November 18, 2010 | By ਸਿੱਖ ਸਿਆਸਤ ਬਿਊਰੋ
ਬੀਤੇ ਹਫ਼ਤੇ ਹੀ ਆਰ. ਐਸ. ਐਸ. ਦੇ ਮੁਖੀ ਭਾਗਵਤ ਦੇ ਨਿਰਦੇਸ਼ ਹੇਠ, ਭਾਰਤ ਭਰ ਦੇ ਹਿੰਦੂਤਵੀਆਂ ਨੇ, ਦੇਸ਼ ਭਰ ਵਿੱਚ ਰੋਸ ਜਲੂਸ, ਧਰਨੇ ਤੇ ਰੈਲੀਆਂ ਕੀਤੀਆਂ ਅਤੇ ਸ਼ਿਕਾਇਤ ਕੀਤੀ ਕਿ ਆਰ. ਐਸ. ਐਸ. ਨੂੰ ਖਾਹਮਖਾਹ ‘ਦਹਿਸ਼ਤਗਰਦੀ’ ਨਾਲ ਜੋੜਿਆ ਜਾ ਰਿਹਾ ਹੈ। ਭਾਗਵਤ ਨੇ ਆਪ ਲਖਨਊ ਰੈਲੀ ਵਿੱਚ ਸ਼ਮੂਲੀਅਤ ਕੀਤੀ। ਪਹਿਲਾਂ ਆਰ. ਐਸ. ਐਸ. ਦਾ ਸਿਆਸੀ ਵਿੰਗ ਬੀ. ਜੇ. ਪੀ., ਇਹੋ ਜਿਹੇ ਪ੍ਰੋਗਰਾਮ ਉਲੀਕਦਾ ਸੀ ਪਰ ਐਸਾ ਅਚਾਨਕ ਕੀ ਹੋਇਆ ਹੈ ਕਿ ਆਰ. ਐਸ. ਐਸ. ਨੂੰ ਖੁਦ ਮੈਦਾਨ ਵਿੱਚ ਉਤਰਨਾ ਪਿਆ ਹੈ?
ਹਕੀਕਤ ਇਹ ਹੈ ਕਿ ਪਿਛਲੇ ਵਰ੍ਹਿਆਂ ਵਿੱਚ, ਭਾਰਤ ਭਰ ਵਿੱਚ ਹੋਈਆਂ ਕੁਝ ਪ੍ਰਮੁੱਖ ਦਹਿਸ਼ਤਗਰਦ ਘਟਨਾਵਾਂ ਦੀ ਜਾਂਚ-ਪੜਤਾਲ ਦੌਰਾਨ, ਇਨ੍ਹਾਂ ਵਿੱਚ ਆਰ. ਐਸ. ਐਸ. ਦੀ ਸਿੱਧੀ ਸ਼ਮੂਲੀਅਤ ਦੇ ਸਬੂਤ ਸਾਹਮਣੇ ਆਏ ਹਨ। ਇਨ੍ਹਾਂ ਪ੍ਰਮੁੱਖ ਦਹਿਸ਼ਤਗਰਦ ਘਟਨਾਵਾਂ ਵਿੱਚ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ, ਦਿੱਲੀ ਦੀ ਜਾਮਾ ਮਸਜਿਦ ਵਿਚਲਾ ਬੰਬ ਧਮਾਕਾ, ਅਜਮੇਰ ਸ਼ਰੀਫ ਬੰਬ ਧਮਾਕੇ, ਮਾਲੇਗਾਓਂ (ਮਹਾਰਾਸ਼ਟਰ) ਬੰਬ ਧਮਾਕੇ ਅਤੇ ਹੈਦਰਾਬਾਦ (ਗੁਜਰਾਤ) ਦੀ ਮੱਕਾ ਮਸਜਿਦ ਬੰਬ ਧਮਾਕੇ ਸ਼ਾਮਲ ਹਨ। ਮਹਾਰਾਸ਼ਟਰਾ ਅਤੇ ਰਾਜਸਥਾਨ ਦੀਆਂ ‘ਕਾਂਗਰਸ ਸਰਕਾਰਾਂ’ ਵਲੋਂ ਭਾਵੇਂ ਢਿੱਲੀ-ਮੱਠੀ ਚਾਲ ਨਾਲ ਹੀ ਸਹੀ, ਇਸ ਪਾਸੇ ਕੀਤੀ ਗਈ ‘ਪੜਤਾਲ’, ਆਰ. ਐਸ. ਐਸ. ਦੀ ਹਲਚਲ ਅਤੇ ਜ਼ਹਿਰੀਲੀ ਬਿਆਨਬਾਜ਼ੀ ਦਾ ਮੂਲ ਕਾਰਨ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਮਹਾਰਾਸ਼ਟਰਾ ਦੀ ਦਹਿਸ਼ਤਗਰਦ-ਵਿਰੋਧੀ ਯੂਨਿਟ ਦੇ ਮੁਖੀ ਹੇਮੰਤ ਕਰਕਰੇ ਨੇ ਸਭ ਤੋਂ ਪਹਿਲਾਂ, ਹਿੰਦੂ ਦਹਿਸ਼ਤਗਰਦੀ ਤੋਂ ਪਰਦਾ ਚੁੱਕਿਆ ਸੀ। ਉਸ ਨੇ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਅਤੇ ਜੰਮੂ ਦੇ ਸਾਧ ਦਿਆਨੰਦ ਸਮੇਤ ਸਭ ਨੂੰ ‘ਲਪੇਟ’ ਲਿਆ ਸੀ ਪਰ ਮੁੰਬਈ ਵਿਚਲੇ ਦਹਿਸ਼ਤਗਰਦ ਹਮਲੇ ਦੀ ਆੜ ਵਿੱਚ, ਹਿੰਦੂਤਵੀ ਏਜੰਸੀਆਂ ਨੇ ਕਰਕਰੇ ਅਤੇ ਉਸ ਦੇ ਦੋ ਇਮਾਨਦਾਰ ਸਾਥੀ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਤੋਂ ਬਾਅਦ, ‘ਮਹਾਰਾਸ਼ਟਰ ਕਾਰਵਾਈ’ ਸਬੰਧੀ ਮੀਡੀਏ ਵਿੱਚ ਕੋਈ ਵੇਰਵਾ ਨਹੀਂ ਆਇਆ। ਹੁਣ ਰਾਜਸਥਾਨ ਦੀ ਦਹਿਸ਼ਤਗਰਦ ਵਿਰੋਧੀ ਸਕਵੈਡ ਨੇ ਅਜਮੇਰ ਬੰਬ ਧਮਾਕਿਆਂ ਸਬੰਧੀ ਅਦਾਲਤ ਵਿੱਚ 806 ਸਫਿਆਂ ਦੀ ਦੋਸ਼-ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਆਰ. ਐਸ. ਐਸ. ਦੇ ਪ੍ਰਮੁੱਖ ਕਾਰਕੁੰਨਾਂ ਦੀ ਦਹਿਸ਼ਤਗਰਦੀ ਵਿੱਚ ਸ਼ਮੂਲੀਅਤ ਸਬੰਧੀ ਸਬੂਤ ਪੇਸ਼ ਕੀਤੇ ਗਏ ਹਨ।
ਉਪਰੋਕਤ ਦੋਸ਼ ਰਿਪੋਰਟ ਅਨੁਸਾਰ, “ਗੁਜਰਾਤ ਵਿੱਚ ਆਰ. ਐਸ. ਐਸ. ਦੇ ਅੰਦਰੂਨੀ ਗਰੁੱਪ, ਜਿਸ ਵਿੱਚ ਸਾਧਵੀ ਪ੍ਰਗਿਆ ਠਾਕੁਰ, ਸਵਾਮੀ ਆਸੀਮਾਨੰਦ, ਰਾਮ ਜੀ ਕਾਲਸੰਗਰੇ, ਸੰਦੀਪ ਡਾਂਗੇ ਅਤੇ ਸੁਨੀਲ ਜੋਸ਼ੀ ਨੇ ਇੱਕ ਲੰਬੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ, ਮੁਸਲਮਾਨਾਂ ਤੋਂ ਬਦਲਾ ਲੈਣ ਦੀ ਰਣਨੀਤੀ ਤਿਆਰ ਕੀਤੀ। ਇਨ੍ਹਾਂ ਨੇ ਅਖੀਰ ਵਿੱਚ ਪੰਜ ਨਿਸ਼ਾਨੇ ਨਿਰਧਾਰਤ ਕੀਤੇ, ਜਿਨ੍ਹਾਂ ਵਿੱਚ ਸਮਝੌਤਾ ਐਕਸਪ੍ਰੈੱਸ, ਮੱਕਾ ਮਸਜਿਦ, ਮਾਲੇਗਾਓਂ, ਅਜਮੇਰ ਸ਼ਰੀਫ ਅਤੇ ਜਾਮਾ ਮਸਜਿਦ ਸ਼ਾਮਲ ਸਨ। ਸਮਝੌਤਾ ਐਕਸਪ੍ਰੈੱਸ ਵਿੱਚ ਵਰਤੇ ਗਏ ਬੰਬ ਇੰਦੌਰ ਵਿੱਚ ਤਿਆਰ ਕੀਤੇ ਗਏ। ਇਨ੍ਹਾਂ ਬੰਬਾਂ ਨੂੰ ਵਰਤਣ ਵਾਲੇ ਸੁਨੀਲ ਜੋਸ਼ੀ ਦਾ ਦੇਵਾਸ (ਮੱਧ ਪ੍ਰਦੇਸ਼) ਵਿੱਚ 27 ਦਸੰਬਰ, 2007 ਨੂੰ ਭੇਦਭਰੀ ਹਾਲਤ ਵਿੱਚ ਕਤਲ ਕੀਤਾ ਗਿਆ। ਸਮਝੌਤਾ ਐਕਸਪ੍ਰੈੱਸ ਸਮੇਤ ਸਾਰੇ ਹਮਲਿਆਂ ਦੀਆਂ ਖੁਫੀਆ ਮੀਟਿੰਗਾਂ ਵਿੱਚ, ਆਰ. ਐਸ. ਐਸ. ਦੇ ਪ੍ਰਮੁੱਖ ਆਗੂ ਇੰਦਰੇਸ਼ ਕੁਮਾਰ (ਇਹ ਆਰ. ਐਸ. ਐਸ. ਦੀ ਕੇਂਦਰੀ ਕਾਰਜਕਾਰਨੀ ਦਾ ਮੈਂਬਰ ਵੀ ਹੈ) ਦੀ ਸ਼ਮੂਲੀਅਤ ਰਹੀ। 31 ਅਕਤੂਬਰ, 2005 ਨੂੰ ਜੈਪੁਰ ਦੇ ਗੁਜਰਾਤੀ ਰੈਸਟ ਹਾਊਸ ਵਿੱਚ ਹੋਈ ਖੁਫੀਆ ਮੀਟਿੰਗ ਵਿੱਚ ਵੀ ਇੰਦਰੇਸ਼ ਕੁਮਾਰ ਸ਼ਾਮਲ ਸੀ…।’’
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਟ ਨੇ ਕਿਹਾ ਹੈ ਕਿ, ‘ਸੱਚਾਈ ਹੁਣ ਬਾਹਰ ਆ ਚੁੱਕੀ ਹੈ। ਆਰ.ਐਸ. ਐਸ. ਇਸ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੈ।’ ਯੂ. ਪੀ. ਦੀ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਰ. ਐਸ. ਐਸ. ਦੇ ਦਹਿਸ਼ਤਗਰਦੀ ਵਿੱਚ ਲਿਪਤ ਹੋਣ ਕਰਕੇ ਇਸ ’ਤੇ ਪਾਬੰਦੀ ਆਇਦ ਕੀਤੀ ਜਾਵੇ। ਹੋਰ ਵੀ ਪਾਰਟੀਆਂ, ਨੇਤਾਵਾਂ ਵਲੋਂ ਇਹੋ ਜਿਹੇ ਵਿਚਾਰ ਪ੍ਰਗਟਾਏ ਗਏ ਹਨ।
ਪਾਠਕਜਨ! ਭਾਵੇਂ ਕਿ ਸਾਡਾ ਮੰਨਣਾ ਹੈ ਕਿ ਭਾਰਤ ਦਾ ਅਦਾਲਤੀ ਸਿਸਟਮ, ‘ਹਿੰਦੂਤਵੀਆਂ’ ਨੂੰ ਹੱਥ ਨਹੀਂ ਪਾਏਗਾ ਅਤੇ ਉਹ ਸਹੀ-ਸਲਾਮਤ ਰਹਿਣਗੇ ਪਰ ਰਾਜਸਥਾਨ ਦੀ ਪੜਤਾਲੀਆ ਰਿਪੋਰਟ ਨੇ, ਉਹ ਸਭ ‘ਸੱਤ’ ਸਾਬਤ ਕਰ ਦਿੱਤਾ ਹੈ, ਜੋ ਅਸੀਂ ਵਰ੍ਹਿਆਂ ਤੋਂ ਕਹਿੰਦੇ ਆ ਰਹੇ ਹਾਂ। ਸਮਝੌਤਾ ਐਕਸਪ੍ਰੈੱਸ ਬੰਬ ਧਮਾਕਿਆਂ ਤੋਂ ਫੌਰਨ ਬਾਅਦ ਲਿਖੇ 21 ਫਰਵਰੀ, 2007 ਦੇ ਸਾਡੇ ਐਡੀਟੋਰੀਅਲ ਦਾ ਸਿਰਲੇਖ ਸੀ – ‘ਸਮਝੌਤਾ ਐਕਸਪ੍ਰੈੱਸ ਵਿੱਚ ਹੋਏ ਬੰਬ ਧਮਾਕਿਆਂ ’ਤੇ ਹਿੰਦੂ ਮੂਲਵਾਦੀਆਂ ਦੀਆਂ ਉਂਗਲੀਆਂ ਦੇ ਪ੍ਰਤੱਖ ਨਿਸ਼ਾਨ।’ ਇਸ ਸੰਪਾਦਕੀ ਦੇ ਅਖੀਰ ਵਿੱਚ ਅਸੀਂ ਕਿਹਾ ਸੀ, “ਜੇ ਇਨ੍ਹਾਂ ਬੰਬ ਧਮਾਕਿਆਂ ਦੀ ਅੰਤਰਰਾਸ਼ਟਰੀ ਪੜਤਾਲ ਹੋਵੇ ਤਾਂ ਅਸਲ ਕਾਤਲ ਟੋਲੇ ‘ਹਿੰਦੂ ਮੂਲਵਾਦੀਆਂ’ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ। ਹਿੰਦੂ ਮੂਲਵਾਦੀ ਆਪਣੇ ਅਪਵਿੱਤਰ ਇਰਾਦਿਆਂ ਨੂੰ ਭਾਰਤੀ ਖੁਫੀਆ ਏਜੰਸੀਆਂ ਦੀ ਮਿਲੀਭੁਗਤ ਨਾਲ ਸਿਰੇ ਚਾੜ੍ਹ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਿਆਨਕ ਘਟਨਾਵਾਂ ਸਾਹਮਣੇ ਆਉਣਗੀਆਂ। ਹਿੰਦੂ ਦਹਿਸ਼ਤਗਰਦੀ, ਇਸ ਵੇਲੇ ਆਪਣੀ ਚਰਮ-ਸੀਮਾ ਵੱਲ ਵਧ ਰਹੀ ਹੈ ਅਤੇ ਭਾਰਤ ਵਿੱਚ ਕਿਸੇ ਵੀ ਵੇਲੇ, ਕੁਝ ਵੀ ਹੋ ਸਕਦਾ ਹੈ….।’’
ਕੀ ਅਮਰੀਕਾ, ਕੈਨੇਡਾ ਸਮੇਤ ਸਮੁੱਚੀ ਪੱਛਮੀ ਜਗਤ, ਜਿਹੜਾ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਮੰਨੀ ਬੈਠਾ ਹੈ, ਭਾਰਤ ਦੀ ‘ਹਿੰਦੂਤਵੀ ਦਹਿਸ਼ਤਗਰਦੀ’ ਦਾ ਨੋਟਿਸ ਲਵੇਗਾ, ਜਿਹੜੀ ਕਿ ਇੰਨ-ਬਿੰਨ ਨਾਜ਼ੀਵਾਦੀ ਵਿਚਾਰਧਾਰਾ ਦਾ ਦੋਹਰਾਅ ਹੀ ਹੈ? 1930ਵਿਆਂ ਵਿੱਚ ਨਾਜ਼ੀ ਜਰਮਨੀ ਦਾ ਨਾਂ ‘ਸੋਸ਼ਲਿਸਟ ਰੀਪਬਲਿਕ ਆਫ ਜਰਮਨੀ’ ਸੀ, ਜਿਸ ਨਾਂਅ ਨੂੰ ਦੋਹਰਾਅ ਕੇ ਪੱਛਮੀ ਜਗਤ ਦੇ ਲੀਡਰ ਕਿਹਾ ਕਰਦੇ ਸਨ – ‘ਜਰਮਨੀ ਦੇਸ਼ ਸਮਾਜਵਾਦੀ ਵੀ ਹੈ ਅਤੇ ਰੀਪਬਲਿਕ ਵੀ। ਇਥੇ ਲਗਾਤਾਰਤਾ ਨਾਲ ਚੋਣਾਂ ਹੁੰਦੀਆਂ ਹਨ। ਉਥੇ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋ ਰਿਹਾ, ਇਹ ਸਭ ਯਹੂਦੀਆਂ ਦਾ ਪ੍ਰਾਪੇਗੰਡਾ ਹੈ।’ ਅੱਜ ਇਹ ਹੀ ਪੱਛਮੀ ਜਗਤ ਥਾਂ ਥਾਂ ‘ਹੌਲੋਕਾਸਟ ਮਿਊਜ਼ੀਅਮ’ ਬਣਾ ਕੇ ਨਾਜ਼ੀਆਂ ਵਲੋਂ 60 ਲੱਖ ਮਾਰੇ ਗਏ ਯਹੂਦੀਆਂ, ਜਿਪਸੀਆਂ, ਰੋਮਨ ਕੈਥੋਲਿਕਾਂ ਆਦਿ ਦੀਆਂ ਕਹਾਣੀਆਂ ਸੁਣਾਉਂਦਾ ਹੈ। ਕੀ ਭਾਰਤ ਵਿੱਚ ਹਿੰਦੂਤਵੀ ਦਹਿਸ਼ਤਗਰਦਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿ-ਵਾਸੀਆਂ ਆਦਿ ਦੀਆਂ ਕਹਾਣੀਆਂ ਵੀ ਬਾਅਦ ਵਿੱਚ, ਮਿਊਜ਼ੀਅਮਾਂ ਵਿੱਚ ਹੀ ਸੁਣਾਈਆਂ ਜਾਣਗੀਆਂ ਜਾਂ ਪੱਛਮੀ ਜਗਤ, ਅੱਖਾਂ ਖੋਲ ਕੇ ਕੰਧ ’ਤੇ ਲਿਖਿਆ ਪੜੇਗਾ?
[ਹਫਤਾਵਾਰੀ ਚੜ੍ਹਦੀਕਲਾ ਕੈਨੇਡਾ (ਅੰਕ 17 ਨਵੰਬਰ, 2010) ਦੀ ਸੰਪਾਦਕੀ]
Related Topics: Hindu Groups, Indian Satae