April 14, 2025 | By ਮਲਕੀਤ ਸਿੰਘ ਭਵਾਨੀਗੜ੍ਹ
ਲੋਕਾਂ ਰੱਬ ਨੂੰ ਖੇਡ ਬਣਾ ਲਿਆ
ਮਾਲਾ ਤੇਗ਼ਾ ਬਾਣਾ ਪਾ ਲਿਆ
ਭੇਖ ਦਿਖਾ ਕੇ, ਰੌਲਾ ਪਾ ਕੇ
ਠੀਕਰ ਕੱਠੇ ਕਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।
ਪ੍ਰਿਥਮੇ ਮਨ ਪ੍ਰਬੋਧ ਨਾ ਹੋਇਆ
ਆਪਣਾ ਔਗੁਣ ਸੋਧ ਨਾ ਹੋਇਆ
ਅਚਾਰ ਉਹੀ ਤੇ ਗੱਲ ਬਦਲ ਕੇ
ਨਕਲਚੀ ਨਕਲਾਂ ਕਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।
ਉਮਰਾਂ ਦੀ ਗੱਲ ਛੋਟੀ ਕਰ ਲਈ
ਵਾਲਹੁ ਨਿਕੀ ਮੋਟੀ ਕਰ ਲਈ
ਨਕਲਾਂ ਦੀ ਇਸ ਨੀਂਹ ਦੇ ਉੱਤੇ
ਮਹਿਲ ਅਸਲ ਦਾ ਧਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।
ਜਗਤ ਤਮਾਸ਼ਾ ਲੈ ਕੇ ਬਹਿ ਜੂ
ਹੱਥ ਦੀ ਮੂੰਹ ਨਾਲ ਖੋਲ੍ਹਣੀ ਪੈ ਜੂ
ਦਰਗਾਹੇ ਦਫਤਰ ਲੇਖਾ ਹੋਏਗਾ
ਜਿਹੜੇ ਕਰਮ ਇਹ ਕਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।
ਲੋਗਨ ਰਾਮੁ ਖਿਲਾਉਨਾ ਜਾਨਾਂ।। (ਕਵਿਤਾ ਭਾਗ-2)
Related Topics: Bhai Malkeet Singh Bhawanigarh, Punjabi Movies, Stop Cartoon Movies or Films on Sikh Gurus, Stop Movies On Sikh Guru's