September 5, 2017 | By ਸਿੱਖ ਸਿਆਸਤ ਬਿਊਰੋ
ਸੰਗਰੂਰ: ਸੰਗਰੂਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਿੰਸਾ ਭੜਕਾਉਣ ਲਈ ਡੇਰਾ ਸਿਰਸਾ ਮੁਖੀ ਦੇ ਵਿਸ਼ਵਾਸਪਾਤਰ ਰਾਕੇਸ਼ ਕੁਮਾਰ ਵੱਲੋਂ ਅੱਠ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸਨੂੰ ਪੰਜਾਬ ਦੀ ‘ਏ ਟੀਮ’ ਦਾ ਨਾਮ ਦਿੱਤਾ ਗਿਆ। ਇਸ ਟੀਮ ਦਾ ਇੰਚਾਰਜ ਰਵੀ ਕੁਮਾਰ ਵਾਸੀ ਮੁਕਤਸਰ ਨੂੰ ਬਣਾਇਆ ਗਿਆ।

ਸੰਗਰੂਰ ’ਚ ਗ੍ਰਿਫ਼ਤਾਰ ਕੀਤੇ ਡੇਰਾ ਸਿਰਸਾ ਦੀ ‘ਏ ਟੀਮ’ ਦੇ ਮੈਂਬਰ ਦੁਨੀ ਚੰਦ ਅਤੇ ਹੋਰ
ਇਹ ਖੁਲਾਸਾ ਅੱਠ ਮੈਂਬਰੀ ‘ਏ ਟੀਮ’ ਦੇ ਮੈਂਬਰ ਚੁਨੀ ਚੰਦ ਵਾਸੀ ਸ਼ੇਰਪੁਰ ਸਮੇਤ ਦੋ ਜਣਿਆਂ ਦੀ ਗ੍ਰਿਫ਼ਤਾਰੀ ਮਗਰੋਂ ਸੋਮਵਾਰ (4 ਸਤੰਬਰ) ਨੂੰ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਪੁਲਿਸ ਕਪਤਾਨ ਸਿੱਧੂ ਨੇ ਦੱਸਿਆ ਕਿ ਦੁਨੀ ਚੰਦ ਨੂੰ ਦਿੜ੍ਹਬਾ ਪੁਲਿਸ ਵੱਲੋਂ ਬਾਹੱਦ ਪਿੰਡ ਗੁੱਜਰਾਂ ਤੋਂ ਰਿਟਜ਼ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਜਾਂਚ ਦੌਰਾਨ 1 ਲੱਖ 70 ਹਜ਼ਾਰ ਰੁਪਏ ਨਕਦੀ, ਪੀਸੀਆਂ ਹੋਈਆਂ ਮਿਰਚਾਂ ਅਤੇ ਡੇਰਾ ਸਿਰਸਾ ਨਾਲ ਸਬੰਧਤ ਸਾਹਿਤ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਬੰਦੇ ਰਣਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀ ਚੰਦ ਮਾਲਵਾ ਇਲਾਕੇ ਵਿਚ ਅੱਗ ਲਾਉਣ, ਭੰਨ-ਤੋੜ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਕਾਰ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪੁਲਿਸ ਵੱਲੋਂ 59 ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੋਂ ਹਿੰਸਕ ਵਾਰਦਾਤਾਂ ਕਰਨ ਸਮੇਂ ਵਰਤੇ 22 ਮੋਟਰਸਾਈਕਲ ਅਤੇ ਤਿੰਨ ਕਾਰਾਂ-ਜੀਪਾਂ ਵੀ ਪੁਲਿਸ ਨੇ ਕਬਜ਼ੇ ਵਿੱਚ ਲਈਆਂ ਹਨ।
ਸਬੰਧਤ ਖ਼ਬਰ:
ਬਲਾਤਕਾਰ ਮਾਮਲਾ: ਡੇਰਾ ਸਮਰਥਕਾਂ ਨੂੰ ਆਪਣਾ ਰੋਸ ਸ਼ਾਂਤੀ ਨਾਲ ਪ੍ਰਗਟ ਕਰਨਾ ਚਾਹੀਦਾ ਸੀ: ਬਾਦਲ …
ਪੁਲਿਸ ਅਧਿਕਾਰੀਆਂ ਮੁਤਾਬਕ ਦੁਨੀ ਚੰਦ ਨੇ ਖੁਲਾਸਾ ਕੀਤਾ ਹੈ ਕਿ ਡੇਰਾ ਸਿਰਸਾ ਮੁਖੀ ਦਾ ਵਿਸ਼ਵਾਸ ਪਾਤਰ ਰਾਕੇਸ਼ ਕੁਮਾਰ, ਜੋ ਸਿਰਸਾ ਰਹਿੰਦਾ ਹੈ, ਨੇ ਪੰਜਾਬ ਵਿੱਚ ਹਿੰਸਾ ਭੜਕਾਉਣ ਲਈ ਅੱਠ ਮੈਂਬਰੀ ਕਮੇਟੀ (ਏ ਟੀਮ) ਬਣਾਈ ਸੀ, ਜਿਸ ਵਿੱਚ ਸੰਗਰੂਰ ਤੋਂ ਦੁਨੀ ਚੰਦ ਵਾਸੀ ਸ਼ੇਰਪੁਰ, ਮਾਨਸਾ ਤੋਂ ਮੇਜਰ ਸਿੰਘ ਖਿਆਲਾ, ਬਠਿੰਡਾ ਤੋਂ ਬਲਵਿੰਦਰ ਸਿੰਘ ਬੰਦੀ, ਬਾਘਾ ਪੁਰਾਣਾ ਤੋਂ ਪ੍ਰਿਥਵੀ ਚੰਦ, ਬਠਿੰਡਾ ਤੋਂ ਗੁਰਦੇਵ ਸਿੰਘ, ਕੋਟਕਪੂਰਾ ਤੋਂ ਮਹਿੰਦਰਪਾਲ ਸਿੰਘ ਬਿੱਟੂ, ਕੋਟ ਭਾਈ ਬਠਿੰਡਾ ਤੋਂ ਗੁਰਦਾਸ ਸਿੰਘ ਅਤੇ ਗੁਰਜੀਤ ਸਿੰਘ ਮੋਗਾ ਦੀ ਚੋਣ ਕੀਤੀ ਗਈ। ਇਸ ਟੀਮ ਦਾ ਇੰਚਾਰਜ ਰਵੀ ਕੁਮਾਰ ਵਾਸੀ ਮੁਕਤਸਰ ਨੂੰ ਬਣਾਇਆ ਗਿਆ। ‘ਏ ਟੀਮ’ ਦੀ ਪਹਿਲੀ ਮੀਟਿੰਗ 17 ਅਗਸਤ ਨੂੰ ਸਿਰਸਾ ਵਿੱਚ ਰਾਤ ਨੂੰ ਦੋ ਵਜੇ ਹੋਈ ਸੀ, ਜੋ ਕਰੀਬ 40 ਮਿੰਟ ਤੱਕ ਚੱਲੀ ਸੀ। ਟੀਮ ਨੂੰ ਅੱਗੇ ਦੋ ਟੀਮਾਂ ਵਿੱਚ ਵੰਡਿਆ ਗਿਆ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼
ਪੰਜ ਮੈਂਬਰਾਂ ਨੂੰ ਬਠਿੰਡਾ, ਪਟਿਆਲਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਦਾ ਇੰਚਾਰਜ ਬਣਾਇਆ ਗਿਆ ਜਦੋਂ ਕਿ ਤਿੰਨ ਮੈਂਬਰਾਂ ਨੂੰ ਬਾਕੀ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਤੋਂ ਬਾਅਦ ਘਰ ਪਹੁੰਚ ਕੇ ਕਮੇਟੀ ਮੈਂਬਰਾਂ ਨੂੰ ਆਪਣੇ ਸਮਰਥਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੁੜ 20 ਅਗਸਤ ਨੂੰ ਡੇਰਾ ਸਿਰਸਾ ਅੰਦਰ ਡੇਰੇ ਦੇ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਨਾਲ ਡੇਰੇ ਦੀ ਮੈਨੇਜਮੈਂਟ ਵੱਲੋਂ ਮੀਟਿੰਗ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਫੈਸਲੇ ਵਾਲੇ ਦਿਨ ਪੰਚਕੂਲਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਆਖਿਆ ਗਿਆ। ਫਿਰ 23 ਅਗਸਤ ਨੂੰ ਦਿੜ੍ਹਬਾ ਵਿੱਚ ਮੀਟਿੰਗ ਹੋਈ। ਅਗਲੇ ਦਿਨ ਸੰਗਰੂਰ ’ਚ ਇੱਕ ਡੇਰਾ ਪ੍ਰੇਮੀ ਦੇ ਘਰ ਮੀਟਿੰਗ ਹੋਈ। ਮੀਟਿੰਗ ’ਚ ਡੇਰਾ ਮੁਖੀ ਖ਼ਿਲਾਫ਼ ਫੈਸਲਾ ਆਉਣ ’ਤੇ ਸਰਕਾਰੀ ਜਾਇਦਾਦ ਦੀ ਭੰਨ੍ਹ ਤੋੜ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦਾ ਸੁਨੇਹਾ ਦਿੱਤਾ ਗਿਆ।
Related Topics: Dera Sauda Sirsa, Panchkula violence, Punjab Police, ram rahim rape case, sangrur police