November 26, 2015 | By ਸਿੱਖ ਸਿਆਸਤ ਬਿਊਰੋ
ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਵੱਸਣ ਸਿੰਘ ਜ਼ੱਫਰਵਾਲ ਦਾ ਦੋ–ਦੋ ਦਿਨ ਦਾ ਪੁਲਿਸ ਰਿਮਾਂਡ
ਫੇਸ ਬੁੱਕ ਤੇ ਕੁਮੈਂਟ ਕਰਨ ਵਾਲੇ ਵਿਕਰਮ ਸਿੰਘ ਸੰਧੂ ਦਾ ਵੀ ਦੋ ਦਿਨ ਦਾ ਪੁਲਿਸ ਰਿਮਾਂਡ
ਅੰਮ੍ਰਿਤਸਰ ਸਾਹਿਬ: ਸਰਬੱਤ ਖਾਲਸਾ ਦੇ ਅਯੋਜਨ ਨੂੰ ਲੈਕੇ ਜਿਲ੍ਹਾ ਪੁਲਿਸ ਵਲੋਂ ਦਰਜ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਯੁਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਵੱਸਣ ਸਿੰਘ ਜ਼ੱਫਰਵਾਲ ਦਾ ਦੋ–ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ।ਇਸੇ ਤਰ੍ਹਾਂ ਸ਼ੋਸਲ ਮੀਡੀਆ ਫੇਸ ਬੁੱਕ ਤੇ ਕੁਮੈਂਟ ਕਰਨ ਵਾਲੇ ਵਿਕਰਮ ਸਿੰਘ ਸੰਧੂ ਦਾ ਵੀ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ।

ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਵੱਸਣ ਸਿੰਘ ਜ਼ੱਫਰਵਾਲ
ਯੁਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ,ਵੱਸਣ ਸਿੰਘ ਜ਼ੱਫਰਵਾਲ,ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘਅਜਨਾਲਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਵਲੋਂ ਦੇਰ ਸ਼ਾਮ ਭਾਰੀ ਪੁਲਿਸ ਸੁਰੱਖਿਆ ਹੇਠ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।ਇਨ੍ਹਾਂ ਤੋਂ ਇਲਾਵਾ ਫੇਸ ਬੁੱਕ ਤੇ ਕੋਈ ਕੁਮੈਂਟ ਕਰਨ ਵਾਲੇ ਵਿਕਰਮ ਸਿੰਘ ਸੰਧੂ ਮੀਰਾਂਕੋਟ ਨਾਮੀ ਇਕ ਨੌਜੁਆਨ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਸਫਾਈ ਪੱਖ ਵਲੋਂ ਵਕੀਲ ਸ੍ਰ ਜਸਬੀਰ ਸਿੰਘ ਜੰਮੂ ਅਤੇ ਨਰਿੰਦਰਪਾਲ ਸਿੰਘ ਭਾਟੀਆ ਪੇਸ਼ ਹੋਏ ।ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਭਾਈ ਦਾਦੂਵਾਲ ਅਤੇ ਜ਼ੱਫਰਵਾਲ ,ਸਰਬੱਤ ਖਾਲਸਾ ਅਯੋਜਨ ਦੇ ਸੂਤਰਧਾਰ ਹਨ ਇਨ੍ਹਾਂ ਪਾਸੋਂ ਕੁਝ ਬਰਮਾਦਗੀਆਂ ਹੋਣੀਆਂ ਹਨ ਜਿਸਦੇ ਚਲਦਿਆਂ ਮਾਨਯੋਗ ਜੱਜ ਸਾਹਿਬਾ ਨੇ ਭਾਈ ਦਾਦੂਵਾਲ ਅਤੇ ਸ੍ਰ ਵੱਸਣ ਸਿੰਘ ਜ਼ੱਫਰਵਾਲ ਦਾ ਦੋ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ।
ਪੁਲਿਸ ਵਲੋਂ ਫੇਸ ਬੁੱਕ ਕੁਮੈਂਟ ਮਾਮਲੇ ਵਿੱਚ ਪੇਸ਼ ਸਫਾਈ ਧਿਰ ਦੇ ਵਕੀਲ ਦਾ ਕਹਿਣਾ ਸੀ ਕਿ ਫੇਸ ਬੁੱਕ ਮਾਮਲਾ ਸਾਈਬਰ ਕਰਾਈਮ ਜੁਰਮ ਹੇਠ ਨਹੀ ਆਉਂਦਾ ਲੇਕਿਨ ਅਦਾਲਤ ਨੇ ਵਿਕਰਮ ਸੰਧੂ ਦਾ ਵੀ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।ਉਧਰ ਜਿਲ੍ਹਾ ਅਦਾਲਤ ਵਿੱਚ ਪੰਥਕ ਆਗੂਆਂ ਦੀ ਪੇਸ਼ੀ ਦੇ ਮੱਦੇ ਨਜਰ ਡੀ.ਐਸ.ਪੀ. ਗੁਰਨਾਮ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ.ਥਾਣਾ ਸਿਵਲ ਲਾਈਨਜ,ਐਸ.ਐਚ.ਓ.ਕੋਰਟ-ਕੰਪਲੈਕਸ,ਐਸ.ਐਚ.ਓ. ਮਜੀਠਾ ਰੋਡ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮ ਤਾਇਨਾਤ ਸਨ।
Related Topics: Babu Baljit Singh Daduwal, Bhai Amreek Singh Ajnala, Bhai Mohkam Singh, Punjab Police