June 10, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ 2018 ‘ਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਦਿੱਲੀ ਅਕਾਲੀ ਦਲ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਦੀ ਇਜਾਜ਼ਤ ਦੇ ਦਿੱਤੀ ਹੈ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਇਵੈਕਿਉ ਟਰੱਸਟ ਵਲੋਂ ਦਲ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਮੁਖ ਇਮਾਰਤ ਦੇ ਲੈਂਟਰ ਪਾਏ ਜਾਣ ਅਤੇ ਚੌਗਿਰਦੇ ਦੀ ਮੁੜ ਉਸਾਰੀ ਦੀ ਲਿਖਤੀ ਇਜਾਜ਼ਤ ਲੈਕੇ ਅੰਮ੍ਰਿਤਸਰ ਪੁਜੇ ਸ. ਸਰਨਾ ਸ਼ੁੱਕਰਵਾਰ 9 ਜੂਨ ਨੂੰ ਇਥੇ ਪੱਤਰਕਾਰਾਂ ਨਾਲ ਗਲ ਕਰ ਰਹੇ ਸਨ।

ਦਿੱਲੀ ਤੋਂ ਨਨਕਾਣਾ ਸਾਹਿਬ ਤਕ ਕੱਢੇ ਜਾਣ ਵਾਲੇ ਨਗਰ ਕੀਰਤਨ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ
ਸ. ਸਰਨਾ ਨੇ ਦੱਸਿਆ ਕਿ ਦਿੱਲੀ ਅਕਾਲੀ ਦਲ ਲਈ ਇਹ ਦੂਸਰਾ ਮੌਕਾ ਹੋਵੇਗਾ ਜਦੋਂ ਉਹ ਦਿੱਲੀ ਤੋਂ ਨਨਕਾਣਾ ਸਾਹਿਬ ਤੀਕ ਨਗਰ ਕੀਰਤਨ ਦਾ ਪ੍ਰਬੰਧ ਕਰੇਗਾ। ਉਨ੍ਹਾਂ ਕਿਹਾ ਇਹ ਮੌਕਾ ਬਹੁਤ ਹੀ ਅਹਿਮ ਹੈ ਤੇ ਇਹ ਨਗਰ ਕੀਰਤਨ ਸ਼੍ਰੋਮਣੀ ਕਮੇਟੀ, ਦਿੱਲੀ ਗੁ: ਪ੍ਰ: ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਅਤੇ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਉਲੀਕਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਹ ਕੋਸ਼ਿਸ਼ ਕਰਨਗੇ ਕਿ ਇਸ ਨਗਰ ਕੀਰਤਨ ਲਈ ਤਿਆਰੀ ਕਰਦਿਆਂ ਇਸਨੂੰ ਹਰ ਕਿਸਮ ਦੀ ਧੜੇਬੰਦੀ ਤੋਂ ਦੂਰ ਰੱਖਿਆ ਜਾਏ ਅਤੇ ਪ੍ਰਬੰਧਨ ਲਈ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਪੰਜਾਬ ਵਿੱਚ ਹੀ ਕੋਈ ਸਾਂਝੀ ਇੱਕਤਰਤਾ ਰੱਖਣਾ ਚਾਹੁਣ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਸ. ਸਰਨਾ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਸੋਨੇ ਦੀ ਪਾਲਕੀ ਦਾ ਤਾਂ ਹੀ ਪ੍ਰਬੰਧ ਕੀਤਾ ਜਾਵੇਗਾ ਜੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਦੀ ਜ਼ਰੂਰਤ ਹੋਵੇ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਜਾਣ ਵਾਲੇ ਸਿੱਖ ਜਥੇ ਨੂੰ 7 ਜੂਨ ਨੂੰ ਭਾਰਤ ਸਰਕਾਰ ਵਲੋਂ ਇਜਾਜ਼ਤ ਨਾ ਦਿੱਤੇ ਜਾਣ ‘ਤੇ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਸਭ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ ਦਿਹੜੇ ਨਾ ਮਨਾਏੇ ਜਾਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹਨ। ਜੂਨ ’84 ਦਾ ਘਲੂਘਾਰਾ ਦਿਹਾੜਾ ਮਨਾਉਂਦਿਆਂ ਸ਼੍ਰੋਮਣੀ ਕਮੇਟੀ ਵਲੋਂ ਚੱਬਾ ਵਿਖੇ ਥਾਪੇ ਗਏ ਸਮਾਨਾਂਤਰ ਜਥੇਦਾਰਾਂ ਨੂੰ ਵੀ ਸੱਦਾ ਦੇਣ ਬਾਰੇ ਪੁਛੇ ਸਵਾਲ ਤੇ ਉਨ੍ਹਾਂ ਕਿਹਾ ਕੀ ਸ਼੍ਰੋਮਣੀ ਕਮੇਟੀ ਨੇ ਦੋ-ਦੋ ਜਥੇਦਾਰਾਂ ਨੂੰ ਮਾਨਤਾ ਦੇ ਹੀ ਦਿੱਤੀ ਹੈ?
Related Topics: Original Nanakshahi Calender, paramjit singh sarna, PSGPC