July 18, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਫਾਸਟਵੇਅ ਨੈਟਵਰਕ ਵੱਲੋਂ ਕੁਝ ਸਮਾਂ ਪਹਿਲਾਂ ਕੰਵਰ ਸੰਧੂ ਖਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਸੀ। ਕੰਪਨੀ ਦੇ ਪ੍ਰਬੰਧਕਾਂ ਵੱਲੋਂ ਦਾਇਰ ਕੀਤੇ ਕੇਸ ਵਿਚ ਦੱਸਿਆ ਗਿਆ ਸੀ ਕਿ ਕੰਵਰ ਸੰਧੂ ਵੱਲੋਂ ਕੇਬਲ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ‘ਕੇਬਲ ਮਾਫ਼ੀਆ’ ਦੱਸਿਆ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਉਨ੍ਹਾਂ ਪ੍ਰਤੀ ਸਮਾਜ ਵਿਚ ਲੋਕਾਂ ‘ਤੇ ਇਸ ਦਾ ਬੁਰਾ ਪ੍ਰਭਾਵ ਪਿਆ ਹੈ। ਇਸ ਮਾਮਲੇ ਵਿਚ ਸਥਾਨਕ ਅਦਾਲਤ ਵਿਚ ਕੇਸ ਚੱਲ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ (ਫਾਈਲ ਫੋਟੋ)
ਜੱਜ ਵੱਲੋਂ ਕੰਵਰ ਸੰਧੂ ਨੂੰ ਪਹਿਲਾਂ 12 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਉਸ ਵੇਲੇ ਵੀ ਸੰਧੂ ਅਦਾਲਤ ਵਿਚ ਪੇਸ਼ ਨਹੀਂ ਹੋਏ, ਜਿਸ ‘ਤੇ ਅਦਾਲਤ ਵੱਲੋਂ 13 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਇਸ ਤਰੀਕ ‘ਤੇ ਵੀ ਕੰਵਰ ਸੰਧੂ ਅਦਾਲਤ ਵਿਚ ਪੇਸ਼ ਨਹੀਂ ਹੋਏ। ਅਗਲੀ ਪੇਸ਼ੀ ‘ਤੇ 16 ਜੁਲਾਈ ਨੂੰ ਵੀ ਜਦੋਂ ਸੰਧੂ ਪੇਸ਼ ਨਾ ਹੋਏ ਤਾਂ ਜੱਜ ਆਰ.ਐਸ. ਨਾਗਪਾਲ ਵੱਲੋਂ ਉਨ੍ਹਾਂ ਦੇ ਗੈਰ-ਜ਼ਮਾਨਤੀ ਵਾਰੰਟ ਕੱਢ ਦਿੱਤੇ ਗਏ। ਇਸ ਦੀ ਪੁਸ਼ਟੀ ਸ਼ਿਕਾਇਤਕਰਤਾ ਕੰਪਨੀ ਦੇ ਵਕੀਲ ਭਜਨ ਲਾਲ ਸੈਣੀ ਨੇ ਕੀਤੀ ਹੈ। ਸੈਣੀ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 28 ਜੁਲਾਈ ਤੱਕ ਅਦਾਲਤ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ।
Related Topics: Aam Aadmi Party, corruption, FastWay Cable Network, Kanwar Sandhu