May 10, 2016 | By ਸਿੱਖ ਸਿਆਸਤ ਬਿਊਰੋ
ਤਰਨਤਾਰਨ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੀ ਮੀਟਿੰਗ ਸਥਾਨਕ ਬਚੜੇ ਮੋੜ ਗੋਇੰਦਵਾਲ ਬਾਈਪਾਸ, ਤਰਨਤਾਰਨ ਵਿਖੇ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਨੌਜਵਾਨਾਂ ਨੂੰ ਵੱਖ-ਵੱਖ ਵਿਿਸ਼ਆਂ ’ਤੇ ਜਾਣਕਾਰੀ ਦਿੰਦੇ ਹੋਏ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਇਹ ਹਮਲਾ ਕਿਸੇ ਇਕ ਪਾਰਟੀ ਨੇ ਨਹੀਂ ਬਲਕਿ ਸਮੁੱਚੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ, ਜਿਸ ਦੀ ਅਗਵਾਈ ਇੰਦਰਾ ਗਾਂਧੀ ਨੇ ਕੀਤੀ ਸੀ ਅਤੇ ਸਮਰਥਨ ਭਾਜਪਾ, ਆਰ.ਐਸ.ਐਸ. ਅਤੇ ਕਾਮਰੇਡ ਜਥੇਬੰਦੀਆਂ ਨੇ ਕੀਤਾ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਅਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹੋਈਆਂ ਹਨ।

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਅਤੇ ਮੀਟਿੰਗ ਵਿਚ ਸ਼ਾਮਲ ਮੈਂਬਰ
ਭਾਈ ਗੋਪਾਲਾ ਨੇ ਕਿਹਾ ਕਿ ਆਪਣੀ ਸਟੇਟ ਬਣਾਉਣ ਦੀ ਤਾਂਘ ਸਿੱਖ ਮਾਨਸਿਕਤਾ ਦਾ ਹਮੇਸ਼ਾ ਹਿੱਸਾ ਰਹੀ ਹੈ ਅਤੇ ਅਸੀਂ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਨੌਜਵਾਨਾਂ ਨੂੰ ਅਹਿਸਾਸ ਕਰਵਾਉਂਦੇ ਰਹਾਂਗੇ ਕਿ ਅਸੀਂ ਭਾਰਤ ਅੰਦਰ ਗ਼ੁਲਾਮ ਹਾਂ ਤੇ ਅਸੀਂ ਅਜ਼ਾਦ ਹੋਣਾ ਹੈ। ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਦਿਨੋ ਦਿਨ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਕਰਕੇ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਹੈ। ਗ਼ੈਰ ਕਾਨੂੰਨੀ ਤਰੀਕੇ ਨਾਲ ਲੁਟਾਏ ਜਾ ਰਹੇ ਪਾਣੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਨੌਜਵਾਨੋ ਹਾਲਾਤ ਇਥੋਂ ਤਕ ਪਹੁੰਚ ਗਏ ਹਨ ਕਿ ਹੁਣ ਤਾਂ ਹਰ ਦਿਨ ਪੰਜਾਬ ਉੱਤੇ ਸਿੱਖੀ ਅਤੇ ਸਿੱਖਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਮੀਡੀਆ ਵਲੋਂ ਸਿੱਖਾਂ ਨੂੰ ਅੱਤਵਾਦੀ ਪ੍ਰਚਾਰਨਾ, ਮੰਡੀਆਂ ’ਚ ਰੁਲ ਰਹੇ ਅਨਾਜ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਪਤਿਤਪੁਣੇ ਸਮੇਤ ਸਾਡੇ ਗੱਭਰੂ ਨਸ਼ਿਆਂ ਦੇ ਸ਼ਿਕਾਰ, ਅਧਿਆਪਕਾਂ ਅਤੇ ਬੇਰੋਜ਼ਗਾਰਾਂ ਦਾ ਸੜਕਾਂ ‘ਤੇ ਕੁਟਾਪਾ, ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ, ਸ਼ਰੇਆਮ ਗੁੰਡਾ ਗਰਦੀ ਆਦਿ ਇਹ ਸਭ ਕੁਝ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਵਾਪਰ ਰਿਹਾ ਹੈ।
ਇਸ ਮੌਕੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਫੈਡਰੇਸ਼ਨ ਵਿਚ ਸ਼ਾਮਲ ਹੋ ਰਹੇ ਹਨ ਅਤੇ ਅਸੀਂ ਸਾਰੇ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਪਿੰਡ ਪਿੰਡ ਤਕ ਪਹੁੰਚਾ ਕੇ ਸਮਾਜ ’ਚ ਬਹੁਤ ਵੱਡੀ ਜਾਗਰੂਕਤਾ ਲਿਆਵਾਂਗੇ ਅਤੇ ਉਹਨਾਂ ਦੇ ਹੱਕਾਂ ਬਾਰੇ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।
Related Topics: Balwant singh gopala, Sikh Youth Federation (Bhindranwale)