August 29, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਦੇ ਬਲਾਤਕਾਰ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਜੰਗਲੀ ਜਾਨਵਰ ਵਰਗਾ ਵਿਹਾਰ ਕੀਤਾ, ਜਿਸ ਨੇ ਆਪਣੀਆਂ ਮਹਿਲਾ ਸ਼ਰਧਾਲੂ ਸਾਧਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਅਦਾਲਤ ਨੇ ਕਿਹਾ ਕਿ ਬਲਾਤਕਾਰੀ ਰਾਮ ਰਹੀਮ (50) ਨੇ ਆਪਣੇ ‘‘ਭੋਲੇ-ਭਾਲੇ ਅਤੇ ਅੰਨੇ ਭਗਤਾਂ’’ ਉਤੇ ਜਿਨਸੀ ਹਮਲਾ ਕਰ ਕੇ ਉਨ੍ਹਾਂ ਦਾ ਬਹੁਤ ਬੁਰੇ ਤਰੀਕੇ ਨਾਲ ਭਰੋਸਾ ਤੋੜਿਆ ਅਤੇ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਹੈ।
ਜੱਜ ਜਗਦੀਪ ਸਿੰਘ ਨੇ ਆਪਣੇ ਨੌਂ ਪੰਨਿਆਂ ਦੇ ਹੁਕਮ ਵਿੱਚ ਦੋਵਾਂ ਕੇਸਾਂ ਵਿੱਚ ਦੋਸ਼ੀ ਨੂੰ 10-10 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ।ਦੋਸ਼ੀ ਨੂੰ 30 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇਸ ਵਿੱਚੋਂ ਦੋਸ਼ੀ ਨੂੰ 14-14 ਲੱਖ ਰੁਪਏ ਪੀੜਤਾਂ ਨੂੰ ਦੇਣੇ ਹੋਣਗੇ, ਜਦੋਂ ਕਿ ਦੋ ਲੱਖ ਰੁਪਏ ਅਦਾਲਤ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਦੋਵਾਂ ਮਾਮਲਿਆਂ ਵਿੱਚ ਸੁਣਾਈ ਸਜ਼ਾ ਵੱਖ ਵੱਖ ਚੱਲੇਗੀ।ਸਜ਼ਾ ਸੁਣਾਉਣ ਮਗਰੋਂ ਬਲਾਤਕਾਰੀ ਡੇਰਾ ਮੁਖੀ ਨੂੰ ਪਹਿਲਾਂ ਬੈਰਕ ਵਿੱਚ ਭੇਜਿਆ ਗਿਆ ਤੇ ਉਸ ਤੋਂ ਬਾਅਦ ਹੀ ਸੀਬੀਆਈ ਜੱਜ ਜਗਦੀਪ ਸਿੰਘ ਕੋਰਟ ਕਮਰੇ ’ਚੋਂ ਬਾਹਰ ਨਿਕਲੇ।

ਬਲਾਤਕਾਰੀ ਰਾਮ ਰਹੀਮ ਦੀ ਤਸਵੀਰ
ਮੀਡੀਆ ਰਿਪੋਰਟਾਂ ਮੁਤਾਬਕ ਜੇਲ੍ਹ ਲਾਇਬ੍ਰੇਰੀ ਵਿੱਚ ਬਣੀ ਇਸ ਅਦਾਲਤ ਵਿੱਚ ਸਜ਼ਾ ਦੇ ਐਲਾਨ ਦੌਰਾਨ ਡੇਰਾ ਮੁਖੀ ਰੋਣ ਲੱਗ ਪਿਆ ਅਤੇ ਉਸ ਨੇ ਹੱਥ ਜੋੜ ਕੇ ਮੁਆਫ਼ੀ ਦੀ ਬੇਨਤੀ ਕੀਤੀ। ਉਸ ਨੇ ਬਾਅਦ ਵਿੱਚ ਅਦਾਲਤ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ।
ਸੋਮਵਾਰ ਨੂੰ ਕਰੀਬ 1:40 ਵਜੇ ਸੀਬੀਆਈ ਦੇ ਜੱਜ ਜਗਦੀਪ ਸਿੰਘ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਵਿੱਚ ਬਣਾਈ ਅਦਾਲਤ ਵਿੱਚ ਪਹੁੰਚੇ ਅਤੇ ਬਲਾਤਕਾਰੀ ਡੇਰਾ ਮੁਖੀ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ। ਕਾਗਜ਼ੀ ਕਾਰਵਾਈ ਤੋਂ ਬਾਅਦ ਬਲਾਤਕਾਰੀ ਰਾਮ ਰਹੀਮ ਨੂੰ ਅਦਾਲਤ ਵਿੱਚ ਲਿਆਂਦਾ ਗਿਆ।
ਸੀਬੀਆਈ ਦੇ ਵਕੀਲ ਐਚ.ਸੀ. ਵਰਮਾ ਨੇ ਕਿਹਾ ਕਿ ਦੋਸ਼ੀ ਨੇ ਬੇਹੱਦ ਸ਼ਰਮਨਾਕ ਕੰਮ ਕੀਤਾ ਹੈ। ਉਸ ਨੇ ਕੁਕਰਮ ਕੀਤਾ ਹੈ। ਇਸ ਦੀ ਜਿੰਨੀ ਸਜ਼ਾ ਦਿੱਤੀ ਜਾਵੇ, ਉਨੀ ਘੱਟ ਹੈ। ਉਨ੍ਹਾਂ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ, ਜਦੋਂ ਕਿ ਡੇਰਾ ਮੁਖੀ ਦੇ ਵਕੀਲ ਐਚ.ਕੇ. ਗਰਗ ਨੇ ਦਲੀਲ ਦਿੱਤੀ ਕਿ ਡੇਰੇ ਵੱਲੋਂ ਜਨ ਹਿੱਤ ਵਿੱਚ ਖ਼ੂਨਦਾਨ ਕੈਂਪ, ਸਫ਼ਾਈ ਮੁਹਿੰਮ, ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਸਮੇਤ ਕਈ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਨੂੰ ਦੇਖਦਿਆਂ ਤੇ ਡੇਰਾ ਮੁਖੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਨਰਮੀ ਵਰਤੀ ਜਾਵੇ।
ਜੱਜ ਜਗਦੀਪ ਸਿੰਘ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 3:27 ਵਜੇ ਦੋਸ਼ੀ ਨੂੰ ਬਲਾਤਕਾਰ ਦੇ ਦੋਵਾਂ ਮਾਮਲਿਆਂ ਵਿੱਚ 10-10 ਸਾਲਾਂ ਦੀ ਸਜ਼ਾ ਸੁਣਾਈ। ਇਹ ਸਜ਼ਾ ਵੱਖ ਵੱਖ ਚੱਲੇਗੀ।
ਸਜ਼ਾ ਦੇ ਐਲਾਨ ਤੋਂ ਬਾਅਦ ਡੇਰਾ ਮੁਖੀ ਦੇ ਵਕੀਲ ਐਸ.ਕੇ. ਗਰਗ ਨੇ ਕਿਹਾ ਕਿ ਉਹ ਸੀਬੀਆਈ ਅਦਾਲਤ ਦੇ ਫੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨਗੇ। ਸੀਬੀਆਈ ਅਦਾਲਤ ਨੇ ਧਾਰਾ 376, 509 ਤੇ 506 ਤਹਿਤ ਸਜ਼ਾ ਸੁਣਾਈ ਹੈ।
ਪੰਚਕੂਲਾ ਵਿੱਚ ਸੀਬੀਆਈ ਅਦਾਲਤ ਨੇ ਇਨ੍ਹਾਂ ਧਾਰਾਵਾਂ ਤਹਿਤ ਡੇਰਾ ਮੁਖੀ ਨੂੰ 25 ਅਗਸਤ ਨੂੰ ਦੋਸ਼ੀ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਸਾਲ 2002 ਵਿੱਚ ਡੇਰੇ ਦੀ ਇਕ ਸਾਧਵੀ ਨੇ ਬਲਾਤਕਾਰ ਦੇ ਦੋਸ਼ ਲਗਾ ਕੇ ਡੇਰਾ ਮੁਖੀ ਖ਼ਿਲਾਫ਼ ਹਾਈ ਕੋਰਟ ਤੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸਾਲ 2007 ਵਿੱਚ ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਪਹਿਲੀ ਵਾਰ ਅੰਬਾਲਾ ਅਦਾਲਤ ਵਿੱਚ ਪੇਸ਼ ਹੋਇਆ। ਇਸ ਮਗਰੋਂ ਇਹ ਮਾਮਲਾ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਸੀ। ਜੱਜ ਜਗਦੀਪ ਸਿੰਘ ਫੈਸਲਾ ਸੁਣਾਉਣ ਤੋਂ ਬਾਅਦ ਸ਼ਾਮੀ 4:30 ਵਜੇ ਪੰਚਕੂਲਾ ਲਈ ਰਵਾਨਾ ਹੋ ਗਏ। ਇਸ ਦੌਰਾਨ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਸਨ।
Related Topics: CBI, Dera Sauda Sirsa, Judge Jagdeep Singh, ram rahim rape case