ਆਮ ਖਬਰਾਂ » ਖੇਤੀਬਾੜੀ

ਕਿਸਾਨੀ ਮੁੱਦਿਆਂ ‘ਤੇ ਕਈ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ; 5 ਮੁੱਦਿਆਂ ‘ਤੇ ਸੰਘਰਸ਼ ਦਾ ਐਲਾਨ

July 18, 2017 | By

ਚੰਡੀਗੜ੍ਹ: ਭੱਖਦੇ ਕਿਸਾਨੀ ਮੁੱਦਿਆਂ ਅਤੇ ਪੰਜਾਬ ਵਿੱਚ ਹੋ ਰਹੀਆਂ ਖੁਦਕੁਸ਼ੀਆਂ ‘ਤੇ ਅੱਜ (18 ਜੁਲਾਈ) ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ ਚਾਰ ਜੱਥੇਬੰਦੀਆਂ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਪਗੜੀ ਸੰਭਾਲ ਜੱਟਾਂ, ਅਤੇ ਦੁਆਬਾ ਸੰਘਰਸ਼ ਕਮੇਟੀ ਨੇ ਸਾਂਝੇ ਤੌਰ ‘ਤੇ ਕਿਸਾਨੀ ਮਸਲਿਆਂ ‘ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇੱਕਜੁੱਟਤਾ ਪ੍ਰਗਟ ਕੀਤੀ ਅਤੇ ਇੱਕਠੇ ਹੋ ਕੇ 5 ਮੁੱਦਿਆਂ ‘ਤੇ ਸੰਘਰਸ਼ ਕਰਨ ਲਈ ਤਿਆਰੀ ਉਲੀਕੀ।

ਜਾਰੀ ਸਾਂਝੇ ਪ੍ਰੈਸ ਬਿਆਨ ‘ਚ ਭਾਰਤੀ ਕਿਸਾਨ ਯੂਨੀਅਨ (ਰਜਿ:) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਹਨਾਂ ਮੁੱਦਿਆਂ ਵਿੱਚ ਪਹਿਲਾ, ਡਾ. ਸਆਮੀਨਾਥਨ ਰਿਪੋਰਟ ਦੀ ਸਿਫਾਰਸ਼ ਕੀਤੀ ਜਿਨਸ ਉਪਰ ਆਉਣ ਵਾਲੇ ਖਰਚੇ ਤੋਂ ਇਲਾਵਾ 50% ਮੁਨਾਫਾ ਦਿੱਤਾ ਜਾਵੇ। ਦੂਜਾ, ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਉਸ ਕਰਜ਼ੇ ਉਪਰ ਲਕੀਰ ਫੇਰੀ ਜਾਵੇ। ਤੀਜਾ, ਆਵਾਰਾਂ ਪਸ਼ੂਆਂ ਅਤੇ ਜਾਨਵਰਾਂ ਦੀ ਸਮੱਸਿਆਂ ਦਾ ਪੱਕਾ ਅਤੇ ਢੁੱਕਵਾਂ ਹੱਲ ਸਰਕਾਰ ਆਪਣੇ ਪੱਧਰ ‘ਤੇ ਕਰੇ। ਚੌਥਾ, ਖੇਤੀ ਕੰਮ ਧੰਦੇ ਵਿੱਚ ਆਉਣ ਵਾਲੀਆਂ ਵਸਤੂਆਂ ਜਿਵੇਂ ਖਾਦ, ਕੀੜੇਮਾਰ ਦਵਾਈਆਂ ਮਸ਼ੀਨਰੀ ਅਤੇ ਸੰਦਾਂ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਿਆ ਜਾਵੇ। ਪੰਜਵਾਂ, ਫਸਲਾਂ ਦੀ ਰਹਿੰਦ-ਖੂੰਹਦ ਦਾ ਸਰਕਾਰ ਆਪਣੇ ਤੌਰ ‘ਤੇ ਨਿਪਟਾਰਾ ਕਰੇ ਜਾਂ ਕਿਸਾਨਾਂ ‘ਤੇ ਪੈਣ ਵਾਲੇ ਖਰਚੇ ਨੂੰ ਮੁਆਵਜ਼ੇ ਦੇ ਰੂਪ ਵਿੱਚ ਪਹਿਲਾਂ ਪੇਸ਼ਗੀ ਵਜੋਂ ਦੇਵੇ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਹਨਾਂ ਮੁੱਦਿਆਂ ਨੂੰ ਸਰਬਸਮੰਤੀ ਨਾਲ ਅੱਜ ਦੀ ਮੀਟਿੰਗ ਵਿੱਚ ਬੈਠੇ ਸਾਰੀਆਂ ਜੱਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਟੇਟ ਬਾਡੀ ਨੇ ਪਾਸ ਕੀਤਾ ਅਤੇ ਅੱਗੇ ਇਹਨਾਂ ਮੱਦਿਆਂ ‘ਤੇ ਇੱਕਠੇ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਤਾਂ ਕਿ ਡੁੱਬਦੀ ਹੋਈ ਕਿਸਾਨੀ ਨੂੰ ਬਚਾਇਆ ਜਾ ਸਕੇ।

ਇਹਨਾਂ ਜੱਥੇਬੰਦੀਆਂ ਨੇ ਇੱਕ ਪੰਜ ਮੈਂਬਰੀ ਕਮੇਟੀ ਐਲਾਨ ਕੀਤੀ ਜਿਸ ਨੂੰ ਅਗਲੀ ਕਾਰਵਾਈ ਕਰਨ ਲਈ ਸਾਰੇ ਅਧਿਕਾਰ ਸਰਬਸਮੰਤੀ ਨਾਲ ਪ੍ਰਦਾਨ ਕੀਤੇ ਗਏ ਅਤੇ ਇਸ ਜਥੇਬੰਦੀ ਦਾ ਨਾਮ ‘ਪੰਜਾਬ ਕਿਸਾਨ ਸੰਗਠਨ’ ਪ੍ਰਵਾਨ ਕੀਤਾ ਗਿਆ।

ਜਿਵੇਂ ਗੰਨੇ ਦੀ ਅਦਾਇਗੀ ਨੂੰ ਲੈ ਕੇ ਅਤੇ ਨਰਮੇ/ਕਣਕ/ਝੋਨਾ/ਆਲੂ/ਮੱਕੀ ਦੀ ਨਾ ਖਰੀਦ ਹੋਣ ਕਾਰਨ ਕਿਸਾਨਾਂ ਨੂੰ ਵੱਖ-ਵੱਖ ਮੋਰਚੇ ‘ਤੇ ਲੜਨਾ ਪੈਂਦਾ ਸੀ ਹੁਣ ਇਹ ਪੰਜਾਬ ਕਿਸਾਨ ਸੰਗਠਨ ਇਕ ਮੰਚ ਤੋਂ ਇਹਨਾਂ ਸਾਰਿਆਂ ਮੱਦਿਆਂ ‘ਤੇ ਕਿਸਾਨੀ ਲਈ ਜ਼ੋਰਦਾਰ ਸੰਘਰਸ਼ ਲਈ ਤਿਆਰ ਬਰ ਤਿਆਰ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੰਗਠਨ ਵਿੱਚ ਸਾਰੇ ਕਿਸਾਨ ਜੱਥੇਬੰਦੀਆਂ ਲਈ ਦਰਵਾਜ਼ੇ ਖੁੱਲ੍ਹੇ ਹਨ। ਆਪਣੀ-ਆਪਣੀ ਜੱਥੇਬੰਦੀ ਦਾ ਵਾਜੂਦ ਰੱਖ ਕੇ ਕਿਸਾਨੀ ਸੰਘਰਸ਼ ਦੀ ਲੜਾਈ ਇੱਕ ਮੰਚ ਤੋਂ ਲੜਨ ਦਾ ਖੁੱਲ੍ਹਾ ਸੱਦਾ ਸਭ ਨੂੰ ਦਿੱਤਾ ਗਿਆ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Agitated Farmers To Protest Against Punjab Government …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,