October 6, 2015 | By ਤਲਵਿੰਦਰ ਸਿੰਘ ਬੁੱਟਰ
ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ‘ਤੇ ਅੱਜ ਇਕ ਨਿਹੰਗ ਸਿੰਘ ਨੌਜਵਾਨ ਨੇ ਕਿਰਚ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਗਿਆਨੀ ਮੱਲ ਸਿੰਘ ਦੇ ਸੱਜੇ ਪੱਟ ‘ਤੇ ਡੂੰਘੀ ਸੱਟ ਲੱਗੀ ਹੈ। ਹਮਲਾਵਰ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੌਕੋਕੇ ਦੇ ਜੋਗਾ ਸਿੰਘ (25) ਪੁੱਤਰ ਗੁਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਆਰਜੀ ਅਖੰਡ ਪਾਠੀ ਹੈ। ਦੱਸਿਆ ਜਾਂਦਾ ਹੈ ਕਿ ਹਮਲਾਵਰ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਦੇ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਤੋਂ ਬਾਅਦ ਭਾਵਨਾਤਮਕ ਤੌਰ ‘ਤੇ ਭਾਰੀ ਦੁਖੀ ਸੀ।
ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਘਟਨਾ ਅੱਜ ਕਰੀਬ 12 ਕੁ ਵਜੇ ਉਦੋਂ ਵਾਪਰੀ ਜਦੋਂ ਜਥੇਦਾਰ ਗਿਆਨੀ ਮੱਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਨਿਯੁਕਤ ਹੋਏ ਮੈਨੇਜਰ ਸ. ਰੇਸਮ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਕਰਕੇ ਵਾਪਸ ਆ ਰਹੇ ਸਨ ਤਦ ਜਥੇਦਾਰ ਦੀ ਰਿਹਾਇਸ਼ ਦੇ ਨੇੜੇ ਨਾਲ ਹੀ ਆ ਰਹੇ ਇਕ ਨੌਜਵਾਨ ਨੇ ਜਥੇਦਾਰ ਨੂੰ ਫ਼ਤਹਿ ਬੁਲਾਉਂਦਿਆਂ ਇਕ ਤੇਜ਼ਧਾਰ ਕਿਰਚ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ, ਜੋ ਕਿ ਜਥੇਦਾਰ ਦੇ ਸੱਜੇ ਪੱਟ ‘ਤੇ ਪਿਛਲੇ ਪਾਸੇ ਵੱਜੀ।

ਜਥੇਦਾਰ ਗਿਆਨੀ ਮੱਲ ਸਿੰਘ ‘ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਇਨੋਵਾ ਗੱਡੀ ‘ਚ ਬਿਠਾ ਕੇ ਪੁਲਿਸ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਮਲੇ ਵਲੋਂ ਕੱਪੜੇ ਨਾਲ ਢੱਕ ਕੇ ਕਿਸੇ ਅਣਦੱਸੀ ਥਾਂ ਵੱਲ ਲਿਜਾਏ ਜਾਣ ਦਾ ਦ੍ਰਿਸ਼।
ਹਮਲੇ ਦੇ ਪ੍ਰਤੱਖ ਦਰਸ਼ੀਆਂ ਅਨੁਸਾਰ ਹਮਲੇ ਦੌਰਾਨ ਜਥੇਦਾਰ ਗਿਆਨੀ ਮੱਲ ਸਿੰਘ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਹੌਲਦਾਰ ਹਰਿੰਦਰਜੀਤ ਸਿੰਘ ਨੇ ਹਮਲਾਵਰ ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ ਅਤੇ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ ਦੇ ਅੰਦਰ ਲੈ ਗਿਆ। ਇਸ ਮੌਕੇ ਉਸ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਰੇਸ਼ਮ ਸਿੰਘ, ਜਥੇਦਾਰ ਦਾ ਪੁੱਤਰ ਅਮਨਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਸਨ।
ਜਥੇਦਾਰ ਦੀ ਰਿਹਾਇਸ਼ ਦੇ ਅੰਦਰ ਲਿਜਾ ਕੇ ਹਮਲਾਵਰ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੁਲਿਸ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਅਮਲਾ ਉਕਤ ਹਮਲਾਵਰ ਨੂੰ ਜਥੇਦਾਰ ਦੀ ਰਿਹਾਇਸ਼ ਦੇ ਬਾਹਰ ਇਕੱਤਰ ਮੀਡੀਆ ਕਰਮੀਆਂ ਤੋਂ ਬਚਾਅ ਕੇ ਅੰਦਰਲੇ ਇਕ ਰਸਤੇ ਰਾਹੀਂ ਇਨੋਵਾ ਗੱਡੀ ਵਿਚ ਬਿਠਾ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਏ।
ਹਮਲਾਵਰ ਨੂੰ ਲਿਜਾਉਣ ਵਾਲੀ ਗੱਡੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੀ ਜਿਸ ‘ਚ ਸਥਾਨਕ ਪੁਲਿਸ ਚੌਂਕੀ ਇੰਚਾਰਜ ਗੁਰਮੁਖ ਸਿੰਘ ਅਤੇ ਕੁਝ ਹੋਰ ਪੁਲਿਸ ਕਰਮਚਾਰੀ ਬੈਠੇ ਸਨ ਅਤੇ ਹਮਲਾਵਰ ਨੌਜਵਾਨ ਨੂੰ ਕੱਪੜਾ ਪਾ ਕੇ ਢੱਕਿਆ ਹੋਇਆ ਸੀ। ਪੁਲਿਸ ਵਲੋਂ ਹਮਲਾਵਰ ਨੌਜਵਾਨ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
Related Topics: Giani Mal Singh