December 22, 2019 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦਿੱਲੀ ਦੇ ਰਾਮ-ਲੀਲਾ ਮੈਦਾਨ ਵਿਚ ਹੋਣ ਜਾ ਰਹੇ ਭਾਸ਼ਣ ਮੌਕੇ ਸ਼ੱਤਾਂ ਉੱਤੇ ‘ਸਨਾਈਪਰ’ (ਲੰਮੀ ਦੂਰੀ ਦੀ ਮਾਰ ਵਾਲੇ ਬੰਦੂਕਚੀ) ਤਾਇਨਾਤ ਕੀਤੇ ਗਏ ਹਨ। ਸਖਤ ਪੁਲਿਸ ਪ੍ਰਬੰਧ ਤੋਂ ਇਲਾਵਾ 20 ਖਾਸ ਫੌਜੀ ਦਸਤੇ ਇਸ ਇਲਾਕੇ ਵਿਚ ਤਾਇਨਾਤ ਕੀਤੇ ਗਏ ਹਨ ਅਤੇ ਸਾਰੇ ਇਲਾਕੇ ਦੀ ਪਹਿਲਾਂ ਪੂਰੀ ਪੁਣ-ਛਾਣ ਕੀਤੀ ਗਈ ਹੈ ਤੇ ਆਵਾ-ਜਾਈ ‘ਤੇ ਰੋਕਾਂ ਲਾਈਆਂ ਗਈਆਂ ਹਨ। ਇਸ ਦੌਰਾਨ ‘ਐਂਟੀ-ਡਰੋਨ’ ਦਸਤੇ ਅਤੇ ਐਨ.ਐਸ.ਜੀ. ਕਮਾਂਡੋ ਵੀ ਤਾਇਨਾਤ ਰਹਿਣਗੇ।

ਖੱਬੇ: ਦੂਰਬੀਨ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕਰਦਾ ਰੱਖਿਆ ਅਫਸਰ | ਸੱਜੇ: ਇਕ ਕਾਮਾ ਅਮਿਤ ਸ਼ਾਹ ਅਤੇ ਨਰਰਿੰਦਰ ਮੋਦੀ ਦੇ ਗੱਤੇ ਦੇ ਬੁੱਤ ਲਿਜਾਂਦਾ ਹੋਇਆ
ਇਹ ਵੀ ਖਬਰ ਹੈ ਕਿ ਸਰਕਾਰ ਵਲੋਂ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਅੱਖ ਰੱਖੀ ਜਾ ਰਹੀ ਹੈ। ਸਰਕਾਰੀ ਅਫਸਰਾਂ ਦਾ ਕਹਿਣਾ ਹੈ ਕਿ ‘ਅਫਵਾਹਾਂ’ ਫੈਲਣ ਤੋਂ ਰੋਕਣ ਲਈ ਬਿਜਲ-ਸੱਥ ਉੱਤੇ ਵੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦਾ ਰਾਮ-ਲੀਲਾ ਮੈਦਾਨ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ਤੋਂ ਕੁਝ ਹੀ ਦੂਰੀ ਉੱਤੇ ਹੈ ਜਿੱਥੇ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਹੋਏ ਵਿਖਾਵਿਆਂ ਦੌਰਾਨ ਹਿੰਸਾ ਹੋਈ ਸੀ।
ਇਸ ਦੌਰਾਨ ਮੋਦੀ ਦਾ ਭਾਸ਼ਣ ਸੁਣਨ ਲਈ ਆਉਣ ਵਾਲੇ ਲੋਕਾਂ ਨੂੰ ਕਾਲੇ ਕੱਪੜੇ ਪਾ ਕੇ ਆਉਣ ਉੱਤੇ ਮਨਾਹੀ ਹੈ।
Related Topics: Indian Politics, Narendra Modi