August 29, 2016 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹਰ ਰੋਜ਼ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਸਿੱਖ ਯੂਥ ਆਫ ਪਜਾਬ ਨੇ ਗਹਿਰੀ ਚਿੰਤਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਿਸਾਨਾਂ ਦੀਆਂ ਇਹਨਾਂ ਖੁਦਕੁਸ਼ੀਆਂ ਪਿਛੇ ਮੂਲ ਰੁਪ ਵਿਚ ਕਾਰਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ ਤੇ ਇਹਨਾਂ ਮਾਰੂ ਨੀਤੀਆਂ ਵਿਚ ਵੱਖ-ਵੱਖ ਸਮੇਂ ਦੀਆਂ ਰਹੀਆਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਦੋਸ਼ੀ ਹਨ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਪੰਜਾਬ ਅੰਦਰ 80ਵੇਂ ਅਤੇ 90ਵਿਆਂ ਦੇ ਦਹਾਕੇ ਵਿਚ ਹਥਿਆਰਬੰਦ ਫੋਰਸਾਂ ਰਾਹੀਂ ਖੂਨ ਦੀ ਹੋਲੀ ਖੇਡੀ ਤੇ ਅੱਜ ਆਪਣੀਆਂ ਮਾਰੂ ਨੀਤੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਕਿ ਫਿਰ ਖੁੂੁਨ ਦੀ ਹੋਲੀ ਖੇਡ ਰਹੀ ਹੈ। ਉਹਨਾ ਕੇਂਦਰ ਸਰਕਾਰ ਨੂੰ ਸਮਾਂ ਰਹਿੰਦੇ ਹੀ ਗਲਫਤ ਦੀ ਨੀਂਦ ਤੋਂ ਜਾਗ ਜਾਣ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਬਦਲਣ ਤੇ ਨਾਲ ਹੀ ਆਪਣਾ ਇਹ ਭੁਲੇਖਾ ਕੱਢ ਦੇਣ ਲਈ ਕਿਹਾ ਕਿ ਸ਼ਾਇਦ ਪੰਜਾਬ ਦੇ ਕਿਸਾਨ ਚੁਪਚਾਪ ਇਹ ਸਾਰਾ ਕੁਝ ਸਹਿਣ ਕਰਦੇ ਰਹਿਣਗੇ।
ਉਹਨਾ ਕਿਸਾਨਾਂ ਦੇ ਕਰਜ਼ੇ ਦੇ ਬੋਝ ਹੇਠ ਆਉਣ ਦੇ ਕਾਰਨਾਂ ‘ਤੇ ਟਿੱਪਣੀ ਕਰਦਿਆਂ ਕਿਹਾ ਹਾਲਾਂਕਿ ਹਰੀ ਕ੍ਰਾਂਤੀ ਨੇ ਪੰਜਾਬ ਦੇ ਕਿਸਾਨਾਂ ਦੇ ਇਕ ਛੋਟੇ ਤਬਕੇ ਨੂੰ ਲਾਭ ਪਹੁੰਚਾਇਆ ਹੈ ਪਰ ਇਹ ਵੀ ਸੱਚ ਹੈ ਕਿਸਾਨੀ ਦਾ ਵੱਡਾ ਹਿੱਸਾ ਇਸ ਦਾ ਕੋਈ ਜ਼ਿਆਦਾ ਲਾਭ ਨਹੀਂ ਲੈ ਸਕਿਆ। ਅੱਜ ਹਾਲਾਤ ਇਹ ਹਨ ਕਿ ਇਕ ਪਾਸੇ ਤਾਂ ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਭਾਅ ਨਹੀਂ ਮਿਲਦਾ ਦੁੂਜੇ ਪਾਸੇ ਬਦਲਵੀਆ ਫਸਲਾਂ ਜਿਸਦਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਹਾਲ-ਦੁਹਾਈ ਪਾਈ ਜਾਂਦੀ ਹੈ ਉਸਦੇ ਮੰਡੀਕਰਨ ਦਾ ਕੋਈ ਪ੍ਰਬੰਧ ਨਹੀ ਹੈ।
ਦੂਜਾ ਅਹਿਮ ਕਾਰਨ ਪੰਜਾਬ ਦੇ ਪਾਣੀਆਂ ਦਾ ਲੁੱਟਿਆ ਜਾਣਾ ਹੈ ਪੰਜਾਬ ਦਾ ਪਾਣੀ ਜਿਸ ਉੱਪਰ ਕਿ ਪੰਜਾਬ ਦਾ ਮਾਲਕੀ ਹੱਕ ਹੈ ਪਰ ਕੇਂਦਰ ਸਰਕਾਰ ਨੇ ਰਾਇਪੇਰੀਅਨ ਸਿਧਾਂਤ ਦੀ ਉਲੰਘਣਾ ਕਰਦੇ ਹੋਏ ਪੰਜਾਬ ਦਾ ਪਾਣੀ ਜ਼ਬਰਦਸਤੀ ਖੋਹ ਕੇ ਰਾਜਸਥਾਨ ਤੇ ਹਰਿਆਣਾ ਨੁੰ ਦਿੱਤਾ ਹੋਇਆ ਹੈ। ਜਿਸ ਕਾਰਨ ਪੰਜਾਬ ਦੇ ਪਾਣੀ ਦਾ ਪੱਧਰ ਦਿਨੋ ਦਿਨ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਤੇ ਪੰਜਾਬ ਬੰਜਰ ਬਣਦਾ ਜਾ ਰਿਹਾ ਹੈ। ਕਿਸਾਨ ਆਏ ਦਿਨ ਸਮਰਸੀਬਲ ਤੇ ਟਿਊਬਵੈਲ, ਬੋਰਾਂ ਉੱਪਰ ਲੱਖਾਂ ਰੁਪਏ ਖਰਚ ਕਰਕੇ ਆਪਣੀ ਫਸਲ ਪੈਦਾ ਕਰਨ ਲਈ ਮਜਬੂਰ ਹਨ ਜਿਸ ਕਾਰਨ ਫਸਲ ਬਹੁਤ ਮਹਿੰਗੇ ਭਾਅ ਵਿਚ ਪੈਂਦੀ ਹੈ। ਉਹਨਾ ਕਿਹਾ ਕਿ ਪਿਛਲੇ ਸਾਲਾਂ ਵਿਚ ਮਹਿੰਗੇ ਭਾਅ ਦੀਆਂ ਖਾਦਾਂ ਅਤੇ ਕੀਟਨਾਸ਼ਕ ਰਸਾਇਣਕ ਦਵਾਈਆਂ ਕਾਰਨ ਫਸਲ ਪੈਦਾਵਾਰ ਦੀ ਲਾਗਤ ਬਹੁਤ ਜ਼ਿਆਦਾ ਵਧ ਗਈ ਹੈ। ਇਹਨਾਂ ਕਾਰਨਾਂ ਅਤੇ ਹਾਲਾਤਾਂ ਦੇ ਚਲਦਿਆਂ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਹਨ ਜਦਕਿ ਸਰਕਾਰ ਵਲੋਂ ਕਿਸੇ ਵੀ ਰੂਪ ਵਿਚ ਉਹਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ ਜਿਸ ਕਾਰਨ ਨਿਰਾਸ਼ ਹੋਏ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ
ਉਹਨਾਂ ਕਿਹਾ ਕਿ ਮਿਹਨਤੀ ਤੇ ਕਿਰਤੀ ਕਿਸਾਨ ਨੂੰ ਇਸ ਹਕੂਮਤ ਦੀਆਂ ਕਿਸਾਨ ਵਿਰੋਧੀ ਨੀਤੀਆਂ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਨਾ ਹੀ ਅਜਿਹੀ ਰਾਜ ਪ੍ਰਣਾਲੀ ਤੋਂ ਕੋਈ ਚੰਗੇ ਦੀ ਆਸ ਹੀ ਰੱਖਣੀ ਚਾਹੀਦੀ ਹੈ ਜਿਹੜੀ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦੀ ਹੋਵੇ। ਅਖੀਰ ਵਿਚ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਖੁਦਕੁਸ਼ੀਆਂ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਰਥਿਕ ਮੰਦਹਾਲੀ ਅਤੇ ਖੁਦਕੁਸ਼ੀਆਂ ਤੋਂ ਨਿਜਾਤ ਪਾਉਣ ਤੇ ਸਵੈਮਾਣ ਨਾਲ ਜ਼ਿੰਦਗੀ ਜਿਊੁਣ ਲਈ ਇਸ ਹਕੂਮਤ ਦੇ ਖਿਲਾਫ ਇਕਮੁਠ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਮੀਤ ਪ੍ਰਧਾਨ ਗੁਰਪ੍ਰੀਤ ਸਿਘ ਨੇ ਕਿਹਾ ਕਿ ਪਾਰਟੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਹਨਾਂ ਦੇ ਨਾਲ ਹਰ ਮੌਕੇ ਸਹਿਯੋਗ ਕਰੇਗੀ ਉਨ੍ਹਾਂ ਇਸ ਮੌਕੇ ਕਿਸਾਨ ਸੰਘਰਸ ਕਮੇਟੀ ਤੇ ਹੋਰ ਕਿਸਾਨ ਜਥੇਬਦੀਆਂ ਵਲੋਂ 29 ਅਗਸਤ ਨੂੰ ਦਸੂਹਾ ਵਿਖੇ ਕਿਸਾਨਾਂ ਦੀਆਂ ਹੱਕੀ ਮੰਗਾ ਨਾ ਮੰਨੇ ਜਾਣ ਦੇ ਰੋਸ ਵਜੋਂ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨੇ ਦਾ ਸਮਰਥਨ ਕਰਦਿਆਂ ਉਸ ਵਿਚ ਸ਼ਮੁਲੀਅਤ ਕਰਨ ਦਾ ਐਲਾਨ ਕੀਤਾ ਇਸ ਮੌਕੇ ਉਨ੍ਹਾਂ ਨਾਲ ਗੁਰਨਾਮ ਸਿਘ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿਘ, ਸਰਬਜੋਤ ਸਿਘ, ਸੁਖਪ੍ਰੀਤ ਸਿਘ, ਰਮਨਜੀਤ ਸਿਘ ਅਤੇ ਹੋਰ ਨੌਜਵਾਨ ਹਾਜ਼ਿਰ ਸਨ।
Related Topics: Farmers' Issues and Agrarian Crisis in Punjab, Paramjit Singh Tanda, Sikh Youth of Punjab, ਖੇਤੀਬਾੜੀ ਸੰਕਟ Agriculture Crisis