ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਜਥੇਦਾਰ ਕਾਉਂਕੇ ਕਤਲ ਕੇਸ ਦੇ ਦੋਸ਼ੀ ਅਫਸਰਾਂ ਖਿਲਾਫ ਸਰਕਾਰ ਤਿਵਾੜੀ ਰਿਪੋਰਟ ਮੁਤਾਬਿਕ ਕਾਰਵਾਈ ਕਰੇ: ਮਾਨ

July 18, 2018 | By

ਫ਼ਤਹਿਗੜ੍ਹ ਸਾਹਿਬ: ਪੰਜਾਬ ਵਿਚ 80-90 ਦੇ ਦਹਾਕੇ ਦੌਰਾਨ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਵਲੋਂ ਝੁਲਾਈ ਗਈ ਸਿੱਖ ਕਤਲੇਆਮ ਦੀ ਹਨੇਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਉੱਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਅਫਸਰਾਂ ਖਿਲਾਫ ਫੌਰੀ ਕਾਰਵਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਕਤਲ ਕੇਸ ਦੀ ਜਾਂਚ ਕਰਕੇ ਤਿਵਾੜੀ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਬਹੁਤ ਪਹਿਲੇ ਪੂਰਨ ਕਰਕੇ ਸਰਕਾਰ ਨੂੰ ਦੇਣ ਦੇ ਬਾਵਜੂਦ ਵੀ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਿਵਾੜੀ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਅਤੇ ਨਾ ਹੀ ਉਸ ਰਿਪੋਰਟ ਮੁਤਾਬਿਕ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ।

ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਦੋਵੇ ਆਗੂ ਸਿੱਖ ਕੌਮ ਦੇ ਕਾਤਲਾਂ ਦੇ ਸਹਿਯੋਗੀ ਹੀ ਸਾਬਤ ਹੁੰਦੇ ਆ ਰਹੇ ਹਨ। ਜਿਸ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।

ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਕੰਵਲਜੀਤ ਸਿੰਘ ਸੰਧੂ, ਗੁਰਦੀਪ ਸਿੰਘ ਇੰਸਪੈਕਟਰ ਅਤੇ ਹੋਰਨਾਂ ਨੇ ਜਥੇਦਾਰ ਸਾਹਿਬ ਉਤੇ ਬਹੁਤ ਹੀ ਅਕਹਿ ਤੇ ਅਸਹਿ ਜ਼ਬਰ-ਜੁਲਮ ਕਰਕੇ ਸ਼ਹੀਦ ਕੀਤਾ ਅਤੇ ਫਿਰ ਸੀ.ਆਈ.ਏ. ਜਗਰਾਉਂ ਵਿਚ ਉਨ੍ਹਾਂ ਦੀ ਲਾਸ਼ ਦੇ ਟੋਟੇ ਕਰਕੇ ਉਨ੍ਹਾਂ ਨੂੰ ਬੋਰੀ ਵਿਚ ਪਾ ਕੇ ਸਤਲੁਜ ਦਰਿਆ ਦੇ ਡੂੰਘੇ ਥਾਂ ਤੇ ਸੁੱਟ ਦਿੱਤਾ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਥੇਦਾਰ ਤਰਲੋਕ ਸਿੰਘ ਡੱਲਾ ਪ੍ਰਧਾਨ ਜਿ਼ਲ੍ਹਾ ਜਗਰਾਉਂ ਜਥੇਦਾਰ ਕਾਉਂਕੇ ਕਤਲ ਕੇਸ ਦੇ ਚਸ਼ਮਦੀਦ ਗਵਾਹ ਅੱਜ ਵੀ ਮੌਜੂਦ ਹਨ।

ਬਿਆਨ ਵਿਚ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਰਹੂਮ ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਐਸ.ਐਸ. ਵਿਰਕ, ਮੁਹੰਮਦ ਮੁਸਤਫਾ, ਕੰਵਲਜੀਤ ਸਿੰਘ ਸੰਧੂ, ਜਰਨਲ ਸੁੰਦਰਜੀ, ਜਰਨਲ ਕੁਲਦੀਪ ਬਰਾੜ ਵਰਗੇ ਸਿੱਖ ਕੌਮ ਦੇ ਕਾਤਲ ਅਫ਼ਸਰਾਂ ਨੂੰ ਆਪਣੇ ਕੀਤੇ ਗਏ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲਾਂ ਦੀ ਬਦੌਲਤ ਨਾ ਤਾਂ ਇਸ ਦੁਨੀਆਂ ਵਿਚ ਅਤੇ ਨਾ ਹੀ ਰੱਬ ਦੀ ਦਰਗਾਹ ਵਿਚ ਕੋਈ ਢੋਈ ਮਿਲਣੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਅਤੇ ਇਨਸਾਫ਼ ਦੇਣ ਲਈ ਸੁਹਿਰਦ ਹੈ ਤਾਂ ਉਨ੍ਹਾਂ ਨੂੰ ਤੁਰੰਤ ਤਿਵਾੜੀ ਰਿਪੋਰਟ ਮੁਤਾਬਿਕ ਕਾਰਵਾਈ ਕਰਕੇ ਕਾਤਲ ਅਫਸਰਸ਼ਾਹੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,