December 20, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨਾਲ ਸਬੰਧਤ ਐਨਆਰਆਈ ਆਗੂ ਰੇਸ਼ਮ ਸਿੰਘ ਯੂਐਸਏ ਜਿਨ੍ਹਾਂ ਨੂੰ ਪੁਲਿਸ ਨੇ “ਦੇਸ਼ ਧਰੋਹ” ਦੇ ਦੋਸ਼ ਹੇਠ ਚਾਰ ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ, ਕੱਲ੍ਹ (19 ਦਸੰਬਰ) ਸ਼ਾਮ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਉਨ੍ਹਾਂ ਦੀ ਰਿਹਾਈ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪਾਰਟੀ ਆਗੂ ਜਰਨੈਲ ਸਿੰਘ ਸਖੀਰਾ ਨੇ ਦਸਿਆ ਕਿ ਰੇਸ਼ਮ ਸਿੰਘ ਯੂ.ਐਸ.ਏ ਨੂੰ ਸੋਮਵਾਰ ਦੀ ਸ਼ਾਮ ਕੇਂਦਰੀ ਜੇਲ ਤੋਂ ਰਿਹਾਈ ਮਿਲੀ ਹੈ, ਉਹ ਪਿਛਲੇ ਡੇਢ ਮਹੀਨੇ ਤੋਂ ਜੇਲ੍ਹ ਵਿਚ ਬੰਦ ਸਨ। ਉਹ ਚਾਰ ਨਵੰਬਰ ਨੂੰ ਅਮਰੀਕਾ ਤੋਂ ਭਾਰਤ ਆਏ ਸਨ ਅਤੇ ਉਨ੍ਹਾਂ 10 ਨਵੰਬਰ ਨੂੰ ਹੋਣ ਵਾਲੇ ਇਕੱਠ ਵਿਚ ਸ਼ਾਮਲ ਹੋਣਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਰੇਸ਼ਮ ਸਿੰਘ ਦੇ ਖਿਲਾਫ ਨਵੰਬਰ 2015 ਵਿਚ ਹੋਏ “ਸਰਬੱਤ ਖਾਲਸਾ” ਮਗਰੋਂ ਥਾਣਾ ਚਾਟੀਵਿੰਡ ਵਿਚ ਦੇਸ਼ ਧਰੋਹ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਲਗਪਗ 20 ਸਿੱਖ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਕਿਸੇ ਵਿਦੇਸ਼ੀ ‘ਤੇ ‘ਦੇਸ਼ ਧਰੋਹ’ ਦਾ ਕੇਸ ਦਰਜ ਨਹੀਂ ਹੋ ਸਕਦਾ ਕਿਉਂਕਿ ਉਹ ਹੁਣ ਅਮਰੀਕਾ ਦੇ ਨਾਗਰਿਕ ਹਨ ਪਰ ਸਰਕਾਰ ਵਲੋਂ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਇਹ ਗ੍ਰਿਫ਼ਤਾਰੀ ਕੀਤੀ ਗਈ।
Related Topics: Indian Satae, Punjab Police, Resham singh USA, Sarbat Khalsa 2016, Sarbat Khalsa(2015), Shiromani Akali Dal Amritsar (Mann)