋਂ ਨਸ਼ਾ ਤਸਕਰ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਰਾਜਜੀਤ ਨੂੰ ਝੂਠ ਫੜ੍ਹਨ ਵਾਲਾ ਟੈਸਟ ਕਰਾਉਣ ਦੀ ਪੇਸ਼ਕਸ਼ ਕੀਤੀ ਹੈ ਜਿਸ ਬਾਰੇ ਫੈਂਸਲਾ ਕਰਨ ਲਈ ਰਾਜਜੀਤ ਨੇ ਕੁਝ ਸਮਾਂ ਮੰਗਿਆ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਰਾਜਜੀਤ ਵਲੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਦੀਆਂ ਖਬਰਾਂ ਆਉਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਰਾਜਜੀਤ ਖਿਲਾਫ ‘ਲੁਕ ਆਊਟ’ ਨੋਟਿਸ ਜਾਰੀ ਕੀਤਾ ਸੀ।
ਇਸ ਕੇਸ ਵਿਚ ਦਰਜ ਐਫਆਈਆਰ ਮੁਤਾਬਿਕ ਖਰੜ ਸਥਿਤ ਸਰਕਾਰੀ ਜਾਂਚ ਕੇਂਦਰ ਦੇ ਜਾਂਚ ਮੁਲਾਜ਼ਮ ਅਤੇ ਇਸ ਕੇਸ ਵਿਚ ਦੋਸ਼ੀ ਜਗਦੀਪ ਸਿੰਘ ਨੇ ਕਥਿਤ ਤੌਰ ‘ਤੇ ਇੰਦਰਜੀਤ ਸਿੰਘ ਨੂੰ ਰਮਿੰਦਰ ਪਾਲ ਅਤੇ ਪਵਨ ਰਾਹੀਂ 17 ਲੱਖ ਦੀ ਰਿਸ਼ਵਤ ਦਿੱਤੀ ਸੀ। ਇਹ ਰਿਸ਼ਵਤ ਇਹ ਯਕੀਨੀ ਬਣਾਉਣ ਲਈ ਦਿੱਤੀ ਗਈ ਸੀ ਕਿ ਤਰਨਤਾਰਨ ਵਿਚ ਦਰਜ ਐਫਆਈਆਰ ਵਿਚ ਮੁੱਖ ਦੋਸ਼ੀ ਹੋਣ ਦੇ ਬਾਵਜੂਦ ਜਗਦੀਪ ਨੂੰ ਇਸ ਕੇਸ ਵਿਚ ਗਵਾਹ ਬਣਾਇਆ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਿਕ ਐਸਪੀ ਵਿਜੀਲੈਂਸ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਗਦੀਪ ਨੂੰ ਗਵਾਹ ਬਣਾਉਣ ਲਈ ਇੰਦਰਜੀਤ ਸਿੰਘ ਨੂੰ ਰਾਜਜੀਤ ਸਿੰਘ ਨੇ ਸਹਿਮਤੀ ਦੇ ਦਿੱਤੀ ਸੀ।
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਰਾਜਜੀਤ ਨੂੰ ਅਗਲੇ ਹਫਤੇ ਦੁਬਾਰਾ ਪੁੱਛਗਿਛ ਲਈ ਬੁਲਾਉਣਗੇ।
Related Topics: Drug Menace in Punjab, Punjab Vigilance Bureau, SSP Rajjit Singh