ਸਿਆਸੀ ਖਬਰਾਂ

ਅੰਮ੍ਰਿਤਸਰ ਵਿਖੇ ਮਜੀਠੀਆ ਦੀ ਕੋਠੀ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ’ਤੇ ਲਾਠੀਚਾਰਜ; ਇੱਕ ਜ਼ਖ਼ਮੀ

September 8, 2016 | By

ਅੰਮ੍ਰਿਤਸਰ: ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਬੁੱਧਵਾਰ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਧਰਨਾ ਦੇਣ ਲਈ ਇਕੱਠੇ ਹੋਏ ਪੱਤਰਕਾਰਾਂ ’ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਮਗਰੋਂ ਪੱਤਰਕਾਰਾਂ ਕੋਲੋਂ ਮਜੀਠੀਆ ਦੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੇ ਮੰਗ ਪੱਤਰ ਲਿਆ ਅਤੇ ਮਜੀਠੀਆ ਦੇ ਹਵਾਲੇ ਨਾਲ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਦੇ ਬਾਹਰ ਪੁਲਿਸ ਲਾਠੀਚਾਰਜ ਕਰਕੇ ਜ਼ਖ਼ਮੀ ਹੋਏ ਪੱਤਰਕਾਰ ਨੂੰ ਸੰਭਾਲਦੇ ਹੋਏ ਸਾਥੀ

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਦੇ ਬਾਹਰ ਪੁਲਿਸ ਲਾਠੀਚਾਰਜ ਕਰਕੇ ਜ਼ਖ਼ਮੀ ਹੋਏ ਪੱਤਰਕਾਰ ਨੂੰ ਸੰਭਾਲਦੇ ਹੋਏ ਸਾਥੀ

ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਪੱਤਰਕਾਰ ਸਰਕਟ ਹਾਊਸ ਇਕੱਠੇ ਹੋਏ ਸਨ, ਜੋ ਕਾਲੀਆਂ ਦਸਤਾਰਾਂ ਅਤੇ ਪੱਟੀਆਂ ਬੰਨ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਮਜੀਠੀਆ ਦੀ ਰਹਾਇਸ਼ ਵੱਲ ਰਵਾਨਾ ਹੋਏ। ਰਹਾਇਸ਼ ਦੇ ਨੇੜੇ ਪੁਲਿਸ ਨੇ ਪੱਤਰਕਾਰਾਂ ’ਤੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਮੱਖੂ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਲਾਠੀਚਾਰਜ ਦੌਰਾਨ ਉਨ੍ਹਾਂ ਸਮੇਤ ਦਿਲਜੀਤ ਸਿੰਘ, ਸੰਨੀ ਸਹੋਤਾ, ਰਾਜੇਸ਼ ਸ਼ਰਮਾ, ਜਗਦੀਸ਼ ਸਿੰਘ ਬਮਰਾਹ, ਜਤਿੰਦਰਪਾਲ ਸਿੰਘ ਮਹਿਤਾ ਤੇ ਬਲਵਿੰਦਰ ਭੱਲਾ ਦੇ ਵੀ ਲਾਠੀਆਂ ਵੱਜੀਆਂ ਹਨ। ਸੰਨੀ ਸਹੋਤਾ ਨਾਂ ਦੇ ਪੱਤਰਕਾਰ ਨੂੰ ਪੁਲਿਸ ਨੇ ਘਸੀਟ ਕੇ ਆਪਣੇ ਵਾਹਨ ਵਿਚ ਲੈ ਗਈ। ਏਡੀਸੀਪੀ ਗੌਰਵ ਗਰਗ ਦੇ ਦਖ਼ਲ ਮਗਰੋਂ ਉਸਨੂੰ ਛੱਡਿਆ ਗਿਆ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮੀਡੀਆ ਕਰਮੀਆਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ’ਤੇ 10 ਸਤੰਬਰ ਨੂੰ ਪੁਲਿਸ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ। ਏਸੀਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੋਸ਼ ਲਾਇਆ ਕਿ ਮੀਡੀਆ ਕਰਮੀਆਂ ਵੱਲੋਂ ਪੁਲਿਸ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਖਿੱਚ ਧੂਹ ਹੋਈ ਹੈ। ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋਏ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਪੱਤਰਕਾਰਾਂ ’ਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਮੰਗ ਕੀਤੀ ਕਿ ਡੀਐਸਪੀ ਬਾਲਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਪੱਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,