ਆਮ ਖਬਰਾਂ » ਸਿਆਸੀ ਖਬਰਾਂ

ਪੰਜਾਬ ਵਿਧਾਨ ਸਭਾ ‘ਚ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਅਕਾਲੀ ਦਲ ਵਲੋਂ ਵਿਰੋਧ; ਕੀਤਾ ਵਾਕਆਊਟ

June 15, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਬੁੱਧਵਾਰ (14 ਜੂਨ) ਨੂੰ ਸੂਬੇ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਾਬਕਾ ਡੀਜੀਪੀ ਨੂੰ ਸਿੱਖਾਂ ’ਤੇ ਜ਼ੁਲਮ ਕਰਨ ਵਾਲਾ ਦੱਸਿਆ।

ਸੁਖਬੀਰ ਬਾਦਲ ਨੇ ਸਦਨ ਵਿੱਚ ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀਆਂ ਦੇਣ ਦਾ ਵਿਰੋਧ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਪਾਲ ਖਹਿਰਾ ਨੇ ਬਾਦਲ ਦਲ ਦੇ ਤਰਕ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਬਦਨਾਮ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਦੇ ਖਾਸ ਮੰਨੇ ਜਾਂਦੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਘਾਣ ਕਰਨ ਵਾਲੇ ਪੁਲਿਸ ਅਧਿਕਾਰੀ ਸੁਮੇਧ ਸੈਣੀ ਨੂੰ ਸਾਢੇ ਤਿੰਨ ਸਾਲ ਪੁਲਿਸ ਮੁਖੀ ਲਾਈ ਰੱਖਿਆ। ਇਸ ਤਰ੍ਹਾਂ ਵਿਵਾਦਤ ਪੁਲਿਸ ਅਫ਼ਸਰ ਤੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੀ ਪਤਨੀ ਨੂੰ ਮਲੇਰਕੋਟਲਾ ਤੋਂ ਵਿਧਾਇਕ ਵਜੋਂ ਜਿਤਾ ਕੇ ਮੁੱਖ ਸੰਸਦੀ ਸਕੱਤਰ ਬਣਾਇਆ। ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਾਬਕਾ ਪੁਲਿਸ ਮੁਖੀ ਨੂੰ ਸ਼ਰਧਾਂਜਲੀਆਂ ਦੇਣ ਦਾ ਅਮਲ ਜਾਰੀ ਰੱਖਿਆ ਤਾਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਾਦਲ ਦਲ ਦੇ ਸਾਰੇ ਮੈਂਬਰ ਵਾਕਆਊਟ ਕਰ ਗਏ। ਭਾਜਪਾ ਦੇ ਤਿੰਨ ਵਿਧਾਇਕਾਂ ਨੇ ਇਸ ਮੁੱਦੇ ’ਤੇ ਆਪਣੇ ਭਾਈਵਾਲਾਂ ਦਾ ਸਾਥ ਨਹੀਂ ਦਿੱਤਾ।

ਸੁਖਬੀਰ ਬਾਦਲ ਬੁੱਧਵਾਰ ਨੂੰ ਆਪਣੇ ਵਿਧਾਇਕਾਂ ਨਾਲ ਵਿਧਾਨ ਸਭਾ ਵਿਚੋਂ ਵਾਕਆਊਟ ਕਰਦੇ ਹੋਏ

ਸੁਖਬੀਰ ਬਾਦਲ ਬੁੱਧਵਾਰ ਨੂੰ ਆਪਣੇ ਵਿਧਾਇਕਾਂ ਨਾਲ ਵਿਧਾਨ ਸਭਾ ਵਿਚੋਂ ਵਾਕਆਊਟ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰਧਾਂਜਲੀਆਂ ਦੇਣ ਦੇ ਅਮਲ ਦੌਰਾਨ ਬੈਠੇ ਰਹੇ, ਜਦੋਂ ਕਿ ‘ਆਪ’ ਦੀ ਭਾਈਵਾਲ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਬੈਂਸ ਭਰਾਵਾਂ ਨੇ ਵਿਰੋਧ ਕਰਦਿਆਂ ਵਾਕਆਊਟ ਕੀਤਾ। ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ਼ਰਧਾਂਜਲੀਆਂ ਦੇਣ ਦਾ ਮਤਾ ਪੜ੍ਹਨਾ ਸ਼ੁਰੂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਫਿਲਮ ਅਦਾਕਾਰ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਜਿਵੇਂ ਹੀ ਸਪੀਕਰ ਵੱਲੋਂ ਕੇ.ਪੀ.ਐਸ. ਗਿੱਲ ਦਾ ਨਾਮ ਲਿਆ ਗਿਆ ਤਾਂ ਸੁਖਬੀਰ ਬਾਦਲ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਇਸ ਮਤੇ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਕਿਹਾ ਕਿ ਸਦਨ ਦੀ ਰਵਾਇਤ ਮੁਤਾਬਕ ਸਿਆਸੀ ਤੇ ਸਮਾਜ ਵਿੱਚ ਚੰਗਾ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਹੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਉਨ੍ਹਾਂ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸਿੱਖਾਂ ’ਤੇ ਜ਼ੁਲਮ ਕਰਨ ਵਾਲਾ ਦੱਸਿਆ। ਕਾਂਗਰਸ ਦੇ ਵਿਧਾਇਕਾਂ ਨੇ ਜਵਾਬ ਵਿਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਸਬੰਧਤ ਖ਼ਬਰ:

ਬੁੱਚੜ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ, ਭਾਜਪਾ ਅਤੇ ਆਪ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ …

ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਸ਼ਰਧਾਂਜਲੀਆਂ ਵਾਲਾ ਮਤਾ ਪਾੜ ਦਿੱਤਾ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਆਪ’ ਵਿਧਾਇਕਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਨਾਮ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਨ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਸਬੰਧਤ ਖ਼ਬਰ:

ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ ਤੇ ਕੈਪਟਨ ਨੇ ਸਿੱਖਾਂ ਸਿਰ ਚਾੜ੍ਹੀ ਇਕ ਹੋਰ ਭਾਜੀ: ਖਾਲੜਾ ਮਿਸ਼ਨ …

ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ, ਹਰਮਿੰਦਰ ਗਿੱਲ ਅਤੇ ਗੁਰਕੀਰਤ ਕੋਟਲੀ ਨੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਦੇ ਨਾਂ ਸ਼ੋਕ ਮਤੇ ਵਿੱਚ ਸ਼ਾਮਲ ਕਰਨ ਦੇ ਵਿਰੋਧ ਨੂੰ “ਵਿਛੜੀਆਂ ਸ਼ਖ਼ਸੀਅਤਾਂ” (?) ਦਾ ਨਿਰਾਦਰ ਕਿਹਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਸ ਸਬੰਧ ‘ਚ ਜਾਰੀ ਪ੍ਰੈਸ ਬਿਆਨ ਅਤੇ ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

SAD (Badal)’s statement on Obituary Reference to KPS Gill [Full Text] …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,