January 25, 2025 | By ਪਰਮਜੀਤ ਸਿੰਘ ਗਾਜ਼ੀ
1) ਬੀਤੇ ਸਮੇਂ ਵਿਚ ਸਿੱਖ ਧਾਰਮਿਕ ਤੇ ਇਤਿਹਾਸਕ ਜੋੜ-ਮੇਲਾਂ ਵਿਚ ਸਿੱਖੀ ਰੰਗਤ ਦੀ ਥਾਂ ਦੁਨਿਆਵੀ ਰੰਗ-ਤਮਾਸ਼ਿਆਂ ਦਾ ਪ੍ਰਭਾਵ ਵਧਣ ਕਰਕੇ ਇਹਨਾ ਜੋੜ-ਮੇਲਾਂ ਦੇ ਮਹੌਲ ਵਿਚ ਵਿਗਾੜ ਆਏ ਹਨ।
2) ਇਸ ਵਿਗੜੇ ਮਹੌਲ ਦਾ ਹੀ ਨਤੀਜਾ ਇਹ ਸੀ ਕਿ ਦੋ ਸਾਲ ਪਹਿਲਾਂ ਹੋਲੇ-ਮਹੱਲੇ ਮੌਕੇ ਹੁੜਦੰਗਬਾਜ਼ਾਂ ਨੇ ਨਿਹੰਗ ਸਿੰਘ ਬਾਣੇ ਵਾਲੇ ਇਕ ਸਿੱਖ ਨੌਜਵਾਨ ਦਾ ਕਲਤ ਕਰ ਦਿੱਤਾ ਸੀ।
3) ਦੋ ਕੁ ਦਹਾਕੇ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਝੂਟੇ, ਚੰਡੋਲ ਤੇ ਨਾਚ-ਗਾਣੇ (ਆਰਕੈਸਟਰੇ) ਲੱਗਣੇ ਸ਼ੁਰੂ ਹੋ ਗਏ ਸਨ। ਉਹ ਤਾਂ ਭਲਾ ਹੋਵੇ ਉਸ ਡੀ.ਸੀ. ਦਾ ਜਿਸ ਨੇ ਵੇਲੇ ਸਿਰ ਫੈਸਲਾ ਲੈ ਕੇ ਸ਼ਹੀਦੀ ਸਭਾ ਵਿਚ
ਝੂਟੇ, ਚੰਡੋਲ, ਨਾਚ-ਗਾਣੇ ਤੇ ਵਾਜੇ-ਪੀਪਣੀਆਂ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ ਸੀ।
4) ਉਕਤ ਫੈਸਲੇ ਦਾ ਹੀ ਨਤੀਜਾ ਹੈ ਕਿ ਅੱਜ ਫਤਿਹਗੜ੍ਹ ਸਾਹਿਬ ਦੇ ਜੋੜ-ਮੇਲ ਦਾ ਮਹੌਲ ਬਾਕੀ ਜੋੜ-ਮੇਲਾਂ ਦੇ ਮੁਕਾਬਲੇ ਵੱਧ ਠੀਕ ਹੈ। ਪਰ ਇਥੇ ਵੀ ਹੁਣ ਦੁਕਾਨਾਂ ਤੇ ਲੰਗਰਾਂ ਦੇ ਸਪੀਕਰਾਂ ਦੇ ਹੋਕਿਆਂ ਦਾ ਸ਼ੋਰ ਹੁੰਦਾ ਸੀ ਜਿਸ ਕਰਕੇ ਵਾਰ
ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨੇ ਲੰਗਰਾਂ ਤੇ ਦੁਕਾਨਾਂ ਦੇ ਸਪੀਕਰਾਂ ਉੱਤੇ ਵੀ ਰੋਕ ਲਗਾ ਦਿੱਤੀ ਸੀ। ਇਸ ਲਈ ਲੰਘੇ ਮਹੀਨੇ ਹੋਈ ਸ਼ਹੀਦੀ ਸਭਾ ਵਿਚ ਪਿਛਲੇ ਰੌਲਾ-ਰੱਪਾ ਬਹੁਤ ਘਟ ਗਿਆ ਸੀ ਤੇ ਮਹੌਲ ਵਿਚ ਪਹਿਲਾਂ ਨਾਲੋਂ ਸੁਧਾਰ ਸੀ।
5) ਇਸੇ ਤਰ੍ਹਾਂ ਬੀਤੇ ਸਾਲ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਵਿਚ ਗੁਰਦੁਆਰਾ ਸਾਹਿਬਾਨ ਦੀ ਹਦੂਦ ਵਿਚ ਝੂਟੇ, ਚੰਡੋਲ, ਰੰਗ-ਤਮਾਸ਼ੇ ਤੇ ਗੁਰਮਤਿ ਤੋਂ ਉਲਟ ਸਮਾਨ ਦੀ ਵਿਕਰ ਅਤੇ ਟਰੈਕਟਰਾਂ ਦੇ ਡੈਕਾਂ ਤੇ ਲੰਗਰਾਂ ਦੇ ਸਪੀਕਰਾਂ ਉੱਤੇ ਰੋਕ ਸੀ। ਜਿਸ ਕਰਕੇ ਜੋੜ ਮੇਲੇ ਦਾ ਮਹੌਲ ਬਹੁਤ ਵਧੀਆ ਸੀ।
6) ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੇ ਸੰਬੰਧ ਵਿਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਸੁਧਾਰ ਦੇ ਇਹ ਫੈਸਲੇ ਸਥਾਨਕ ਸੰਗਤਾਂ, ਲੰਗਰਾਂ ਦੇ ਪ੍ਰਬੰਧਕਾਂ, ਜੋੜ-ਮੇਲ ਦੇ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਕੀਤੇ ਸਨ।
7) ਅਫਸੋਸ ਦੀ ਗੱਲ ਹੈ ਕਿ ਇਸ ਵਾਰ ਚੰਡੋਲ, ਝੂਟੇ ਤੇ ਦੁਨਿਆਵੀ ਰੰਗ-ਤਮਾਸ਼ਿਆਂ ਦੇ ਸਮਾਨ ਵਾਲੀਆਂ ਦੁਕਾਨਾਂ ਲਾਉਣ ਵਾਲੇ ਪੁਲਿਸ ਤੇ ਪ੍ਰਸ਼ਾਸਨ ਦੇ ਜੋਰ ਨਾਲ ਜੋੜ-ਮੇਲੇ ਦਾ ਮਹੌਲ ਮੁੜ ਰੌਲੇ-ਰੱਪੇ ਵਾਲਾ ਤੇ ਸਿੱਖੀ ਭੈ-ਭਾਵਨੀ ਤੋਂ ਉਲਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
8.) ਪੁਲਿਸ ਪ੍ਰਸ਼ਾਸਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਜੋੜ-ਮੇਲ ਦੇ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਕੀਤੇ ਸਹੀ ਫੈਸਲਿਆਂ ਦੇ ਉਲਟ ਜੋੜ-ਮੇਲ ਦਾ ਮਹੌਲ ਵਿਗਾੜਨ ਵਾਲੀਆਂ ਕਾਰਵਾਈਆਂ ਵਿਚ ਬਿਲਕੁਲ ਵੀ ਸ਼ਾਮਿਲ ਨਾ ਹੋਣ।
9) ਸਗੋਂ ਚਾਹੀਦਾ ਤਾਂ ਇਹ ਹੈ ਕਿ ਸੰਗਰੂਰ ਪ੍ਰਸ਼ਾਸਨ ਤੇ ਪੁਲਿਸ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਦੇ ਸ਼ਹੀਦੀ ਸਭਾ ਨੂੰ ਰੌਲੇ-ਰੱਪੇ ਤੇ ਦੁਨਿਆਵੀ ਰੰਗ ਤਮਾਸ਼ਿਆਂ ਤੋਂ ਮੁਕਤ ਕਰਨ ਵਾਲੇ ਫੈਸਲਿਆਂ ਤੋਂ ਸੇਧ ਲਵੇ ਅਤੇ ਮਸਤੂਆਣਾ ਸਾਹਿਬ ਵਿਖੇ ਇਸ ਪਾਸੇ ਉੱਦਮ ਕਰ ਰਹੇ ਪ੍ਰਬੰਧਕਾਂ ਤੇ ਸੰਗਤਾਂ ਦਾ ਸਹੋਯੋਗ ਕਰੇ।
10) ਜੇਕਰ ਜੋੜ-ਮੇਲੇ ਦਾ ਮਹੌਲ ਮੁੜ ਰੰਗ-ਤਮਾਸ਼ਿਆਂ ਤੇ ਰੌਲੇ-ਰੱਪੇ ਵਾਲਾ ਬਣਦਾ ਹੈ ਅਤੇ ਇਥੇ ਵੀ ਹੋਲੇ-ਮਹੱਲੇ ਮੌਕੇ ਦੋ ਸਾਲ ਪਹਿਲਾਂ ਵਾਪਰੀ ਮੰਦ-ਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਕੀ ਸੰਗਰੂਰ ਪੁਲਿਸ ਤੇ ਪ੍ਰਸ਼ਾਸਨ ਇਸ ਦੀ ਜਿੰਮੇਵਾਰੀ ਕਬੂਲ ਕਰਨਗੇ? ਸੋ, ਸਹੀ ਕੰਮ ਵਿਚ ਸਾਥ ਦਿਓ, ਅੜਿੱਕੇ ਨਾ ਡਾਹੋ।
11) ਜੋੜ-ਮੇਲੇ ਦੇ ਪ੍ਰਬੰਧਕਾਂ ਤੇ ਸੰਗਤਾਂ ਨੂੰ ਆਪਣੇ ਕੀਤੇ ਸਹੀ ਫੈਸਲਿਆਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਮਸਤੂਆਣਾ ਸਾਹਿਬ ਦੇ ਜੋੜ ਮੇਲ ਦੇ ਮਹੌਲ ਵਿਚ ਕੀਤੇ ਜਾ ਰਹੇ ਸੁਧਾਰ ਸਾਰੇ ਸੰਸਾਰ ਦੇ ਸਿੱਖਾਂ ਲਈ ਮਿਸਾਲ ਬਣਨਗੇ।
12) ਸਾਰੀਆਂ ਸੰਗਤਾਂ ਨੂੰ ਮਸਤੂਆਣਾ ਸਾਹਿਬ ਦੇ ਜੋੜ-ਮੇਲ ਦੇ ਮਹੌਲ ਵਿਚ ਸੁਧਾਰ ਲਿਆਉਣ ਦਾ ਯਤਨ ਕਰ ਰਹੀਆਂ ਸੰਗਤਾਂ ਅਤੇ ਜੋੜ-ਮੇਲੇ ਦੇ ਪ੍ਰਬੰਧਕਾਂ ਦਾ ਸਾਥ ਦੇਣਾ ਚਾਹੀਦਾ ਹੈ।
13) ਸੱਚੇ ਪਾਤਿਸ਼ਾਹ ਇਹ ਸੁਚੱਜਾ ਉੱਦਮ ਕਰਨ ਵਾਲੇ ਜੀਆਂ ਦੀ ਪਿੱਠ ਉੱਤੇ ਮਿਹਰ ਭਰਿਆ ਹੱਥ ਰੱਖਣ ਦੇ ਇਸ ਉੱਦਮ ਨੂੰ ਕਾਮਯਾਬੀ ਬਖਸ਼ਣ।
ਭੁੱਲਚੁੱਕ ਦੀ ਖਿਮਾ,
ਪਰਮਜੀਤ ਸਿੰਘ ਗਾਜ਼ੀ
Related Topics: Mastuana, Mastuana Sahib Jor Mela, Parmjeet Singh Gazi (editor of Sikh Siyasat News), Sant Atar Singh Mastuana, Sikh Jatha Malwa