March 10, 2025 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਮਨਮਾਨੀ ਨਾਲ ਜਥੇਦਾਰ ਬਦਲਣ ਬਾਰੇ ਸਿੱਖ ਫੈਡਰੇਸ਼ਨ ਅਮਰੀਕਾ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤਾ ਹੈ। ਇਹ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝੀ ਕੀਤੀ ਜਾ ਰਹੀ ਹੈ:

ਸਿੱਖ ਫੈਡਰੇਸ਼ਨ ਅਮਰੀਕਾ
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸੁਖਬੀਰ ਬਾਦਲ ਦੇ ਆਦੇਸ਼ ਤੇ ਸੇਵਾ ਮੁਕਤ ਕਰਦਿਆਂ ਇਕ ਵਾਰ ਫੇਰ ਇਹ ਸਿੱਧ ਕੀਤਾ ਹੈ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਇਕ ਵਿਅਕਤੀ ਦੇ ਇਸ਼ਾਰੇ ਤੇ ਹੀ ਚਲਦੀ ਹੈ। ਇਸ ਤਰਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਤੇ ਨਾ ਹੀ ਆਖਰੀ ਵਾਰ ਹੋ ਰਿਹਾ ਹੈ। ਇਸ ਸਮਸਿਆ ਦੀ ਜੜ ਇਸ ਮੌਜੂਦਾ ਸਿਸਟਮ ਵਿਚ ਹੈ ਜੋ ਕਿ ਜਾਹਿਰਾ ਰੂਪ ਵਿਚ ਸਰਕਾਰੀ ਜਕੜ ਹੇਠ ਹੈ ਅਤੇ ਉਸ ਤੋਂ ਬਾਦ ਸਰਕਾਰੀ ਚਹੇਤੇ ਹੰਕਾਰੀ ਬਾਦਲ ਪਰਿਵਾਰ ਦੇ ਕਬਜਾਧਾਰੀ ਹੋਣ ਵਿਚ ਹੈ। ਅਸਲ ਵਿਚ ਗੁਰਦੁਆਰਾ ਐਕਟ ਅਧੀਨ ਹੁੰਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਧੀ ਜੋ ਕਿ ਕਦੇ ਵੀ ਪੂਰਨ ਰੂਪ ਵਿਚ ਅਪਣਾਈ ਹੀ ਨਹੀਂ ਗਈ, ਸਿੱਖ ਪੰਥ ਦੇ ਕਿਸੇ ਪਰੰਪਰਾਗਤ ਜਾ ਸਿਧਾਂਤਕ ਪ੍ਰਗਟਾਅ ਵਿਚੋਂ ਨਹੀਂ ਆਈ। ਇਸ ਸ਼੍ਰੋਮਣੀ ਕਮੇਟੀ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਅਤੇ ਵਕਾਰੀ ਸੰਸਥਾ ਦੇ ਕਾਰਜ ਖੇਤਰ ਨੂੰ ਕੰਟਰੋਲ ਕਰਨ ਹਿੱਤ ਵਰਤਿਆ ਜਾਂਦਾ ਹੈ। ਜਦ ਕਿ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਿਰੋਲ ਸਿੱਖੀ ਚੜ੍ਹਤ ਅਤੇ ਪਰੰਪਰਾ ਵਿੱਚੋ ਨਿੱਤਰ ਕੇ, ਸਰਬਸਾਂਝੀ ਰਾਇ ਨਾਲ ਸਤਿਕਾਰਿਤ ਹਸਤੀ ਦੇ ਰੂਪ ਵਿਚ ਪ੍ਰਵਾਣ ਹੋਣਾ ਚਾਹੀਦਾ ਹੈ। ਮੌਜੂਦਾ ਦੌਰ ਦੇ ਦੁਖਾਂਤ ਦਾ ਇਕ ਦੁਖਦ ਪਹਿਲੂ ਇਹ ਵੀ ਹੈ ਕਿ ਅਸੀਂ ਹਰ ਧਾਰਮਿਕ ਮਸਲੇ ਦਾ ਹਲ ਚੋਣਾਂ ਜਾ ਪੱਛਮੀ ਪ੍ਰਭਾਵ ਹੇਠ ਉਸਰੀਆਂ ਸੰਸਥਾਵਾਂ ਵਿੱਚੋ ਦੇਖਣ ਦਾ ਯਤਨ ਕਰਦੇ ਹਾਂ।
ਸਿੱਖ ਪੰਥ ਦੇ ਇਸ ਵਕਾਰੀ ਅਹੁਦੇ ਦੀ ਹੋ ਰਹੀ ਖੁਆਰੀ ਦਾ ਹਲ ਸਾਡੇ ਗੁਰੂ ਸਾਹਿਬਾਨ ਵਲੋਂ ਸਿਰਜੀਆਂ ਖਾਲਸਾ ਪੰਥ ਦੀਆ ਉੱਜਵਲ ਅਤੇ ਪਵਿੱਤਰ ਧਾਰਮਿਕ, ਰੂਹਾਨੀ ਅਤੇ ਸਮਾਜਿਕ ਪਰੰਪਰਾਵਾ ਵਿਚ ਮੌਜੂਦ ਹੈ ਤੇ ਅਜੋਕੇ ਸਮੇ ਦੌਰਾਨ ਇਹਨਾਂ ਨੂੰ ਅਮਲ ਵਿਚ ਲੈ ਕੇ ਆਉਣ ਤੋਂ ਇਲਾਵਾ ਹੋਰ ਕੋਈ ਹਲ ਨਜਰੀ ਨਹੀਂ ਪੈਂਦਾ। ਇਸ ਲਈ ਜਿਥੇ ਸਿੱਖਾਂ ਨੂੰ ਅਪਣੇ ਕਿਰਦਾਰ ਨੂੰ ਪੁਰਾਤਨ ਸਿੱਖਾਂ ਦੇ ਗੁਰੂ ਰੰਗ ਵਿਚ ਰੰਗੇ ਕਿਰਦਾਰਾਂ ਵਾਂਗ ਘੜਨ ਦੀ ਜਰੂਰਤ ਹੈ ਉਥੇ ਨਾਲ ਹੀ ਸਾਨੂੰ ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ ਖਾਲਸਾਈ ਵਿਧੀ ਵਿਧਾਨ ਵੱਲ ਮੋੜਾ ਕੱਟਣ ਦੀ ਵੀ ਜਰੂਰਤ ਹੈ ਤਾਂ ਹੀ ਅਸੀਂ ਆਪਣੀਆ ਸੰਸਥਾਵਾਂ ਦੇ ਅਸਲ ਖਾਲਸਾਈ ਸਰੂਪ ਨੂੰ ਮੌਜੂਦਾ ਸਮੇ ਵਿਚ ਪ੍ਰਗਟ ਕਰ ਸਕਾਂਗੇ। ਇਸ ਕਾਰਜ ਨੂੰ ਨੇਪਰੇ ਚਾੜਨ ਲਈ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਹਿੱਤ ਗੁਰੂ ਆਸ਼ੇ ਅਨੁਸਾਰ ਸਿਰ ਜੋੜ ਕੇ ਬੈਠਣ ਦੀ ਸਖ਼ਤ ਲੋੜ ਹੈ।
ਸਬੰਧਤ ਵੀਡੀਓ ਵੇਖੋ — ਤਖਤ ਸਾਹਿਬਾਨ ਅਤੇ ਜਥੇਦਾਰੀ ਦੇ ਮਾਣ ਦੇ ਘਾਣ ਦਾ ਮਸਲਾ: ਵਧ ਰਹੇ ਖਿੰਡਾਓ ਦਾ ਹੱਲ ਕਿਵੇਂ ਹੋਵੇ? ਭਾਈ ਮਨਧੀਰ ਸਿੰਘ
Related Topics: Akal Takht Jathedar, Akal Takht Sahib, Giani Harpreet Singh, Jathedar Akal Takhat Sahib, Jathedars Giani Raghbir Singh, Shiromani Akali Dal (Badal), Shiromani Gurdwara Parbandhak Committee (SGPC), Sikh Federation America, Sikh News, Sikhs in America, Sukhbir Badal