ਖਾਸ ਖਬਰਾਂ » ਸਿੱਖ ਖਬਰਾਂ

ਪੁਲਿਸ ਮੁਕਾਬਲਿਆਂ ਦਾ ਰੁਝਾਨ ਮਨੁੱਖੀ ਹੱਕਾਂ ਲਈ ਖਤਰੇ ਦੀ ਘੰਟੀ: ਪੰਚ ਪ੍ਰਧਾਨੀ ਪੰਥਕ ਜਥਾ

March 20, 2025 | By

ਲੁਧਿਆਣਾ: ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਮੁਕਾਬਲਿਆਂ ’ਚ ਨੌਜਵਾਨਾਂ ਦੇ ਮਾਰੇ ਜਾਣ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰਨ ਦਾ ਜੋਰ ਫੜ੍ਹ ਰਿਹਾ ਰੁਝਾਨ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਖਤਰੇ ਦੀ ਘੰਟੀ ਹੈ।

Panch Pardhani Panthak Jatha

ਪੰਚ ਪ੍ਰਧਾਨੀ ਪੰਥਕ ਜਥਾ

ਬਿਆਨ ਵਿਚ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਨਾਜੁਕ ਦੌਰ ਵਿਚੋਂ ਲੰਘ ਰਿਹਾ ਹੈ ਜਿੱਥੇ ਕੌਮਾਂਤਰੀ ਪੱਧਰ ਉੱਤੇ ਹੋ ਰਹੀ ਰਾਜਨੀਤਕ ਅਤੇ ਭੂ-ਰਣਨੀਤਕ ਉਥਲ-ਪੁਥਲ ਦਾ ਪੰਜਾਬ ਉੱਤੇ ਅਸਰ ਪੈ ਰਿਹਾ ਹੈ ਓਥੇ ਇੰਡੀਅਨ ਸਟੇਟ ਬਦਲ ਰਹੇ ਹਾਲਾਤ ਵਿਚ ਅਵਾਮ ਨੂੰ ਕਾਬੂ ਰੇਖ ਰੱਖਣ ਦੇ ਰਾਜਤੰਤਰੀ ਸੰਦਾਂ, ਜਿਵੇਂ ਕਿ ਪੁਲਿਸ ਫੋਰਸ ਦੀਆਂ ਤਾਕਤਾਂ ਤੇ ਸਾਧਨਾਂ ਵਿਚ ਵਾਧਾ ਕਰ ਰਹੀ ਹੈ। ਇਕ ਪਾਸੇ ਦਿੱਲੀ ਦਰਬਾਰ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਨੂੰ ਨਸ਼ਿਆਂ ਤੇ ਦਹਿਸ਼ਤਗਰਦੀ ਨਾਲ ਜੋੜ ਰਿਹਾ ਹੈ ਓਥੇ ਦੂਜੇ ਪਾਸੇ ਕਿਸੇ ਵੀ ਘਟਨਾ ਲਈ ਕਸੂਰਵਾਰ ਦੱਸੇ ਜਾਂਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਉੱਤੇ ਮੁਕਦਮਾ ਚਲਾਉਣ ਦੀ ਥਾਂ ਉਹਨਾ ਦਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦੇਣਾ ਜਾਂ ਬਰਾਮਦਗੀ ਵੇਲੇ ਹਮਲਾ ਕਰਨ ਜਾਂ ਭੱਜਣ ਦੀ ਕੋਸ਼ਿਸ਼ ਕਰਨ ਦੀ ਘੜੀ-ਘੜਾਈ ਕਹਾਣੀ ਦੱਸ ਕੇ ਨੌਜਵਾਨਾਂ ਨੂੰ ਮਾਰ ਦੇਣਾ ਜਾਂ ਉਹਨਾ ਨੂੰ ਅੰਗਹੀਣ ਕਰਨ ਵਾਸਤੇ ਲੱਤ ਜਾਂ ਗਿੱਟੇ ਵਿਚ ਗੋਲੀ ਮਾਰ ਕੇ ਜਖਮੀ ਕਰ ਦੇਣ ਦੀਆਂ ਘਟਨਾਵਾਂ ਮਨੁੱਖੀ ਹੱਕਾਂ ਦੇ ਘਾਣ ਤੇ ਤਾਕਤ ਦੀ ਦੁਰਵਰਤੋਂ ਦੀਆਂ ਸੂਚਕ ਹਨ।

ਉਹਨਾ ਕਿਹਾ ਕਿ ਸਮਾਜ ਦੇ ਸੁਹਿਰਦ ਹਿੱਸਿਆਂ ਅਤੇ ਮਨੁੱਖੀ ਹੱਕਾਂ ਦੇ ਅਲਮਬਰਦਾਰਾਂ ਨੂੰ ਇਸ ਵਰਤਾਰੇ ਵੱਲ ਦਾ ਸਮਾਂ ਰਹਿੰਦਿਆਂ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,