ਸਿੱਖ ਖਬਰਾਂ

ਗਿੱਲ ਨੂੰ ਸ਼ਰਧਾਂਜਲੀ ਦੇਣ ‘ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਕੈਪਟਨ ਦੇ ਨਾਮ ਖੁੱਲੀ ਚਿੱਠੀ

June 16, 2017 | By

ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਚਿੱਠੀ ਜਥੇਬੰਦੀ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਵਲੋਂ ਲਿਖੀ ਗਈ ਹੈ। ਚਿੱਠੀ ਦੇ ਸ਼ੁਰੂ ‘ਚ ਪ੍ਰਵੀਨ ਕੁਮਾਰ ਨੇ ਆਪਣੇ ਬਾਰੇ ਦੱਸਿਆ ਕਿ ਉਸਦਾ ਭਰਾ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ਵਾਸੀ ਜੰਡਿਆਲਾ ਰੋਡ ਤਰਨ ਤਾਰਨ ਜਿਸ ਨੂੰ 22 ਜੂਨ 1993 ਨੂੰ ਕੇ.ਪੀ.ਐਸ ਗਿੱਲ ਦੇ ਡੀ.ਜੀ.ਪੀ ਕਾਲ ਦੌਰਾਨ ਡੀ.ਐਸ.ਪੀ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਤਰਨਤਾਰਨ ਪੁਲਿਸ ਨੇ ਪ੍ਰਵਾਰ ਸਮੇਤ ਘਰੋਂ ਚੁੱਕਿਆ ਅਤੇ 22 ਜੁਲਾਈ 1993 ਨੂੰ ਕਰਨੈਲ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਸਮੇਤ ਚਾਰਾਂ ਨੂੰ ਪਲਾਸੋਰ ਡਰੇਨ ਨੇੜੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ

ਪ੍ਰਵੀਨ ਕੁਮਾਰ ਨੇ ਅੱਗੇ ਦੱਸਿਆ ਕਿ ਉਸਦੇ ਭਰਾ ਅਤੇ ਹੋਰ ਸਿੱਖਾਂ ਨੂੰ ਝੂਠੇ ਮੁਕਾਬਲੇ ‘ਚ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਤਰਨਤਾਰਨ ਥਾਣਾ ਸਿਟੀ ‘ਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਪਰਿਵਾਰ ਨੂੰ ਗੁਲਸ਼ਨ ਕੁਮਾਰ ਦੇ ਝੂਠੇ ਮੁਕਾਬਲੇ ਤੋਂ ਕੁੱਝ ਦਿੱਨ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ। ਪ੍ਰਵੀਨ ਕੁਮਾਰ ਨੇ ਚਿੱਠੀ ‘ਚ ਅੱਗੇ ਦੱਸਿਆ ਕਿ ਮੇਰੇ ਪਿਤਾ ਚਮਨ ਲਾਲ ਨਿਆਂ ਖਾਤਰ 23 ਸਾਲ ਸੰਘਰਸ਼ ਕਰਦੇ ਰਹੇ ਅਤੇ ਆਖਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਝੂਠੇ ਮੁਕਾਬਲੇ ‘ਚ ਮਰਨ ਵਾਲੇ ਚਾਰੇ ਪੱਲੇਦਾਰੀ ਅਤੇ ਮਜ਼ਦੂਰੀ ਕਰਦੇ ਸਨ।

ਸਬੰਧਤ ਖ਼ਬਰ:

ਦਰਬਾਰਾ ਅਤੇ ਬੇਅੰਤ ਦੇ ਨਕਸ਼ੇ ਕਦਮਾਂ ‘ਤੇ ਹੀ ਚੱਲ ਰਿਹੈ ਕੈਪਟਨ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ. …

ਕੈਪਟਨ ਨੂੰ ਲਿਖੀ ਚੱਠੀ ‘ਚ ਅੱਗੇ ਕਿਹਾ ਗਿਆ, “ਕੱਲ੍ਹ ਤੁਸੀਂ ਸੁਪਰੀਮ ਕੋਰਟ ਦੁਆਰਾ ਰੂਪਨ ਦਿਉਲ ਬਜਾਜ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਚਰਿੱਤਰਹੀਣ ਸ਼ਖਸ ਕੇ.ਪੀ.ਐਸ ਗਿੱਲ ਨੂੰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦਿੱਤੀ ਹੈ। ਤੁਸੀਂ ਉਸ ਪਾਪੀ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਸ ਦੇ ਕਾਰਨਾਮਿਆਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਕੇਸ ਦੀ ਸੁਣਵਾਈ ਸਮੇਂ ਸੁਪਰੀਮ ਕੋਰਟ ਨੇ ਨਸਲਕੁਸ਼ੀ ਤੋਂ ਭੈੜੇ ਕਾਰੇ ਕਰਾਰ ਦਿੱਤਾ ਸੀ। ਤੁਸੀਂ ਉਸ ਦਰਿੰਦੇ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਸ ਨੇ ਤੁਹਾਡੇ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅੱਗੇ ਪੇਸ਼ ਕਰਾਏ 21 ਨੌਜਵਾਨਾਂ ਨੂੰ ਦਸੰਬਰ 1992 ਵਿੱਚ ਝੂਠੇ ਮੁਕਾਬਲੇ ਵਿਚ ਮਾਰਿਆ ਸੀ।

ਸਬੰਧਤ ਖ਼ਬਰ:

ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ ਤੇ ਕੈਪਟਨ ਨੇ ਸਿੱਖਾਂ ਸਿਰ ਚਾੜ੍ਹੀ ਇਕ ਹੋਰ ਭਾਜੀ: ਖਾਲੜਾ ਮਿਸ਼ਨ …

ਭਾਵੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ, ਦਿੱਲੀ ਅੰਦਰ ਹਜ਼ਾਰਾ ਸਿੱਖਾਂ ਦਾ ਕਤਲਾਆਮ ਕਰਕੇ ਅਤੇ ਪੰਜਾਬ ਦੀ ਜਵਾਨੀ ਦਾ ਝੂਠੇ ਮੁਕਾਬਲਿਆਂ ਰਾਹੀਂ ਘਾਣ ਕਰਕੇ ਕਾਂਗਰਸ ਪਾਰਟੀ ਨੇ ਆਪਣੀ ਜੜ ਆਪੇ ਪੁੱਟ ਲਈ ਸੀ ਪਰ ਅੱਜ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਕੇ ਤੁਸੀ ਗੁਰਾਂ ਦੇ ਨਾਮ ‘ਤੇ ਵਸਦੇ ਪੰਜਾਬ ਸਿਰ ਨਵੀਂ ਭਾਜੀ ਪਾਈ ਹੈ। ਵਿਧਾਨ ਸਭਾ ਵਿੱਚ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਸੀ ਜੋ ਸ੍ਰੀ ਦਰਬਾਰ ਸਾਹਿਬ ‘ਤੇ ਸਰਕਾਰੀ ਅੱਤਵਾਦੀ ਹਮਲੇ ਸਮੇਂ ਸ਼ਹੀਦ ਕੀਤੇ ਗਏ। ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਜਿਨ੍ਹਾਂ ਨੂੰ ਕਾਂਗਰਸ, ਭਾਜਪਾ ਆਰ.ਐਸ.ਐਸ. ਅਤੇ ਬਾਦਲਕਿਆਂ ਨੇ ਝੂਠੇ ਰੂਪ ਵਿੱਚ ਅੱਤਵਾਦੀ ਕਹਿ ਕੇ ਪ੍ਰਚਾਰਿਆ ਸੀ।

ਸਬੰਧਤ ਖ਼ਬਰ:

ਬੁੱਚੜ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ, ਭਾਜਪਾ ਅਤੇ ਆਪ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ …

ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਸੀ ਸ. ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉˆਕੇ ਅਤੇ ਹਜ਼ਾਰਾਂ ਹੋਰਨਾਂ ਨੂੰ ਜਿਨ੍ਹਾˆ ਨੂੰ ਗਿੱਲ ਅਤੇ ਹੋਰਨਾਂ ਦੀ ਕਮਾਂਡ ਹੇਠ ਝੂਠੇ ਮੁਕਾਬਲਿਆਂ ਵਿੱਚ ਕਤਲ ਕਰਕੇ ਅਣਪਛਾਤੀਆਂ ਲਾਸ਼ਾਂ ਵਿੱਚ ਬਦਲਿਆ ਗਿਆ। ਹਜ਼ਾਰਾਂ ਹੋਰਨਾਂ ਬੀਬੀਆਂ ਨੂੰ ਜਿਨ੍ਹਾˆ ਵਿੱਚ ਮਾਤਾ ਗੁਰਮੇਜ ਕੌਰ ਮਾਣੋਚਾਹਲ, ਮਹਿੰਦਰ ਕੌਰ ਪੰਜਵੜ, ਸੁਰਿੰਦਰ ਕੌਰ ਤਰਨਤਾਰਨ ਆਦਿ ਸ਼ਾਮਲ ਸਨ ਜਿਨ੍ਹਾˆ ਦੀਆਂ ਲਾਸ਼ਾਂ ਦਰਿਆਵਾਂ, ਨਹਿਰਾਂ ਵਿੱਚ ਰੋੜ੍ਹ ਦਿੱਤੀਆਂ ਗਈਆਂ। ਸ਼ਰਧਾਂਜਲੀ ਉਨ੍ਹਾਂ ਨੂੰ ਚਾਹੀਦੀ ਸੀ ਜੋ 21 ਨੌਜਵਾਨ ਤੁਸੀਂ ਪੇਸ਼ ਕਰਾਏ ਅਤੇ ਕੇ.ਪੀ.ਐਸ. ਗਿੱਲ. ਨੇ ਝੂਠੇ ਮੁਕਾਬਲੇ ਵਿੱਚ ਮਾਰੇ। ਦੱਸਣਾ ਬਣਦਾ ਹੈ ਕਿ ਗੁਲਸ਼ਨ ਕੁਮਾਰ ਅਤੇ ਹੋਰਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਕੇ ਡੀ.ਐਸ.ਪੀ. ਦਿਲਬਾਗ ਸਿੰਘ ਦੀ ਅਗਵਾਈ ਵਿੱਚ ਸ਼ਰਾਬਾਂ ਪੀ ਕੇ ਭੰਗੜੇ ਪਾਏ ਗਏ। ਇਕ ਐਸ.ਐਸ.ਪੀ. ਨੇ ਰਾਮ ਨਰੈਣ ਕੁਮਾਰ ਨੂੰ ਇੰਟਰਵਿਊ ਦਿੰਦਿਆਂ ਦਸਿਆ ਸੀ ਕਿ ਗਿੱਲ ਦੀਆਂ ਮੀਟਿੰਗਾਂ ਤੋਂ ਪਹਿਲਾਂ ਹਰ ਹਫਤੇ 300-400 ਸਿੱਖ ਮਾਰੇ ਜਾˆਦੇ ਸਨ। ਸੁਰਜੀਤ ਸਿੰਘ ਮੁਲਾਜ਼ਮ ਨਹਿਰੀ ਵਿਭਾਗ ਨੇ ਸੀ.ਬੀ.ਆਈ. ਨੂੰ ਦੱਸਿਆ ਸੀ ਕਿ ਪੁਲਿਸ ਅਧਿਕਾਰੀ ਹਰੀਕੇ ਵਿਖੇ ਰੋਜ਼ਾਨਾਂ 15-20 ਲਾਸ਼ਾਂ ਰੋੜ੍ਹਨ ਲਈ ਲਿਆਉਂਦੇ ਸਨ।”

ਚਿੱਠੀ ਦੇ ਅਖੀਰ ‘ਚ ਪ੍ਰਵੀਨ ਕੁਮਾਰ ਨੇ ਲਿਖਿਆ, “ਮੈਂ ਸਮਝਦਾ ਹਾ ਕਿ ਤੁਸੀਂ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਅਜਿਹਾ ਗੁਨਾਹ ਕੀਤਾ ਹੈ ਜਿਸ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ਤੁਸੀਂ ਆਪਣੇ-ਆਪ ਨੂੰ ਜੰਗਲ ਰਾਜ ਦੇ ਹਾਮੀਆਂ ਦੀ ਕਤਾਰ ਵਿੱਚ ਖੜ੍ਹਾ ਕਰਕੇ ਗੁਰਾਂ ਦੇ ਨਾਮ ‘ਤੇ ਵੱਸਦੇ ਪੰਜਾਬ ਨਾਲ ਧਰੋਹ ਕਮਾਇਆ ਹੈ। ਤੁਸੀਂ ਰਾਜ ਧਰਮ ਨਹੀਂ ਨਿਭਾਇਆ ਸਗੋਂ ਰਾਜ ਦਾ ਗਰੂਰ ਵਿਖਾਇਆ ਹੈ। ਚੋਣਾਂ ਵਿੱਚ ਤੁਹਾਡੀ ਜਿੱਤ ਬਾਦਲਕਿਆਂ ਵਲੋਂ ਕੀਤੀ ਪੰਜਾਬ ਦੀ ਬਰਬਾਦੀ ਕਾਰਨ ਹੋਈ ਸੀ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,