ਸਿਆਸੀ ਖਬਰਾਂ » ਸਿੱਖ ਖਬਰਾਂ

ਸਰਕਾਰ ਬਨਾਉਣ ਲਈ ਕਿਸੇ ਨੂੰ ਨਹੀਂ ਮਿਲੇਗਾ ਸਪੱਸ਼ਟ ਬਹੁਮਤ, ਸਿਆਸੀ ਸੌਦੇਬਾਜ਼ੀ ਨਾਲ ਬਣੇਗੀ ਸਰਕਾਰ

May 14, 2014 | By

ਨਵੀਂ ਦਿੱਲੀ, (12 ਮਈ 2014):- ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੂੰ 240 ਤੋਂ 250 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਤੋਂ ਸਾਫ਼ ਹੈ ਕਿ ਸਰਕਾਰ ਬਣਾਉਣ ਲਈ ਭਗਵਾਂ ਪਾਰਟੀ ਨੂੰ ਜੈਲਲਿਤਾ, ਮਮਤਾ ਜਾਂ ਮਾਇਆਵਤੀ ਦੀਆਂ ਲੇਲ੍ਹੜੀਆਂ ਕੱਢਣੀਆਂ ਪੈ ਸਕਦੀਆਂ ਹਨ। ਦੂਜੇ ਪਾਸੇ ਤੀਜਾ ਮੋਰਚਾ ਜਿਸ ਨੂੰ 150 ਤੋਂ 160 ਸੀਟਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ, ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਤਹਿਤ ਕਾਂਗਰਸ ਦਾ ਸਮਰਥਨ ਹਾਸਲ ਕਰਨ ਵਾਸਤੇ ਹਰ ਸੰਭਵ ਯਤਨ ਕਰੇਗਾ। ਕਾਂਗਰਸ ਨੂੰ 115 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ।

ਪੰਜਾਬ ਵਿਚ ਕਾਂਗਰਸ ਨੂੰ 7, ਅਕਾਲੀ-ਭਾਜਪਾ ਗਠਜੋੜ ਨੂੰ 5 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲਣ ਦੇ ਕਿਆਸੇ ਲਾਏ ਜਾ ਰਹੇ ਹਨ ਜਦਕਿ ਕੌਮੀ ਰਾਜਧਾਨੀ ਵਿਚ ਭਾਜਪਾ ਨੂੰ 5 ਅਤੇ ਆਮ ਆਦਮੀ ਪਾਰਟੀ ਨੂੰ 2 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਰਾਜਸਥਾਨ ਦੀਆਂ 25 ਸੀਟਾਂ ਵਿਚੋਂ ਭਾਜਪਾ ਨੂੰ 22, ਕਾਂਗਰਸ ਨੂੰ 2 ਅਤੇ ਇਕ ਸੀਟ ਹੋਰਨਾਂ ਦੇ ਖਾਤੇ ਵਿਚ ਜਾ ਸਕਦੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਅੰਨਾ ਡੀ.ਐਮ.ਕੇ. ਨੂੰ 22, ਡੀ.ਐਮ.ਕੇ. ਨੂੰ 10, ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 4, ਖੱਬੇ ਪੱਖੀਆਂ ਨੂੰ 2 ਅਤੇ ਕਾਂਗਰਸ ਨੂੰ 1 ਸੀਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਬਿਹਾਰ ਦੀ ਸਿਆਸਤ ਵਿਚ ਹਾਸ਼ੀਏ ‘ਤੇ ਪੁੱਜ ਚੁੱਕੇ ਲਾਲੂ ਪ੍ਰਸਾਦ ਦੀ ਪਾਰਟੀ ਨੂੰ ਇਸ ਵਾਰ ਕਾਫ਼ੀ ਫ਼ਾਇਦਾ ਹੋਣ ਦਾ ਅਨੁਮਾਨ ਹੈ। ਸੂਬੇ ਵਿਚ ਲਾਲੂ ਦੇ ਰਾਸ਼ਟਰੀ ਜਨਤਾ ਦਲ ਨੂੰ 10 ਮਿਲ ਸਕਦੀਆਂ ਹਨ ਜਦਕਿ ਭਾਜਪਾ ਨੂੰ 19, ਲੋਕ ਜਨਸ਼ਕਤੀ ਪਾਰਟੀ ਨੂੰ 2, ਕਾਂਗਰਸ ਨੂੰ 4 ਅਤੇ ਸੱਤਾਧਾਰੀ ਜਨਤਾ ਦਲ-ਯੂ ਨੂੰ 5 ਸੀਟਾਂ ਮਿਲ ਸਕਦੀਆਂ ਹਨ।

ਲੋਕ ਸੀਟਾਂ ਦੀ ਗਿਣਤੀ ਪੱਖੋਂ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ 42, ਬਸਪਾ ਨੂੰ 14, ਸਪਾ ਨੂੰ 12, ਕਾਂਗਰਸ ਨੂੰ 8 ਅਤੇ ਬਾਕੀ ਸੀਟਾਂ ਹੋਰਨਾਂ ਦੇ ਖਾਤੇ ਵਿਚ ਜਾ ਸਕਦੀਆਂ ਹਨ। ਪਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੂੰ 24, ਖੱਬੇ ਪੱਖੀਆਂ ਨੂੰ 12, ਕਾਂਗਰਸ ਨੂੰ 5 ਅਤੇ ਭਾਜਪਾ ਨੂੰ 1 ਸੀਟ ਮਿਲਣ ਦਾ ਅਨੁਮਾਨ ਹੈ।

ਆਂਧਰਾ ਪ੍ਰਦੇਸ਼ ਵਿਚ ਵੀ ਸਥਿਤੀ ਕਾਫ਼ੀ ਦਿਲਚਸਪ ਜਾਪ ਰਹੀ ਹੈ ਜਿਥੇ ਵਾਈਐਸਆਰ ਕਾਂਗਰਸ 18 ਸੀਟਾਂ ਨਾਲ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰਦੀ ਦਿਖਾਈ ਦੇ ਰਹੀ ਹੈ। ਸੂਬੇ ਵਿਚ ਤੇਲਗੂ ਦੇਸਮ ਪਾਰਟੀ ਨੂੰ 9, ਤੇਲੰਗਾਨਾ ਰਾਸ਼ਟਰ ਸੰਮਤੀ ਨੂੰ ਅੱਠ, ਕਾਂਗਰਸ ਨੂੰ ਤਿੰਨ ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ। ਕਰਨਾਟਕ ਵਿਚ ਭਾਜਪਾ ਨੂੰ 14 ਕਾਂਗਰਸ ਨੂੰ ਅੱਠ ਅਤੇ ਜੇਡੀਐਸ ਨੂੰ ਚਾਰ ਸੀਟਾਂ ਮਿਲ ਸਕਦੀਆਂ ਹਨ।

ਕੇਰਲ ਵਿਚ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 9, ਖੱਬੇ ਪੱਖੀਆਂ ਨੂੰ ਅੱਠ, ਭਾਜਪਾ ਨੂੰ ਇਕ ਅਤੇ ਹੋਰਨਾਂ ਨੂੰ ਦੋ ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,