ਖਾਸ ਖਬਰਾਂ

ਕੀ ਜੈਗੂਆਰ ਭਾਰਤੀ ਹਵਾਈ ਸੈਨਾ ਦੇ ਨਵੇਂ ਉੱਡਦੇ ਕਫਨ ਬਣਨ ਜਾ ਰਹੇ ਹਨ?

July 11, 2025 | By

ਚੰਡੀਗੜ੍ਹ: ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਭਨੋਡਾ ਪਿੰਡ ਵਿਚ 9 ਜੁਲਾਈ 2025 ਦੀ ਰਾਤ ਨੂੰ ਇੰਡੀਆ ਦੀ ਹਵਾਈ ਸੈਨਾ ਦਾ ਇਕ ਜੈਗੂਆਰ ਆਈ.ਬੀ.ਟਰੇਨਰ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਦੋ ਚਾਲਕਾਂ ਵਾਲੇ ਇਕ ਲੜਾਕੂ ਜਹਾਜ਼ ਦੇ ਦੋਵੇਂ ਚਾਲਕ (ਪਾਈਲਟ) ਸੁਕਾਰਡਨ ਲੀਡਰ ਲੋਕੇਂਦਰ ਸਿੰਧੂ ਅਤੇ ਫਲਾਈਟ ਲੈਫਟੀਨੈਂਟ ਰਿਸ਼ੀ ਰਾਜ ਸਿੰਘ ਮਾਰੇ ਗਏ। ਜੈਗੂਆਰ ਟਰੇਨਰ ਨੇ ਆਪਣੀ ਇਹ ਆਖਰੀ ਉੜਾਨ ਸੂਰਤਗੜ੍ਹ ਹਵਾਈ ਸੈਨਾ ਅੱਡੇ ਤੋਂ ਭਰੀ ਸੀ।

ਜੈਗੂਆਰ ਦੇ ਹਾਦਸਾਗ੍ਰਸਤ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸਾਲ 2025 ਵਿਚ ਹੁਣ ਤੱਕ ਤਿੰਨ ਜੈਗੂਆਰ ਡਿੱਗ ਚੁੱਕੇ ਹਨ ਜਿਹਨਾ ਵਿਚ ਹਵਾਈ ਸੈਨਾ ਦੇ ਕੁੱਲ ਚਾਰ ਚਾਲਕਾਂ ਦੀ ਮੌਤ ਹੋ ਚੁੱਕੀ ਹੈ।

ਜੈਗੁਆਰ ਲੜਾਕੂ ਜਹਾਜ਼ ਸਾਲ 1979 ਵਿਚ ਇੰਡੀਆ ਦੀ ਹਵਾਈ ਸੈਨਾ ਵਿਚ ਸ਼ਾਮਿਲ ਕੀਤੇ ਗਏ ਸਨ ਤੇ ਇਹਨਾ ਜਹਾਜ਼ਾਂ ਨੇ 2031 ਵਿਚ ਸੈਨਾ ਤੋਂ ਵਿਦਾਇਗੀ ਲੈਣੀ ਹੈ। ਪਰ ਹਾਲੀਆ ਸਾਲਾਂ ਦੌਰਾਨ ਇਹ ਲੜਾਕੂ ਜਹਾਜ਼ ਸਿਖਲਾਈ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

IAF Jaguar Flying Coffins

ਭਾਰਤੀ ਹਵਾਈ ਸੈਨਾ ਦਾ ਜੈਗੂਆਰ ਜਹਾਜ਼

ਪੁਰਾਣੀ ਤਕਨੀਕ ਦੇ ਇਹਨਾ ਜਹਾਜ਼ਾਂ ਵਿਚ ਚਾਲਕ ਦੀ ਕੁਰਸੀ (ਸੀਟ) ਆਪਣੇ ਆਪ ਬਾਹਰ (ਆਟੋ-ਇਜੈਕਟ) ਨਹੀਂ ਨਿੱਕਲਦੀ। ਇਸ ਲਈ ਜੇਕਰ ਹਾਦਸਾ ਹੋਣ ਉੱਤੇ ਚਾਲਕ ਬੇਸੁਰਤ ਹੋਵੇ ਜਾਂ ਵੇਲੇ ਸਿਰ ਆਪਣੀ ਕੁਰਸੀ ਬਾਹਰ ਨਾ ਕੱਢ ਸਕੇ ਤਾਂ ਉਸ ਦੀ ਜਾਨ ਜਾਣ ਦਾ ਖਤਰਾ ਬਹੁਤ ਵਧ ਜਾਂਦਾ ਹੈ।

ਨਵੀਂ ਤਕਨੀਕ ਦੇ ਲੜਾਕੂ ਜਹਾਜ਼ਾਂ ਜਿਵੇਂ ਕਿ ਫਰਾਂਸ ਦੇ ਬਣੇ ਰਾਫੇਲ ਵਿਚ ਚਾਲਕ ਦੀ ਕੁਰਸੀ ਹਾਦਸ਼ੇ ਦੀ ਸੂਰਤ ਵਿਚ ਆਪੇ ਬਾਹਰ ਨਿੱਕਲ ਜਾਂਦੀ ਹੈ। ਇਹੀ ਕਾਰਨ ਹੈ ਕਿ ਇੰਡੀਆ ਪਾਕਿਸਤਾਨ ਦੀਆਂ ਹਵਾਈ ਸੈਨਾਵਾਂ ਵਿਚ 6-7 ਮਈ 2025 ਦੀ ਦਰਮਿਆਨੀ ਰਾਤ ਨੂੰ ਹੋਏ ਟਕਰਾਅ ਦੌਰਾਨ ਭਾਵੇਂ ਭਾਰਤ ਦੇ ਲੜਾਕੂ ਜਹਾਜ਼ ਡਿੱਗੇ ਸਨ ਪਰ ਚਾਲਕ ਸੁਰੱਖਿਅਤ ਪਰਤ ਆਏ ਸਨ।

ਪਹਿਲਾਂ ਭਾਰਤ ਵਿਚ ਮਿੱਗ-21 ਲੜਾਕੂ ਜਹਾਜ਼ਾਂ ਨੂੰ “ਉੱਡਦੇ ਕਫਨ” ਕਿਹਾ ਜਾਂਦਾ ਸੀ ਕਿਉਂਕਿ ਇਹ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਡਿੱਗ ਪੈਂਦੇ ਸਨ ਜਿਸ ਨਾਲ ਕਿ ਚਾਲਕਾਂ ਦੀ ਵੀ ਮੌਤ ਹੋ ਜਾਂਦੀ ਸੀ।

ਹੁਣ ਜੈਗੂਆਰਾਂ ਦੇ ਵਾਰ-ਵਾਰ ਡਿੱਗਣ ਕਰਕੇ ਇਹਨਾ ਨੂੰ “ਉੱਡਦੇ ਕਫਨ” ਦਾ ਨਾਂ ਦਿੱਤਾ ਜਾ ਰਿਹਾ ਹੈ।

ਲੰਘੇ ਦਿਨ (11 ਜੁਲਾਈ) ਨੂੰ ਚੁਰੂ ਵਿਚ ਜੈਗੂਆਰ ਡਿੱਗਣ ਕਾਰਨ ਮਾਰੇ ਗਏ ਸੁਕਾਰਡਨ ਲੀਡਰ ਲੋਕੇਂਦਰ ਸਿੰਧੂ ਦੇ ਅੰਤਿਮ ਸੰਸਾਰ ਵੇਲੇ ਉਸ ਦੇ ਭਰਾ ਨੇ ਕਿਹਾ ਕਿ ਸਰਕਾਰ ਪੁਰਾਣੇ ਹੋ ਚੁੱਕੇ ਲੜਾਕੂ ਜਹਾਜ਼ਾਂ ਨੂੰ ਹਵਾਈ ਸੈਨਾ ਵਿਚੋਂ ਬਾਹਰ ਕਰੇ। ਭਾਵੇਂ ਕਿ ਹਵਾਈ ਸੈਨਾ ਦੇ ਇਸ ਲੜਾਕੂ ਜਹਾਜ਼ ਚਾਲਕ ਦੇ ਸੰਸਕਾਰ ਉੱਤੇ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ ਪਰ ਕੋਈ ਵੀ ਮੰਤਰੀ, ਵਿਧਾਇਕ ਜਾਂ ਸਾਂਸਦ ਸੰਸਕਾਰ ਵਿਚ ਸ਼ਾਮਿਲ ਨਹੀਂ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,