October 3, 2017 | By ਸਿੱਖ ਸਿਆਸਤ ਬਿਊਰੋ
ਬਟਾਲਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁੱਚਾ ਸਿੰਘ ਲੰਗਾਹ ਮਾਮਲੇ ’ਤੇ ਕਿਹਾ ਕਿ ਜਦੋਂ ਪਾਰਟੀ ਨੂੰ ਲੰਗਾਹ ਦੇ ‘ਕਾਰਿਆਂ’ ਦਾ ਪਤਾ ਲੱਗਿਆ ਤਾਂ ਉਸੇ ਵੇਲੇ ਉਸਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਬਾਦਲ ਨੇ ਪਿੰਡ ਭਾਗੋਵਾਲ ਵਿੱਚ ਚੋਣ ਰੈਲੀ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਪਣੇ ਹਮਾਇਤੀਆਂ ਨੂੰ ਸੰਬੋਧਨ ਕੀਤਾ।

ਗੁਰਦਾਸਪੁਰ ਜ਼ਿਮਨੀ ਚੋਣ: ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਸਬਾ ਅਲੀਵਾਲ ਵਿੱਚ ਰੈਲੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ, ਕੀ ਉਹ ਆਪਣਾ ਬਾਕੀ ਸਿਆਸੀ ਜੀਵਨ ਗੁਰਦਾਸਪੁਰ ਵਿੱਚ ਗੁਜ਼ਾਰਨਗੇ? ਬਟਾਲਾ ਨੇੜਲੇ ਪਿੰਡ ਭਾਗੋਵਾਲ, ਘਣੀਆਂ-ਕੇ-ਬਾਂਗਰ ਤੇ ਵੀਲਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਨੂੰ ਰਗੜੇ ਲਾਏ ਤੇ ਕਿਹਾ ਕਿ ਕਾਂਗਰਸ, ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕਰ ਸਕੀ ਹੈ।
ਸੁਖਬੀਰ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਚੋਣ ਵਾਅਦੇ ਮੁਤਾਬਕ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਨਹੀਂ ਕੀਤਾ। ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ 6 ਮਹੀਨਿਆਂ ਦੌਰਾਨ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਇਸ ਮੌਕੇ ਬਿਕਰਮ ਮਜੀਠੀਆ ਨੇ ਸੁਨੀਲ ਜਾਖੜ ਬਾਰੇ ਕਿਹਾ ਕਿ ਹੋਰਾਂ ਮੁੱਦਿਆਂ ਉੱਤੇ ਬਹਿਸ ਲਈ ਸੱਦਾ ਦੇਣ ਤੋਂ ਪਹਿਲਾਂ ਉਹ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਬਹਿਸ ਕਰਨ, ਜਿਸ ਨੇ ਉਨ੍ਹਾਂ ਨੂੰ ਆਪਣੇ ਹਲਕੇ ਅਬੋਹਰ ਤੋਂ ਹਰਾਇਆ। ਇਸ ਮੌਕੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਨੂੰ ਗੁਰਦਾਸਪੁਰ ਦੇ 15 ਲੱਖ ਲੋਕਾਂ ਵਿੱਚੋਂ ਇੱਕ ਯੋਗ ਉਮੀਦਵਾਰ ਨਹੀਂ ਲੱਭਿਆ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਿਕੰਦਰ ਸਿੰਘ ਮਲੂਕਾ, ਨਿਰਮਲ ਸਿੰਘ ਕਾਹਲੋਂ ਤੇ ਵਿਧਾਇਕ ਅਰੁਣ ਨਾਰੰਗ ਵੀ ਹਾਜ਼ਰ ਸਨ।
ਸਬੰਧਤ ਖ਼ਬਰ:
ਲੰਗਾਹ ਮਾਮਲਾ: ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰਾਂ ਦੀ ਇਕੱਤਰਤਾ 5 ਅਕਤੂਬਰ ਨੂੰ ਸੱਦੀ …
Related Topics: Badal Dal, BJP, Corruption in Gurdwara Management, Gurdaspur By Election 2017, Punjab Politics, Sukhbir Badal, Swaran Salaria