ਸਿਆਸੀ ਖਬਰਾਂ

ਸੰਸਦ ਦੇ ਅਜਾਇਬਘਰ ’ਚ ਨਾਨਕਸ਼ਾਹੀ ਸਿੱਕਾ ਹੋਵੇਗਾ ਸਥਾਪਿਤ : ਮਨਜੀਤ ਸਿੰਘ ਜੀ.ਕੇ.

July 19, 2016 | By

ਨਵੀਂ ਦਿੱਲੀ: ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਵਿਖੇ ਸਥਾਪਿਤ ਹੋਵੇਗਾ। ਇਹ ਦਾਅਵਾ ਲੋਕ ਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਸਾਂਸਦਾਂ ਦੇ ਵਫ਼ਦ ਦੀ ਮੁਲਾਕਾਤ ਦੌਰਾਨ ਕੀਤਾ। ਇਸ ਵਫ਼ਦ ਵਿਚ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਹਰਵਿੰਦਰ ਸਿੰਘ ਖਾਲਸਾ ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਸ਼ਾਮਲ ਸਨ।

Graphic1

ਲੋਕ ਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ

ਵਫ਼ਦ ਦੇ ਮੈਂਬਰਾਂ ਨੇ ਸੰਸਦ ਭਵਨ ਵਿਖੇ ਆਖਿਰੀ ਸਿੱਖ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਸਥਾਪਿਤ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸੰਸਦ ਭਵਨ ’ਚ ਸਥਾਪਿਤ ਕਰਨ ਵਾਸਤੇ ਇੱਕ ਮੰਗ ਪੱਤਰ ਯਾਦਗਾਰੀ ਸਿੱਕੇ ਸਣੇ ਸਪੀਕਰ ਨੂੰ ਸੌਂਪਿਆ। ਵਫ਼ਦ ਵੱਲੋਂ ਪਹਿਲੇ ਖੁਦਮੁਖਤਿਆਰ ਸਿੱਖ ਰਾਜ ਦੀ ਖੂਬੀਆਂ ਬਾਰੇ ਵੀ ਸਪੀਕਰ ਨੂੰ ਜਾਣਕਾਰੀ ਦਿੱਤੀ ਗਈ।

ਜੀ.ਕੇ. ਨੇ ਦੱਸਿਆ ਕਿ ਸਪੀਕਰ ਸਾਹਿਬਾ ਨੇ ਸਿੱਕੇ ਨੂੰ ਸੰਸਦ ਦੇ ਅਜਾਇਬਘਰ ਵਿਖੇ ਸਥਾਪਿਤ ਕਰਨ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਮਸਲਾ ਅਗਲੀ ਪ੍ਰਵਾਨਗੀ ਲਈ ਸੰਸਦੀ ਕਮੇਟੀ ਕੋਲ ਭੇਜਣ ਦੀ ਸੰਸਦ ਪ੍ਰਸ਼ਾਸਨ ਨੂੰ ਹਿਦਾਇਤ ਦਿਤੀ ਹੈ। ਜੀ.ਕੇ. ਨੇ ਕਿਹਾ ਕਿ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੁਮਾਇੰਦਗੀ ਦੇ ਪ੍ਰਤੀਕ ਸੰਸਦ ਭਵਨ ਵਿਚ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਸਾਂਭ ਸੰਭਾਲ ਕੇ ਕਾਇਮ ਕਰਨ ਨਾਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਜਿਥੇ ਇਤਿਹਾਸਿਕ ਮਾਨਤਾ ਪ੍ਰਾਪਤ ਹੋਵੇਗੀ ਉਥੇ ਹੀ ਸਿੱਖ ਕੌਮ ਨੂੰ ਵੀ ਮਾਣ ਮਹਿਸੂਸ ਹੋਵੇਗਾ। ਜੀ.ਕੇ. ਨੇ ਸਾਰੀ ਸਿਆਸੀ ਪਾਰਟੀਆਂ ਦੇ ਸਿੱਖ ਸੰਸਦਾਂ ਨੂੰ ਇਸ ਮਸਲੇ ‘ਤੇ ਕੌਮ ਦੀ ਆਵਾਜ਼ ਬੁਲੰਦ ਕਰਨ ਦਾ ਵੀ ਸੱਦਾ ਦਿਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,