ਆਮ ਖਬਰਾਂ » ਖਾਸ ਖਬਰਾਂ

ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਬਣ ਰਿਹਾ ਹੈ ਜ਼ਹਿਰ; ਪ੍ਰੋ.ਗਾਂਗੂਲੀ ਨੇ ਯੂਰੇਨੀਅਮ ਨੂੰ ਦੱਸਿਆ ਵੱਡਾ ਖਤਰਾ

November 26, 2015 | By

ਐਸ.ਏ.ਐਸ ਨਗਰ: ਕੁਦਰਤ ਵੱਲੋਂ ਅੰਮ੍ਰਿਤ ਵਰਗੇ ਪਾਣੀ ਦੀ ਦਾਤ ਨਾਲ ਨਿਵਾਜੇ ਗਏ ਪੰਜਾਬ ਦਾ ਪਾਣੀ ਹੁਣ ਜ਼ਹਿਰ ਬਣਦਾ ਜਾ ਰਿਹਾ ਹੈ।ਪਿਛਲੇ ਲੰਬੇ ਸਮੇਂ ਤੋਂ ਕਈ ਵਿਗਿਆਨੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਹ ਮਸਲਾ ਚੁੱਕਿਆ ਜਾਂਦਾ ਰਿਹਾ ਹੈ ਪਰ ਸਰਕਾਰਾਂ ਵੱਲੋਂ ਇਸ ਦੇ ਹੱਲ ਲਈ ਕੋਈ ਕਾਰਗਰ ਕਦਮ ਨਹੀਂ ਚੁੱਕੇ ਗਏ।ਪੰਜਾਬ ਦੇ ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।ਇਹ ਖੁਲਾਸਾ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨੋਲੋਜੀ ਦੇ ਡਾਇਰੈਕਟਰ ਪ੍ਰੋ. ਅਸ਼ੋਕ ਕੁਮਾਰ ਗਾਂਗੂਲੀ ਵੱਲੋਂ ਸੈਕਟਰ 80 ਸਥਿਤ ਭਾਰਤ ਸਰਕਾਰ ਦੇ ਅਦਾਰੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਤਿੰਨ ਮੁਲਕਾਂ ਭਾਰਤ, ਸਿੰਗਾਪੁਰ ਤੇ ਚੀਨ ਦੇ ਵਿਗਿਆਨੀਆਂ ਦੀਆਂ ਨਵੀਆਂ ਤਕਨੀਕਾਂ ਤੇ ਖੋਜਾਂ ਸਬੰਧੀ ਚੱਲ ਰਹੇ ਤਿੰਨ ਰੋਜ਼ਾ ਸੈਮੀਨਾਰ ਵਿੱਚ ਸ਼ਿਰਕਤ ਕਰਦਿਆਂ ਦਿੱਤੇ ਗਏ ਲੈਕਚਰ ਵਿੱਚ ਕੀਤਾ।

 ਪ੍ਰੋ. ਅਸ਼ੋਕ ਕੁਮਾਰ ਗਾਂਗੂਲੀ

ਪ੍ਰੋ. ਅਸ਼ੋਕ ਕੁਮਾਰ ਗਾਂਗੂਲੀ

ਪ੍ਰੋ. ਗਾਂਗੂਲੀ ਨੇ ਦੱਸਿਆ ਕਿ ਪੰਜਾਬ ਦਾ ਪਾਣੀ ਪਹਿਲਾਂ ਬਿਨ੍ਹਾਂ ਧਾਤ ਵਾਲਾ ਸੀ ਹੁਣ ਅਜਿਹਾ ਨਹੀਂ ਰਿਹਾ।ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ ਜੋ ਕਿ ਚਿੰਤਾ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਯੂਰੇਨੀਅਮ ਵਾਲਾ ਪਾਣੀ ਜਿਆਦਾ ਸਮੇਂ ਤੱਕ ਇਸਤੇਮਾਲ ਕਰਦਾ ਹੈ ਤਾਂ ਇਹ ਮਨੁੱਖੀ ਜੀਵਨ ਲਈ ਬੜਾ ਘਾਤਕ ਹੈ।

ਉਨ੍ਹਾਂ ਯੂਰੇਨੀਅਮ ਦੀ ਮਾਤਰਾ ਦੇ ਵਾਧੇ ਦਾ ਕਾਰਨ ਨਦੀਆਂ ਵਿੱਚ ਚੱਟਾਨਾਂ ਤੋਂ ਟੁੱਟ ਕੇ ਡਿਗਦੇ ਪੱਥਰ ਅਤੇ ਉਦਯੋਗਾਂ ਦੀ ਨਦੀਆਂ ਵਿੱਚ ਮਿਲ ਰਹੀ ਗੰਦਗੀ ਨੂੰ ਦੱਸਿਆ।ਉਨ੍ਹਾਂ ਕਿਹਾ ਕਿ ਯੂਰੇਨੀਅਮ ਦੇ ਨਾਲ ਨਾਲ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਫਲੋਰਾਈਡ ਦੇ ਕੇਸ ਵੀ ਸਾਹਮਣੇ ਆਏ ਹਨ ਜੋ ਕਿ ਹੋਰ ਵੀ ਫਿਕਰ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਹੈਵੀ ਮੈਟਲ ਨਾਲ ਇਨਸਾਨ ਦੇ ਕਿਡਨੀ ਤੇ ਲੀਵਰ ਖਤਮ ਹੋ ਸਕਦੇ ਹਨ।

ਪ੍ਰਦੂਸ਼ਿਤ ਪਾਣੀ ਦਾ ਵੱਡਾ ਨੁਕਸਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਉਪਜਾਊ ਧਰਤੀ ਵੀ ਬੰਜਰ ਬਣ ਸਕਦੀ ਹੈ।ਇਸ ਲਈ ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣੀ ਚਾਹੀਦੀ ਹੈ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਆਈਆਈਟੀ ਮਦਰਾਸ ਅਤੇ ਹੈਦਰਾਬਾਦ ਲੈਬ ਸਮੇਤ ਟਾਟਾ ਸਵੱਛ ਜਲ ਪ੍ਰਜੈਕਟ ਵੀ ਇਸ ਵਿਸ਼ੇ ਤੇ ਨਵੀਆਂ ਖੋਜਾਂ ਕਰ ਰਹੇ ਹਨ ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।ਇਸ ਬਾਰੇ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇ ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਦੇ ਗੰਭੀਰ ਸਿੱਟ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਿੱਖ ਸਿਆਸਤ ਵੱਲੋਂ ਇਸ ਸੰਬੰਧੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਵਿੱਚ ਫੈਲ਼ ਰਿਹਾ ਪ੍ਰਦੂਸ਼ਣ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਇਸ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਇਸ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਆਰਸੈਨਿਕ ਤੱਤ ਹੈ, ਜੋ ਕਿ ਬਹੁਤ ਹੀ ਖਤਰਨਾਕ ਹੈ ਪਰ ਉਸ ਦਾ ਜਿਕਰ ਨਾ ਕਰਨਾ ਕਈ ਸਵਾਲ ਖੜੇ ਕਰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,