ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਮਹਾਂ ਗਠਜੋੜ ਤਿਆਰ ਕਰਨਗੀਆਂ: ਗੁਰਦੀਪ ਸਿੰਘ ਬਠਿੰਡਾ

February 7, 2016 | By

ਚੰਡੀਗਡ਼੍ਹ,(6 ਫਰਵਰੀ, 2016): ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਹਰਬੇ ਵਰਤ ਰਹੀਆਂ ਹਨ ਅਤੇ ਵੱਖ-ਵੱਖ ਧਿਰਾਂ ਰਾਜਸੀ ਬਾਨਣੂ ਬੰਨਣ ਵਿੱਚ ਰੁਝੀਆਂ ਹੋਈਆਂ ਹਨ। ਪੰਜਾਬ ਦੇ ਸਿਆਸੀ ਮੈਦਾਨ ਵਿੱਚ ਬਾਦਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿੱਥੇ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਰਹੀਆਂ ਹਨ, ਉੱਥੇ  ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਵੀ ਇੱਕ ਸਾਂਝਾ ਮੁਹਾਜ ਤਿਆਰ ਕਰਨ ਵਿੱਚ ਲੱਗ ਗਈਆਂ ਹਨ।

ਸਰਬੱਤ ਖਾਲਸਾ (2015) ਦੇ ਪ੍ਰਬੰਧਕ ਆਗੂ ਅਤੇ ਅਕਾਲੀ ਦਲ ਸਾਂਝਾ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਖ਼ੁਲਾਸਾ ਕੀਤਾ ਕਿ ਸਰਬੱਤ ਖ਼ਾਲਸਾ ਨਾਲ ਸਬੰਧਤ ਧਿਰਾਂ ਕਿਸਾਨਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਸਮਾਜਕ ਜਥੇਬੰਦੀਆਂ ਨਾਲ ਮਹਾਂਗੱਠਜੋਡ਼ ਕਰ ਕੇ ਚੋਣ ਮੈਦਾਨ ਵਿੱਚ ਨਿੱਤਰਨਗੀਆਂ।

ਭਾਈ ਗੁਰਦੀਪ ਸਿੰਘ ਬਠਿੰਡਾ ਮਹਾਂਗੱਠਜੋਡ਼ ਬਾਰੇ ਜਾਣਕਾਰੀ ਦਿੰਦੇ ਹੋਏ

ਭਾਈ ਗੁਰਦੀਪ ਸਿੰਘ ਬਠਿੰਡਾ ਮਹਾਂਗੱਠਜੋਡ਼ ਬਾਰੇ ਜਾਣਕਾਰੀ ਦਿੰਦੇ ਹੋਏ

ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਮੌਕੇ ਸੰਗਤ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਕਾਰ ਦਿੱਤਾ ਗਿਆ ਸੀ, ਜਿਸ ਕਾਰਨ ਬਾਦਲ ਨੂੰ ਖ਼ੁਦ ਹੀ ਅਸਤੀਫ਼ਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਬਾਦਲ ਸਰਕਾਰ ਤੋਂ ਮੂੰਹ ਮੋਡ਼ ਲੈਣ ਤੋਂ ਬਾਅਦ ਹੀ ਸਿੱਖ ਧਿਰਾਂ ਨੇ ਪੰਜਾਬ ਦੇ ਚੋਣ ਮੈਦਾਨ ਵਿੱਚ ਨਿਤਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਹੁਣ ਰਲ ਕੇ ਸਿਆਸੀ ਡਰਾਮੇ ਕਰ ਰਹੀਆਂ ਹਨ।

ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਥਿਤ ਤੌਰ ’ਤੇ ਇਕ-ਦੂਜੇ ਵੱਲੋਂ ਕੀਤੇ ਘਪਲਿਆਂ ਬਾਰੇ ਖਾਮੋਸ਼ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਨਾਲ ਜੁਡ਼ੀਆਂ ਧਿਰਾਂ ਅਕਾਲੀਆਂ ਅਤੇ ਕਾਂਗਰਸੀਆਂ ਦਾ ਚੋਣਾਂ ਦੌਰਾਨ ਸਿਆਸੀ ਸਫਾਇਆ ਕਰ ਦੇਣਗੀਆਂ।

ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ‘ਆਪ’ ਦੀ ਸਿੱਖ ਮਸਲਿਆਂ ਬਾਰੇ ਕੋਈ ਸਮਝ ਨਹੀਂ ਬਣੀ ਅਤੇ ਨਾ ਹੀ ਇਹ ਪਾਰਟੀ ਸਿੱਖ ਮੁੱਦਿਆਂ ਬਾਰੇ ਸੰਜੀਦਾ ਜਾਪਦੀ ਹੈ। ਇਸ ਕਾਰਨ ਸਿੱਖ ਧਿਰਾਂ ਆਪਣੇ ਗੱਠਜੋਡ਼ ਵਿੱਚੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੀ ਬਾਹਰ ਰੱਖਣਗੀਆਂ।

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਬੱਤ ਖ਼ਾਲਸਾ ਮੌਕੇ 13 ਮੁੱਦਿਆਂ ਦੇ ਮਤੇ ਪਾਸ ਕੀਤੇ ਸਨ ਅਤੇ ਇਨ੍ਹਾਂ ਵਿੱਚ ਖ਼ਾਲਿਸਤਾਨ ਦਾ ਏਜੰਡਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਸਰਬੱਤ ਖ਼ਾਲਸਾ ਨੂੰ ਹਊਆ ਬਣਾ ਕੇ ਰਾਜ ਦੇ ਵੱਖ-ਵੱਖ ਫਿਰਕਿਆਂ ਨੂੰ ਤੋਡ਼ਨ ਦਾ ਯਤਨ ਕੀਤਾ ਹੈ। ਸਰਬੱਤ ਖ਼ਾਲਸਾ ਦੌਰਾਨ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਹੀ ਸਿੱਖਾਂ ਲਈ ਖ਼ੁਦ ਮੁਖਤਿਆਰ ਖਿੱਤੇ ਦੀ ਮੰਗ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲਾਂ ਨੇ ਸਦਭਾਵਨਾ ਨਹੀਂ ਸਗੋਂ ‘ਮੰਦਭਾਵਨਾ’ ਰੈਲੀਆਂ ਕਰ ਕੇ ਫਿਰਕੂ ਵੰਡੀਆਂ ਪਾਉਣ ਦਾ ਯਤਨ ਕੀਤਾ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ, ਸੰਵਿਧਾਨ ਜਾਂ ਜਮਹੂਰੀਅਤ ਨਾਮ ਦੀ ਕੋਈ ਸ਼ੈਅ ਨਹੀਂ ਹੈ ਅਤੇ ਬਾਦਲਾਂ ਦੇ ਸਿਆਸੀ ਵਿਰੋਧੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਮੇਤ ਭਾਈ ਮੋਹਕਮ ਸਿੰਘ ਉਪਰ ਕਾਨੂੰਨ ਦੀ ਉਲੰਘਣਾ ਕਰ ਕੇ ਨਿੱਤ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਿੰਘਾਂ ਦੀ ਰਿਹਾਈ, ਬਰਗਾਡ਼ੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਮੁੱਦਿਆਂ ਸਬੰਧੀ ਇਨਸਾਫ਼ ਲੈਣ ਲਈ ਜੱਦੋ ਜਹਿਦ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,