ਚੋਣਵੀਆਂ ਲਿਖਤਾਂ » ਲੇਖ

ਇੱਕ ਸੂਰਜ ਡੁੱਬ ਗਿਆ

March 29, 2015 | By

ਅੱਜ  ੨੯ ਮਾਰਚ, ਸਿੱਖ ਇੱਤਹਾਸ ਦਾ ਉਹ ਮਨਹੂਸ ਦਿਨ ਹੈ, ਜਦੋਂ ੧੮੪੯ ਵਿੱਚ ਇਸ ਦਿਨ, ਵੱਡੀ ਸ਼ਹਿਨਸ਼ਾਹੀ ਦੀ ਮਾਲਿਕ ਕੌਮ ਬਰਤਾਨਵੀ ਗੁਲਾਮੀ ਵਿੱਚ ਜੱਕੜ ਦਿੱਤੀ ਗਈ ਸੀ । ਜਿਹੜੀ ਗੁਲਾਮੀ ਅਸੀਂ ਅੱਜ ਭੋਗ ਰਹੇ ਹਾਂ, ਇਹ ਇੱਕ ਤੋਂ ਬਾਦ ਦੂਜੀ ਗੁਲਾਮੀ ਹੈ, ਬਰਤਾਨਵੀ ਸਾਮਰਾਜ ਤੋਂ ਬਾਦ ਦਿੱਲੀ ਦੇ ਹਿੰਦੁਤੱਵੀ ਸਾਮਰਾਜ ਦੀ ਗੁਲਾਮੀ ਹੈ । ਅੱਜ ਜਦੋਂ ਮੈਂ ਇਸ ਦਿਨ ਬਾਰੇ ਕੁੱਝ ਲਿਖਣ ਲਈ ਸੋਚ ਰਿਹਾ ਸਾਂ, ਤਾਂ ਮੈਨੂੰ ਜੇਲ੍ਹ ਦੇ ਦਿਨ੍ਹਾਂ ਵਿੱਚ ਲਿਖਿਆ ਆਪਣਾ ਹੀ ਇੱਕ ਲੇਖ ਯਾਦ ਆ ਗਿਆ, ਜੋ ਉਸ ਵੇਲੇ ਕਈ ਰਸਾਲਿਆਂ ਵਿੱਚ ਛਪਿਆ ਸੀ । ਮੈਂ ਪੁਰਾਣੀਆਂ ਲਿਖਤਾਂ ਦੀ ਫੋਲਾ ਫਾਲੀ ਬਾਦ ਇਸ ਲੇਖ ਨੂੰ ਲੱਭ ਕੇ ਪੜ੍ਹਿਆ, ਤਾਂ ਮਹਿਸੂਸ ਹੋਇਆ ਕਿ ਇਹ ਲੇਖ ਹੀ ਇਸ ਦਿਨ ਤੇ ਦੋਸਤਾਂ ਨਾਲ ਸਾਂਝਾ ਕਰਨ ਲਈ ਸੱਭ ਤੋਂ ਢੁੱਕਵਾਂ ਰਹੇਗਾ । “ਇੱਕ ਸੂਰਜ ਡੁੱਬ ਗਿਆ” ਦੇ ਨਾਮ ਹੇਠ ਲਿਖਿਆ ਇਹ ਲੇਖ ਇੱਕ ਲੰਮਾ ਲੇਖ ਹੈ, ਜੋ ਫੇਸਬੁੱਕ ਲਈ ਢੁੱਕਵਾਂ ਨਹੀਂ ਹੈ, ਪਰ ਇਸ ਦਿਨ ਲਈ ਬਹੁਤ ਢੁੱਕਵਾਂ ਹੈ । ਮੈਂ ਇਹ ਲੇਖ ਇਸ ਭਾਵਨਾਂ ਨਾਲ ਸਾਂਝਾ ਕਰ ਰਿਹਾ ਹਾਂ ਕਿ ਮੇਰੇ ਕੁੱਝ ਨਾ ਕੁੱਝ ਨਵੇਂ ਦੋਸਤ, ਨਵੀਂ ਪੀੜੀ ਦੇ ਦੋਸਤ ਕੌਮ ਦੇ ਇੰਨੇ ਵੱਡੇ ਦੁਖਾਂਤ ਨਾਲ ਜੁੜ੍ਹ ਕੇ ਕੁੱਝ ਹੰਝੂ ਕੇਰਨ ਲਈ ਵਕਤ ਕੱਢ ਹੀ ਲੈਣ ਗੇ ।

ਗਜਿੰਦਰ ਸਿੰਘ, ਦਲ ਖਾਲਸਾ । ੨੮ ਮਾਰਚ ੨੦੧੫ ।

ਇੱਕ ਸੂਰਜ ਡੁੱਬ ਗਿਆ
\n29 ਮਾਰਚ, 1849
/ ਗਜਿੰਦਰ ਸਿੰਘ, ਦਲ ਖ਼ਾਲਸਾ

 

NishanHome1-240x300

ਉਹ ਸੂਰਜ, ਜਿਸ ਨੂੰ ਚੜ੍ਹਨ ਲਗਿਆਂ 1699 ਤੋਂ 1799 ਤੱਕ, ਇੱਕ ਸੌ ਸਾਲ ਦਾ ਸਮਾਂ ਲੱਗਾ ਸੀ, ਜਿਸ ਦਾ ਤੇਜ ਚਾਲੀ ਸਾਲ ਦੇ ਸਮੇਂ ( 1799-1839 ) ਵਿੱਚ ਦੂਰ ਦੂਰ ਤੱਕ ਫੈਲ ਗਿਆ ਸੀ, ਉਸ ਨੂੰ ਇੱਤਹਾਸ ਦੇ ਡੂੰਘੇ ਹਨੇਰਿਆਂ ਵਿੱਚ ਗ਼ਰਕ ਹੋਣ ਲਗਿਆਂ ਕੇਵਲ ਦਸ ਸਾਲ ( 1839-1849 ) ਹੀ ਲੱਗੇ । ਇਤਨੇ ਤੇਜੱਸਵੀ ਸੂਰਜ ਦਾ, ਇੰਨੇ ਥੋੜ੍ਹੇ ਸਮੇਂ ਵਿੱਚ ਹੀ ਗ਼ਰਕ ਹੋ ਜਾਣਾ, ਕੀ ਆਪਣੇ ਸਮੇਂ ਦੀ ਸੁਭਾਵਿਕ ਇਤਹਾਸਿਕ ਪ੍ਰਕਿਰਿਆ ਸੀ ? ਕੀ ਇਹ ਅੰਗਰੇਜਾਂ ਦੀ ਕੁਟਲ ਨੀਤੀ ਸੀ ? ਕੀ ਗੱਦਾਰਾਂ ਦੀ ਗੱਦਾਰੀ ਸੀ ? ਕੀ ਸਿੱਖ ਲੀਡਰਸ਼ਿੱਪ ਦੀ ਕਮਜ਼ੋਰੀ ਸੀ ? ਕੀ ਇਹ ਘਰ ਦੀ ਫੁੱਟ ਸੀ ? ਜਾਂ ਇਹ ਕੁੱਝ ਹੋਰ ਸੀ ? ਆਓ, ਇਸ ਦਿਨ ਨੂੰ ਇਨਾ ਸਵਾਲੀਆ ਚਿੰਨ੍ਹਾਂ ਵਿੱਚੋਂ ਲੰਘਾਉਂਦੇ ਹੋਏ ਯਾਦ ਕਰੀਏ ।

ਕੁੱਝ ਵੀਰਾਂ ਦੀ ਇਹ ਰਾਏ ਹੈ ਕਿ ਪੁਰਾਤਨ ਸਿੱਖ ਇੱਤਹਾਸ ਦੀਆਂ ਸਖ਼ਸ਼ੀਅਤਾਂ ਉਤੇ ਕਿਸੇ ਕਿਸਮ ਦਾ ਕਿੰਤੂ ਨਹੀਂ ਕੀਤਾ ਜਾਣਾ ਚਾਹੀਦਾ । ਮੇਰੀ ਸੋਚ ਇਸ ਉਪਰੋਕਤ ਰਾਏ ਨਾਲ ਨਹੀਂ ਮਿਲਦੀ, ਮੇਰੇ ਖਿਆਲ ਵਿੱਚ ਪੁਰਾਤਨ ਅਤੇ ਨਵੀਨ, ਸਿੱਖ ਇੱਤਹਾਸ ਦੀ ਹਰ ਸਿਰਜਣਾਤਮਕ ਸਖ਼ਸ਼ੀਅਤ ਦਾ ਪੂਰਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਪਰ ਆਪਣੀਆਂ ਗ਼ਲਤੀਆਂ ਦੀ ਪੜ੍ਹਚੋਲ ਨਾ ਕਰਨਾ, ਜਾਂ ਉਹਨਾਂ ਸਬੰਧੀ ਅੱਖਾਂ ਬੰਦ ਕਰ ਕੇ ਰੱਖਣਾ, ਕਿਸੇ ਤਰਾ ਵੀ ਕੌਮੀ ਹਿੱਤ ਵਿੱਚ ਨਹੀਂ ਹੋ ਸਕਦਾ । ਕੋਈ ਵੀ ਸਖ਼ਸ਼ੀਅਤ ਪੂਰੀ ਤਰਾ ਠੀਕ ਨਹੀਂ ਹੋ ਸਕਦੀ, ਠੀਕ ਨੂੰ ਠੀਕ ਕਿਹਾ ਜਾਣਾ ਚਾਹੀਦਾ ਹੈ, ਤੇ ਗ਼ਲਤੀਆਂ ਦੀ ਉਸਾਰੂ ਆਲੋਚਨਾ ਹੋਣੀ ਚਾਹੀਦੀ ਹੈ । ਗ਼ਲਤੀਆਂ ਦੀ ਨਿਸ਼ਾਨਦੇਹੀ, ਉਨਾ ਨੂੰ ਦਰੁਸਤ ਕਰਨ ਦੀ ਇੱਛਾ ਪੈਦਾ ਕਰਦੀ ਹੈ, ਤੇ ਇਹ ਇੱਛਾ ਹੀ ਆਣ ਵਾਲੇ ਵਕਤ ਦੀਆਂ ਸਫਲਤਾਵਾਂ ਦਾ ਆਧਾਰ ਬਣਦੀ ਹੈ । ”ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ” ।

1699 ਦੀ ਵਿਸਾਖੀ ਨੂੰ, ਦਸਮ ਪਾਤਸ਼ਾਹ ਵੱਲੋਂ ਅਮ੍ਰਤਿ ਦੀ ਦਾਤ ਬਖ਼ਸ਼ ਕੇ ਸਿੱਖਾਂ ਨੂੰ ਸਿੰਘ ਬਣਾਉਣ ਨਾਲ, ਖ਼ਾਲਸੇ ਦੇ ਰੂਪ ਵਿੱਚ ਇੱਕ ਨਵੀਂ ਕੌਮ ਦੀ ਸਿਰਜਣਾ ਸੰਪੂਰਨ ਹੁੰਦੀ ਹੈ। ਇਸ ਦਿਨ ਤੋਂ ਸਿੱਖ ਲਹਿਰ ਸੰਘਰਸ਼ ਦੇ ਇੱਕ ਨਵੇਂ ਦੌਰ ਵਿੱਚ ਦਾਖਿਲ ਹੁੰਦੀ ਹੈ । ਹੁਣ ਉਸ ਦਾ ਸੰਘਰਸ਼ ਅਕਾਲ ਪੁਰਖ ਦੀ ਫੌਜ ਦਾ ਸੰਘਰਸ਼ ਹੈ, ਅਕਾਲ ਪੁਰਖ ਦੀ ਖਲਕਤ ਉਤੇ ਜ਼ੁਲਮ ਢਾਹੁਣ ਵਾਲਿਆਂ ਦੇ ਵਿਰੁੱਧ । ਜ਼ੁਲਮ ਦੀ ਪ੍ਰਤੀਕ ਇੱਥੇ ਦਿੱਲੀ ਦੀ ਮੁਗ਼ਲੀਆ ਹਕੂਮੱਤ ਹੈ, ਅਤੇ ਖ਼ਾਲਸਾ ਉਸ ਦੇ ਵਿਰੁੱਧ ਮਜ਼ਲੂਮ ਖਲਕਤ ਦੀਆਂ ਭਾਵਨਾਵਾਂ ਅਤੇ ਅਕਾਲ ਪੁਰਖ ਦੀ ਰਜ਼ਾ ਦਾ ਪ੍ਰਤੀਕ ਬਣ ਕੇ ਲੜ੍ਹ ਰਿਹਾ ਹੈ । ਇਹ ਸੰਘਰਸ਼ ਕੌਮੀ ਮੁਕਤੀ ਦਾ ਸੰਘਰਸ਼ ਹੈ, ਇਹ ਜੰਗ ਕੌਮੀ ਮੁਕਤੀ ਦੀ ਜੰਗ ਹੈ, ਇੱਕ ਸੌ ਸਾਲ ਦੇ ਲੰਮੇ ਦੌਰ ਵਿੱਚ ਫੈਲੀ ਆਜ਼ਾਦੀ ਦੀ ਜੰਗ ।

12 ਮਈ 1710, ‘ਚੱਪੜ੍ਹ ਚਿੜੀ’ ਦੀ ਜੰਗ ਵਿੱਚ ਫਤਿਹ ਹਾਸਿਲ ਕਰਨ ਤੋਂ ਬਾਦ, ਬਾਬਾ ਬੰਦਾ ਸਿੰਘ ਬਹਾਦਰ ਦੀ ਅੱਗਵਾਈ ਵਿੱਚ, ਖ਼ਾਲਸੇ ਦਾ ਸਰਹਿੰਦ ਉਤੇ ਕਬਜ਼ਾ ਹੁੰਦਾ ਹੈ, ਅਤੇ ਬਾਜ ਸਿੰਘ ਸਰਹਿੰਦ ਦੇ ਪਹਿਲੇ ਸਿੱਖ ਗਵਰਨਰ ਥਾਪੇ ਜਾਂਦੇ ਹਨ । ਪਜਾੰਬ ਦੀ ਇਸ ਧਰਤੀ ਉਤੇ ਪਹਿਲੇ ਖ਼ਾਲਸਾ ਰਾਜ ਦੀ ਨੀਂਹ ਰੱਖ ਦਿੱਤੀ ਜਾਂਦੀ ਹੈ, ਜਿਸ ਦੀ ਰਾਜਧਾਨੀ ਸਢੌਰੇ ਨੇੜ੍ਹੇ ‘ਮੁਖਲਿਸਪੁਰ’ ਨੂੰ ਬਣਾਇਆ ਜਾਂਦਾ ਹੈ । ਗੁਰੂ ਦੇ ਨਾਮ ਦੀਆਂ ਮੋਹਰਾਂ ਤੇ ਸਿੱਕੇ ਜਾਰੀ ਹੁੰਦੇ ਹਨ ।

ਮੋਹਰ ਉਪਰ ਉੱਕਰੇ ਸ਼ਬਦ ਸਨ- ” ਦੇਗ਼ੋ ਤੇਗ਼ੋ ਫਤਿਹ ਨੁਸਰਤ ਬੇ-ਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ”
ਅਤੇ ਸਿੱਕੇ ਉਤੇ ਉੱਕਰੇ ਸ਼ਬਦ ਇਹ ਸਨ- ” ਸਿੱਕਾ ਜ਼ਦ ਬਰਹਰ ਦੋ ਆਲਮ ਤੇਗ਼ਿ ਨਾਨਕ ਸਾਹਿਬ ਅਸਤ
ਫਤਿਹ ਗੋਬਿੰਦ ਸਿੰਘ ਸ਼ਾਹ ਸ਼ਾਹਾਨ ਸੱਚਾ ਸਾਹਿਬ ਅਸਤ ”

7 ਦਿਸੰਬਰ 1715 ਨੂੰ, ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਣੇ ਗੁਰਦਾਸ ਨੰਗਲ ਦੇ ਕਿਲ੍ਹੇ ਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਅਤੇ ਪਹਿਲਾ ਖ਼ਾਲਸਾ ਰਾਜ ਆਪਣੇ ਪੰਜ ਸਾਲਾ ਦੌਰ ਦੀਆਂ ਅਨੇਕਾਂ ਲੋਕ ਭਲਾਈ ਦੀਆਂ ਯਾਦਾਂ ਛੱਡ ਕੇ ਸਮਾਪਤ ਹੋ ਜਾਂਦਾ ਹੈ । 9 ਜੂਨ 1716 ਨੂੰ ਦਿੱਲੀ ਵਿੱਚ ਬਾਬਾ ਬੰਦਾ ਬਹਾਦਰ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ । ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ, ਉਸ ਦੇ ਨਾਲ ਗ੍ਰਿਫਤਾਰ ਕਰਕੇ ਲਿਆਂਦੇ ਗਏ, ਉਸ ਦੇ 740 ਸਾਥੀਆਂ ਨੂੰ ਸ਼ਹੀਦ ਕੀਤਾ ਜਾਂਦਾ ਹੈ । ਪਰ ਲਹੂ ਦੇ ਦਰਿਆਵਾਂ ਨੂੰ ਚੀਰਦਾ ਖ਼ਾਲਸੇ ਦਾ ਸਫਰ ਜਾਰੀ ਰਹਿੰਦਾ ਹੈ ।

ਜੁਝਾਰੂ ਸਿੰਘਾਂ ਦੇ ਜਥਿਆਂ ਦਾ ਉਭਾਰ, ਸਿੰਘਾਂ ਦੀਆਂ ਦੂਰ ਦੂਰ ਤੱਕ ਮਾਰਾਂ, ਅਤੇ ਲਹੋਰ ਦੇ ਹਾਕਮਾਂ ਦੀ ਨੀਂਦ ਹਰਾਮ ਕਰ ਦੇਣੀ, ਲਹੋਰ ਦੇ ਗਵਰਨਰ ਵੱਲੋਂ ਸਿੰਘਾਂ ਨੂੰ ਨਵਾਬੀ ਦੀ ਪੇਸ਼ਕਸ਼, ਨਵਾਬੀ ਦਾ ਪਹਿਲਾਂ ਠੁਕਰਾਇਆ ਜਾਣਾ, ਤੇ ਫਿਰ ਕਬੂਲਿਆ ਜਾਣਾ, ਅਤੇ ਨਵਾਬ ਕਪੂਰ ਸਿੰਘ ਦੀ ਅੱਗਵਾਈ ਵਿੱਚ ਸਿੰਘਾਂ ਦੇ ਵੱਧਦੇ ਹੋਏ ਕਦਮਾਂ ਨਾਲ ਸਿੱਖ ਇੱਤਹਾਸ ਅੱਗੇ ਵੱਧਦਾ ਹੈ ।

” ਚਿੱਠੀ ਲਿਖੇ ਸਿੰਘ ਬੋਤਾ, ਹੱਥ ਹੈ ਸੋਟਾ ਵਿੱਚ ਰਾਹ ਖਲੋਤਾ ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ, ਆਖੋ ਭਾਬੀ ਖਾਨੋ ਨੂੰ ਯੂੰ ਕਹੇ ਹੈ ਸਿੰਘ ਬੋਤਾ ”
ਇਹ ਵੀ ਇੱਕ ਉਧਾਰਨ ਹੈ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੱਲੋਂ ਸਰਾਏ ਨੂਰਦੀਨ ਦੇ ਕੋਲ, ਜੀ ਟੀ ਰੋਡ ਉਤੇ ਸਥਾਪਤ ਕੀਤੀ ਗਈ ਇੱਕ ਚਿੰਨ੍ਹਾਤਮਕ ਖ਼ਾਲਸਾ ਹਕੂਮੱਤ ਦੀ, ਜੋ ਉਹਨਾਂ ਦੋਹਾਂ ਸੂਰਬੀਰਾਂ ਦੀ ਸ਼ਹਾਦਤ ਤੱਕ ਕਾਇਮ ਰਹੀ ।

10 ਮਾਰਚ 1746 ਨੂੰ, ਲਹੋਰ ਦੇ ਗਵਰਨਰ ਯਹਈਆ ਖਾਨ ਅਤੇ ਦੀਵਾਨ ਲੱਖਪਤ ਰਾਏ ਦੇ ਦੌਰ ਵਿੱਚ ਸਿੱਖਾਂ ਦੇ ਕਤਲੇਆਮ ਦਾ ਹੁਕਮ । ਜੂਨ 1746 ਵਿੱਚ, ਕਾਹਨੂਵਾਨ ਦੇ ਜੰਗਲਾਂ ਤੋਂ ਸ੍ਰੀ ਹਰਗੋਬਿੰਦਪੁਰ ਤੱਕ ਛੋਟਾ ਘੱਲੂਘਾਰਾ ਜਾਂ ਸਿੱਖਾਂ ਦੇ ਵਹਿ ਰਹੇ ਲਹੂ ਦੀ ਧਾਰਾ, ਕੁੱਝ ਵੀ ਕਹਿ ਲਵੋ ਅਰਥ ਓੁਹੀ ਰਹਿਣਗੇ ।
\n1748 ਦੀ ਵਿਸਾਖੀ, ਸਿੱਖ ਸਰਦਾਰਾਂ ਦਾ ਸ੍ਰੀ ਅਕਾਲ ਤਖੱਤ ਸਾਹਿਬ ਤੇ ਇਕੱਠ, ਨਵਾਬ ਕਪੂਰ ਸਿੰਘ ਜੀ ਵੱਲੋਂ 65 ਜਥਿਆਂ ਨੂੰ ਗਿਆਰਾਂ ਮਿਸਲਾਂ ਦੇ ਰੂਪ ਵਿੱਚ ਨਵੇਂ ਸਿਰਿਓਂ ਜੱਥੇਬੰਦ ਕੀਤਾ ਜਾਣਾ । ਸਾਰੀਆਂ ਮਿਸਲਾਂ ਦੀ ਸਾਂਝੀ ਸ਼ਕਤੀ ਤੇ ਇਕੱਠ ਨੂੰ ‘ਦਲ ਖ਼ਾਲਸਾ’ ਦਾ ਨਾਮ ਦਿੱਤਾ ਜਾਣਾ ਅਤੇ ਦਲ ਖ਼ਾਲਸਾ ਦੀ ਜੱਥੇਦਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਜਾਣੀ । ਬਾਰਵੀਂ ਮਿਸਲ ਫੁਲਕੀਆਂ ਵਾਲੇ ਸਰਦਾਰਾਂ ਦੀ ਸੀ । ਸਿੱਖ ਸੰਘਰਸ਼ ਦੀ ਨਿਰੰਤਰਤਾ ਹਰ ਹਾਲਤ ਵਿੱਚ ਕਾਇਮ ਰਹਿੰਦੀ ਹੈ ।

1748 ਤੋਂ 1768 ਤੱਕ, ਅਹਿਮਦ ਸ਼ਾਹ ਅਬਦਾਲੀ ਵੱਲੋਂ ਪਜਾੰਬ ਉਤੇ ਦਸ ਹਮਲੇ, ਦਿੱਲੀ ਦੇ ਤਖੱਤ ਦਾ ਜੇਤੂ, ਘੋੜਿਆਂ ਦੀਆਂ ਕਾਂਠੀਆਂ ਤੇ ਵਾਸ ਕਰਨ ਵਾਲੇ ਬਾਦਸ਼ਾਹਤ ਦੇ ਦਾਅਵੇਦਾਰ ਬਾਗ਼ੀਆਂ ਹੱਥੋਂ ਪ੍ਰੇਸ਼ਾਨ । ਅਬਦਾਲੀ ਦੇ ਛੇਵੇਂ ਹਮਲੇ ਦੌਰਾਨ, 5 ਫਰਵਰੀ 1762 ਨੂੰ ਬਰਨਾਲੇ ਦੇ ਨੇੜ੍ਹੇ ਸਿੱਖਾਂ ਦਾ ਕਤਲੇਆਮ, ਜਿਸ ਨੂੰ ਇੱਤਹਾਸ ਨੇ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਹੈ । ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕੀਤੀ ਗਈ, ਸਰੋਵਰ ਪੂਰ ਦਿੱਤਾ ਗਿਆ, ਅਤੇ ਸ੍ਰੀ ਹਰਿਮੰਦਰ ਸਾਹਿਬ ਬਾਰੂਦ ਨਾਲ ਉਡਾ ਦਿੱਤਾ ਗਿਆ । ਇਸ ਸੱਭ ਕੁੱਝ ਦੇ ਬਾਵਜੂਦ ਸੰਘਰਸ਼ ਜਾਰੀ ਰਿਹਾ, ਜਾਰੀ ਹੀ ਨਹੀਂ ਰਿਹਾ, ਉਸ ਨੇ ਨਵੀਆਂ ਸਿਖਰਾਂ ਛੋਹੀਆਂ ।

ਕੇਵਲ ਚੰਦ ਮਹੀਨੇ ਬਾਦ, 17 ਅਕਤੂਬਰ 1762 ਨੂੰ 60,00 ਸਿੰਘਾਂ ਦਾ ਦੀਵਾਲੀ ਦੇ ਮੌਕੇ ਫੇਰ ਅਮ੍ਰਤਿਸਰ ਵਿੱਚ ਇਕੱਠ, ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲੈਣ ਦਾ ਫੈਸਲਾ । ਸਿੱਖਾਂ ਦੇ ਇਕੱਠ ਦੀ ਖਬਰ ਸੁਣ ਕੇ, ਅਬਦਾਲੀ ਦਾ ਅਮ੍ਰਤਿਸਰ ਉਤੇ ਫੇਰ ਹਮਲਾ ਅਤੇ ਏਸ ਵਾਰ ਹਿੰਦ ਦੇ ਜੇਤੂ ਦਾ ਸਿੰਘਾਂ ਹੱਥੋਂ ਸ਼ਿਕਸਤ ਖਾ ਕੇ ਪਰਤਣਾ । ਦ੍ਰਿੜਤਾ ਦੇ ਏਸ ਦਲੇਰ ਮੁਜ਼ਾਹਰੇ ਦੀ ਮਿਸਾਲ, ਜੇ ਅਸੰਭਵ ਨਹੀਂ ਤਾਂ ਔਖੀ ਜ਼ਰੂਰ ਹੈ ।

ਇਸ ਦੌਰ ਵਿੱਚ ਵੀ ਲਹੋਰ ਸਿੰਘਾਂ ਦੀ ਮਾਰ ਤੋਂ ਬਾਹਰ ਨਹੀਂ ਰਿਹਾ । ਨਵੰਬਰ 1761 ਵਿੱਚ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਸਿੰਘਾਂ ਨੇ ਲਹੋਰ ਉਤੇ ਕਬਜ਼ਾ ਕਰ ਲਿਆ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ, ਸੁਲਤਾਨ-ਉਲ-ਕੌਮ ਦਾ ਖਿਤਾਬ ਹਾਸਿਲ ਕੀਤਾ ਤੇ ਨਾਨਕ ਸ਼ਾਹੀ ਸਿੱਕੇ ਜਾਰੀ ਕੀਤੇ ।

1764 ਤੋਂ 1798 ਤੱਕ ਦੇ ਦੌਰ ਨੂੰ, ਸਿੱਖ ਇੱਤਹਾਸ ਵਿੱਚ ਅਸੀਂ ਮਿਸਲਾਂ ਦੀ ਸਰਦਾਰੀ ਦਾ ਦੌਰ ਆਖ ਸਕਦੇ ਹਾਂ, ਜਦੋਂ ਜਮਨਾ ਤੋਂ ਜਿਹਲਮ ਤੱਕ ਦਾ ਇਲਾਕਾ 12 ਸਿੱਖ ਮਿਸਲਾਂ ਦੀ ਸਰਦਾਰੀ ਵਿੱਚ ਆ ਚੁੱਕਾ ਸੀ । 19 ਅਕਤੂਬਰ 1797 ਨੂੰ, ਕਾਬਲ ਦੇ ਤਖਤ ਉਤੇ ਅਬਦਾਲੀ ਦੇ ਵਾਰਿਸ ਸ਼ਾਹ ਜ਼ਮਾਨ ਨੇ, ਸਿੱਖਾਂ ਨੂੰ ਆਪਣੀ ਅਧੀਨਗੀ ਵਿੱਚ ਲਿਆ ਕੇ, ਪਜਾੰਬ ਉਤੇ ਆਪਣੀ ਪ੍ਰਭੂਸੱਤਾ ਕਾਇਮ ਕਰਨ ਲਈ ਆਖਰੀ ਹੱਲਾਂ ਕੀਤਾ । ਕਈ ਲੜਾਈਆਂ ਅਤੇ ਸਮਝੋਤਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਦ, ਆਪਣੇ ਮਕਸਦ ਵਿੱਚ ਅਸਫਲ ਹੋ ਕੇ, ਬਹੁਤ ਬੇਬੱਸੀ ਦੀ ਹਾਲਤ ਵਿੱਚ ਸ਼ਾਹ ਜ਼ਮਾਨ ਜਨਵਰੀ 1799 ਵਿੱਚ ਮੁੜ੍ਹ ਕਦੇ ਨਾ ਪਰਤਣ ਲਈ, ਪਜਾੰਬ ਤੋਂ ਕਾਬਲ ਲਈ ਰਵਾਨਾ ਹੋ ਗਿਆ । 5 ਜਨਵਰੀ 1799 ਨੂੰ ਸਿੰਘ ਲਹੋਰ ਉਤੇ ਫੇਰ ਕਾਬਜ਼ ਹੋ ਗਏ ਅਤੇ ਇਸ ਤਰਾ ਫੈਸਲਾਕੁੰਨ ਰੂਪ ਵਿੱਚ ਪਜਾੰਬ ਉਤੇ ਸਿੱਖਾਂ ਦੀ ਸਰਦਾਰੀ ਸਥਾਪਤ ਹੋ ਗਈ ।

ਇਸ ਤੋਂ ਬਾਦ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਦੀ ਚੜ੍ਹਤ ਦਾ ਦੌਰ ਸ਼ੁਰੂ ਹੁੰਦਾ ਹੈ । 6 ਜੁਲਾਈ 1799 ਨੂੰ ਸਰਦਾਰ ਰਣਜੀਤ ਸਿੰਘ ਨੇ, ਭੰਗੀ ਮਿਸਲ ਦੇ ਸਰਦਾਰਾਂ ਕੋਲੋਂ ਲਹੋਰ ਦਾ ਕਬਜ਼ਾ ਹਾਸਿਲ ਕੀਤਾ, ਅਤੇ ਫਰਵਰੀ 1801 ਵਿੱਚ ਬਾਬਾ ਸਾਹਿਬ ਸਿੰਘ ਬੇਦੀ ਵੱਲੋਂ ਰਾਜਗੀ ਦਾ ਤਿਲਕ ਲਗਾਏ ਜਾਣ ਤੋਂ ਬਾਦ ”ਮਹਾਰਾਜਾ” ਦਾ ਖਿਤਾਬ ਧਾਰਣ ਕੀਤਾ । ਇਸ ਦਿਨ ਸਥਾਪਤ ਹੋਈ ਹਕੂਮੱਤ ਨੂੰ ”ਸਰਕਾਰ ਖ਼ਾਲਸਾ” ਦਾ ਨਾਮ ਦਿੱਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ”ਸਰਕਾਰ” ਸ਼ਬਦ ਨਾਲ ਸੰਬੋਧਤ ਕੀਤਾ ਜਾਣ ਲੱਗਾ ਅਤੇ ਇੰਝ ਪਜਾੰਬ ਦੀ ਧਰਤੀ ਉਤੇ ਨਾਨਕ ਸ਼ਾਹੀ ਸਿਕਿਆਂ ਦੀ ਮਾਲਕੀ ਸਥਾਪਤ ਹੋ ਗਈ । ਇਸ ਦੇ ਨਾਲ ਹੀ ”ਸਰਕਾਰ ਖ਼ਾਲਸਾ” ਦੀਆਂ ਫਤਿਹ ਯਾਬੀਆਂ ਅਤੇ ਖ਼ਾਲਸਾ ਰਾਜ ਦੀਆਂ ਸਰਹੱਦਾਂ ਦੇ ਪਸਾਰ ਦਾ ਸਿਲਸਿਲਾ ਆਰੰਭ ਹੋ ਗਿਆ ।

ਖ਼ਾਲਸਾ ਰਾਜ ਦੀਆਂ ਹੱਦਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਤੋਂ ਚਿੰਤਤ ਹੋ ਕੇ, ਅਤੇ ਸਤਲੁੱਜ ਪਾਰ ਦੀਆਂ ਰਿਆਸਤਾਂ ਦੇ ਸੱਦੇ ਨੂੰ ਆਧਾਰ ਬਣਾ ਕੇ, ਬਰਤਾਨਵੀ ਹਕੂਮੱਤ ਵੱਲੋਂ ਫਰਵਰੀ 1809 ਵਿੱਚ, ਸਤਲੁੱਜ ਪਾਰ ਦੀਆਂ ਰਿਆਸਤਾਂ ਨੂੰ ਆਪਣੀ ਸੁਰਖਿਆ ਵਿੱਚ ਲੈਣ ਦਾ ਐਲਾਨ ਕੀਤਾ ਗਿਆ । 25 ਅਪਰੈਲ 1809 ਨੂੰ, ਮਹਾਰਾਜਾ ਰਣਜੀਤ ਸਿੰਘ ਤੇ ਬਰਤਾਨਵੀ ਗਵਰਨਰ ਜਨਰਲ ਵਿਚਕਾਰ ਸੰਧੀ ਹੋਣ ਤੋਂ ਬਾਦ ਸਤਲੁੱਜ ਦਰਿਆ ਦੋਹਾਂ ਹਕੂਮਤਾਂ ਵਿੱਚ ਸਰਹੱਦ ਤਹਿ ਹੋ ਗਈ ।

ਬਰਤਾਨਵੀ ਹਿੰਦ ਨਾਲ ਸਤਲੁੱਜ ਦਰਿਆ ਹੱਦ ਤਹਿ ਹੋ ਜਾਣ ਤੋਂ ਬਾਦ ਖ਼ਾਲਸਾ ਰਾਜ ਦਾ ਪਸਾਰ ਸਤਲੁੱਜ ਨੂੰ ਛੱਡ ਕੇ ਬਾਕੀ ਸੱਭ ਦਿਸ਼ਾਵਾਂ ਵਿੱਚ ਜਾਰੀ ਰਿਹਾ । 24 ਅਗਸਤ 1809 ਨੂੰ ਨੈਪਾਲੀ ਜਰਨੈਲ ਅਮਰ ਸਿੰਘ ਥਾਪਾ ਨੂੰ ਹਰਾ ਕੇ ਕਾਂਗੜਾ ਉਤੇ ਫਤਿਹ ਹਾਸਿਲ ਕਰਨ ਉਪਰੰਤ ਸਿੱਖ ਫੌਜਾਂ ਖਰਾਜ ਲੈ ਕੇ ਵਾਪਿਸ ਪਰਤ ਆਈਆਂ ਅਤੇ ਫਰਵਰੀ 1818 ਵਿੱਚ ਮੁਲਤਾਨ ਨੂੰ ਇੱਕ ਵਾਰ ਫੇਰ ਫਤਿਹ ਕਰ ਕੇ ਪੂਰੀ ਤਰਾ ਖ਼ਾਲਸਾ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ । 4 ਜੁਲਾਈ 1819 ਨੂੰ ਖ਼ਾਲਸਾ ਫੌਜਾਂ ਜੇਤੂ ਦੇ ਰੂਪ ਵਿੱਚ ਸ੍ਰੀ ਨਗਰ ਵਿੱਚ ਦਾਖਿਲ ਹੋਈਆਂ, ਅਤੇ ਇਸ ਤਰਾ ਕਸ਼ਮੀਰ ਦੀ ਫਤਿਹ ਮੁਕੰਮਲ ਹੋਈ ।

26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਹਿੰਦ ਦੇ ਬ੍ਰਤਾਨਚੀ ਗਵਰਨਰ ਜਨਰਲ ਵਿਲੀਅਮ ਬੈਂਟਿਕ ਨਾਲ ਰੋਪੜ ਦੇ ਮੁਕਾਮ ਤੇ ਮੁਲਾਕਾਤ ਹੋਈ । ਇਹ ਮੁਲਾਕਾਤ, ਦੋ ਪੂਰਨ ਤੌਰ ਤੇ ਆਜ਼ਾਦ ਹਕੂਮੱਤਾਂ ਦੇ ਆਗੂਆਂ ਦੀ ਬਰਾਬਰੀ ਦੇ ਆਧਾਰ ਤੇ ਹੋਈ ਮੁਲਾਕਾਤ ਸੀ ।

ਅਕਤੂਬਰ 1838 ਵਿੱਚ, ਫਿਰੋਜ਼ਪੁਰ ਦੇ ਮੁਕਾਮ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਬਰਤਾਨਵੀ ਹਿੰਦ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਵਿੱਚਕਾਰ ਮੁਲਾਕਾਤ ਹੋਈ । ਇਸ ਮੁਲਾਕਾਤ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਪੂਰਨ ਪ੍ਰਭੂਸੱਤਾ ਸੰਪਨ ਦੇਸ਼ ਦੇ ਹੁਕਮਰਾਨ ਵਜੋਂ ਰਵਾਇਤੀ ਮਾਣ ਸਤਿਕਾਰ ਦਿੱਤਾ ਗਿਆ ਸੀ । ਇਸ ਵੇਲੇ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖ਼ਾਲਸਾ ਰਾਜ ਦੀਆਂ ਹੱਦਾਂ ਸਤਲੁਜ ਤੋਂ ਜਮਰੌਦ ਤੱਕ ਤੇ ਲੱਦਾਖ ਤੋਂ ਸ਼ਿਕਾਰਪੁਰ ਸਿੰਧ ਤੱਕ ਫੈਲ ਚੁੱਕੀਆਂ ਸਨ ।

ਪੂਰਨ ਤੌਰ ਤੇ ਸੰਗਠਿਤ, ਤਾਕਤਵਰ ਅਤੇ ਆਜ਼ਾਦ ਖ਼ਾਲਸਾ ਰਾਜ ਦਾ ਰਾਜ ਪ੍ਰਮੁੱਖ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਅਕਾਲ ਚਲਾਣਾ ਕਰ ਗਿਆ । ਇੱਕ ਸੌ ਸਾਲ ਦੇ ਖੂਨੀ ਸੰਘਰਸ਼ ਤੋਂ ਬਾਦ, ਹਜ਼ਾਰਾਂ ਨਹੀਂ ਲੱਖਾਂ ਸਿੱਖਾਂ ਦੀਆਂ ਸ਼ਹਾਦਤਾਂ ਤੋਂ ਬਾਦ, ਕਾਇਮ ਹੋਇਆ ਖ਼ਾਲਸਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਚਾਲੀ ਸਾਲਾ ਦੌਰ ਵਿੱਚ ਲਹੋਰ ਦੇ ਮੈਦਾਨਾਂ ਤੋਂ ਸ਼ੁਰੂ ਹੋ ਲੱਦਾਖ ਦੀਆਂ ਆਕਾਸ਼ ਨਾਲ ਛੂਹੰਦੀਆਂ ਚੋਟੀਆਂ ਤੱਕ ਅਪੜਨ ਵਾਲਾ ਖ਼ਾਲਸਾ ਰਾਜ, ਮਹਾਰਾਜੇ ਦੇ ਸਵਰਗਵਾਸ ਹੋਣ ਤੋਂ ਬਾਦ ਕੇਵਲ ਦਸ ਸਾਲ ਦੇ ਬਹੁਤ ਛੋਟੇ ਜਿਹੇ ਸਮੇਂ ਵਿੱਚ ਕਿਸੇ ਰੇਤ ਦੇ ਮਹਿਲ ਵਾਂਗ ਕਿਰ ਗਿਆ । ਇਸ ਦਸ ਸਾਲ ਦੇ ਸਮੇਂ ਵਿੱਚ ਖ਼ਾਲਸਾ ਰਾਜ ਦਾ ਅੰਤ ਨੇੜੇ ਲਿਆਉਣ ਲਈ ਇੱਕ ਤੋਂ ਬਾਦ ਦੂਸਰੀ ਘਟਨਾ ਕੁੱਝ ਇਸ ਤਰਾ ਵਾਪਰਦੀ ਰਹੀ ਜਿਵੇਂ ਪਹਿਲਾਂ ਤੋਂ ਤਿਆਰ ਕੀਤੇ ਕਿਸੇ ਨਾਟਕ ਨੂੰ ਖੇਡਿਆ ਜਾ ਰਿਹਾ ਹੋਵੇ ।

ਅੱਜ ਇਸ ਦੌਰ ਦੀਆਂ ਘੱਟਨਾਵਾਂ ਬਾਰੇ ਸੋਚਦੇ ਹੋਏ ਅਕਸਰ ਮਨ ਵਿੱਚ ਆਉਂਦਾ ਹੈ, ”ਜੇ ਇੰਝ ਨਹੀਂ ਤੇ ਇੰਝ ਹੋ ਜਾਂਦਾ ਤਾਂ ਇਹ ਹੋ ਜਾਣਾ ਸੀ” ਅਤੇ ਇਸ ਤਰਾ ਸੋਚਦੇ ਹੋਏ ਆਪਣੇ ਆਪ ਵਿੱਚ ਕਚੀਚੀਆਂ ਵੱਟ ਕੇ ਰਹਿ ਜਾਈਦਾ ਹੈ ।

ਇੱਕ ਵਿਸ਼ਾਲ ਰਾਜ ਨੂੰ ਉਸ ਦੇ ਅੰਤ ਵੱਲ ਲਿਜਾਂਦਾ ਘਟਨਾ ਕਰਮ ਦੇਖੋ-ਮਹਾਰਾਜਾ ਖੜਕ ਸਿੰਘ ਦਾ ਤਖਤ ਨਸ਼ੀਨ ਹੋਣਾ, ਕੰਵਰ ਨੌਨਿਹਾਲ ਸਿੰਘ ਦਾ ਪਿਤਾ ਨੂੰ ਗੱਦੀ ਤੋਂ ਲਾਹ ਕੇ ਤਖਤ ਸਾਂਭਣਾ, ਮਹਾਰਾਜਾ ਖੜਕ ਸਿੰਘ ਦੀ ਮੌਤ, ਉਸ ਦੀ ਚਿਤਾ ਨੂੰ ਅੱਗ ਲਾ ਕੇ ਪਰਤਦੇ ਹੋਏ ਰਾਹ ਵਿੱਚ ਹੀ ਕੰਵਰ ਨੌਨਿਹਾਲ ਸਿੰਘ ਦੀ ਮੌਤ । ਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ ਦੀਆਂ ਹਾਮੀ ਫੌਜਾਂ ਵਿੱਚ ਲਹੋਰ ਤੇ ਕਬਜ਼ੇ ਲਈ ਖੂਨੀ ਲੜਾਈ, ਮਹਾਰਾਜਾ ਸ਼ੇਰ ਸਿੰਘ ਦਾ ਲਹੋਰ ਤੇ ਕਬਜ਼ਾ ਤੇ ਸੰਧਾਵਾਲੀਆਂ ਹੱਥੋਂ ਕਤਲ । ਧਿਆਨ ਸਿੰਘ ਡੋਗਰਾ ਸੰਧਾਵਾਲੀਆਂ ਹੱਥੋਂ ਕਤਲ, ਅਤੇ ਸੰਧਾਵਾਲੀਏ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਹੱਥੋਂ ਕਤਲ । ਪੰਜ ਸਾਲ ਦੀ ਉਮਰ ਵਿੱਚ ਸ਼ਹਿਜ਼ਾਦਾ ਦਲੀਪ ਸਿੰਘ ਦੀ ਤਖਤ ਨਸ਼ੀਨੀ,

ਸਿੱਖ/ਅੰਗਰੇਜ਼ ਜੰਗਾਂ ਅਤੇ 29 ਮਾਰਚ, 1849 ਨੂੰ ਗਿਆਰਾਂ ਸਾਲ ਦੀ ਉਮਰ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੋਂ ਲਾਹ ਕੇ ਅੰਗਰੇਜ਼ਾਂ ਵੱਲੋਂ ਪਜਾੰਬ ਉਤੇ ਮੁਕੰਮਲ ਕਬਜ਼ੇ ਦਾ ਐਲਾਨ ।
ਸਾਹ ਮੁਹੰਮਦਾ ਇਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ

ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਕਿ ਸੰਨ 1799 ਵਿੱਚ ਲਹੋਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅੱਗਵਾਈ ਵਿੱਚ ਕਾਇਮ ਹੋਈ ਹਕੂਮੱਤ ਨੂੰ, ਮੈਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਾਤੀ ਮਾਲਕੀਅਤ ਨਹੀਂ ਸਮਝਦਾ । ਇਹ ਸਿੰਘਾਂ ਦੇ ਇੱਕ ਸੌ ਸਾਲਾ ਸੰਘਰਸ਼ ਤੋਂ ਬਾਦ ਕਾਇਮ ਹੋਈ ‘ਸਰਕਾਰ ਖ਼ਾਲਸਾ’ ਸੀ, ਜਿਸ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਕਰ ਰਿਹਾ ਸੀ । ਇਹ ਸਿੱਖ ਕੌਮ ਦੇ ਮੁਕਤੀ ਸੰਘਰਸ਼ ਦੀ ਆਖਰੀ ਪੌੜੀ ਸੀ, ਇਸ ਨੂੰ ਬੰਦਾ ਬਹਾਦਰ ਤੋਂ, ਬੋਤਾ ਸਿੰਘ/ਗਰਜਾ ਸਿੰਘ ਤੋਂ, ਜੱਸਾ ਸਿੰਘ ਆਹਲੂਵਾਲੀਆ ਅਤੇ ਦਲ ਖ਼ਾਲਸਾ ਦੀ ਕਮਾਂਡ ਹੇਠ ਸਿੱਖ ਮਿਸਲਾਂ ਦੇ ਸੰਘਰਸ਼ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ।

ਖ਼ਾਲਸਾ ਰਾਜ ਦੇ ਦੁਖਦਾਈ ਅੰਤ ਦੀ ਗੱਲ, ਪੀੜਾਂ ਨਾਲ ਭਰੀ ਹੋਈ ਇੱਕ ਸੱਚਾਈ ਹੈ। ਅਠਾਰਵੀਂ ਸਦੀ ਦੇ ਅੰਤ ਵਿੱਚ ਜਦੋਂ ਸਿੱਖ ਸੰਘਰਸ਼ ਆਪਣੀ ਸਫਲਤਾ ਨੂੰ ਮੁਕੰਮਲ ਅਤੇ ਪਕਿਆਂ ਕਰ ਰਿਹਾ ਸੀ, ਉਸ ਵੇਲੇ, ਪਜਾੰਹ ਸਾਲ ਬਾਦ ਇਸ ਦਾ ਅੰਤ ਕਰਨ ਦਾ ਕਾਰਨ ਬਣਨ ਵਾਲੀਆਂ ਕੁੱਝ ਬੁਰਾਈਆਂ ਵੀ ਪਨਪਣੀਆਂ ਸ਼ੁਰੂ ਹੋ ਗਈਆਂ ਸਨ ।

ਸਭ ਤੋਂ ਪਹਿਲੀ ਗੱਲ, ਇਹ ਹਕੂਮੱਤ ਖ਼ਾਲਸਈ ਹਕੂਮੱਤ ਸੀ, ਕੇਸਰੀ ਨਿਸ਼ਾਨ ਸਾਹਿਬ ਦੀ ਤਾਬਿਆ ਸੀ, ਨਾਨਕ ਸ਼ਾਹੀ ਸਿਕਿਆਂ ਦੀ ਮਾਲਕੀ ਸੀ, ਪਰ ਇਸ ਦੇ ਕਾਰ ਵਿਹਾਰ ਵਿੱਚ ਸਿੱਖ ਸਿਧਾਂਤਾਂ ਦਾ ਦਖਲ ਬਹੁਤ ਘੱਟ ਸੀ । ਸਿੱਖ ਸਿਧਾਂਤਾਂ ਤੇ ਆਧਾਰਿਤ ਰਾਜ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਕੋਈ ਸੰਜੀਦਾ ਕੋਸ਼ਿਸ਼ ਨਹੀਂ ਕੀਤੀ ਗਈ, ਬਲਕਿ ਮੁਗ਼ਲ ਦੌਰ ਤੇ ਹਿੰਦੂ ਰਿਆਸਤਾਂ ਦੀ ਰਾਜ ਪ੍ਰਣਾਲੀ ਨੂੰ ਹੀ ਜਾਰੀ ਰਖਿਆ ਗਿਆ । ਰਾਜ ਦੀ ਭਾਸ਼ਾ ਵੀ ਫਾਰਸੀ ਹੀ ਬਣੀ ਰਹੀ, ਗੁਰਮੁੱਖੀ ਦਾ ਆਦਰ ਜ਼ਰੂਰ ਸੀ ਪਰ ਰਾਜ ਕਾਜ ਦੇ ਮਾਮਲਿਆਂ ਵਿੱਚ ਕੋਈ ਅਸਥਾਨ ਨਹੀਂ ਸੀ ।

ਇਹ ਠੀਕ ਹੈ ਕਿ ਇਸ ਦੌਰ ਵਿੱਚ ਕੇਸਾਧਾਰੀ ਸਿੱਖਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ, ਡੋਗਰਿਆਂ ਅਤੇ ਪੂਰਬੀਆਂ ਨੇ ਹੀ ਕੇਸ ਦਾੜੀ ਨਹੀਂ ਰੱਖੇ, ਸਗੋਂ ਰਾਜ ਦੇ ਯੂਰਪੀਅਨ ਮੁਲਾਜ਼ਮਾਂ ਨੇ ਵੀ ਹਾਕਮਾਂ ਦੀ ਖੁਸ਼ੀ ਹਾਸਿਲ ਕਰਨ ਲਈ ਦਾੜੀ੍ਆਂ ਰੱਖ ਲਈਆਂ, ਪਰ ਇਸ ਸੱਭ ਦੇ ਬਾਵਜੂਦ ਸਿੱਖ ਸਭਿਆਚਾਰ ਇਸ ਦੌਰ ਵਿੱਚ ਵਿਕਸਤ ਨਹੀਂ ਹੋ ਸਕਿਆ । ਹਿੰਦੂ ਰੀਤੀ ਰਿਵਾਜਾਂ ਦਾ ਪ੍ਰਭਾਵ ਰਾਜ ਘਰਾਣੇ ਉਤੇ ਜ਼ਰੂਰਤ ਤੋਂ ਬਹੁਤ ਜ਼ਿਆਦਾ ਸੀ, ਜਿਸ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ, ਹਰ ਇੱਕ ਦੀ ਚਿਤਾ ਨਾਲ ਕਈ ਕਈ ਔਰਤਾਂ ਸੱਤੀ ਹੁੰਦੀਆਂ ਰਹੀਆਂ, ਜਦਕਿ ਗੁਰਬਾਣੀ ਵਿੱਚ ਇਸ ਹਿੰਦੂ ਪ੍ਰੰਪਰਾ ਦੀ ਸਖਤ ਮੁਖਾਲਫਤ ਮਿਲਦੀ ਹੈ । ਖ਼ਾਲਸਾ ਰਾਜ ਦੀ ਸਾਲਾਨਾ ਫੌਜੀ ਪਰੇਡ ਦੁਸਹਿਰੇ ਵਾਲੇ ਦਿਨ ਹੁੰਦੀ ਸੀ, ਜਦਕਿ ਇਸ ਦਿਨ ਦਾ ਸਿੱਖ ਇੱਤਹਾਸ ਨਾਲ ਕੋਈ ਦੂਰ ਦਾ ਰਿਸ਼ਤਾ ਵੀ ਨਹੀਂ ਹੈ। ‘ਸਰਕਾਰ ਖ਼ਾਲਸਾ’ ਦੇ ਪ੍ਰਮੁੱਖ ਵੱਲੋਂ ‘ਜਵਾਲਾ ਦੇਵੀ’ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਅਤੇ ‘ਗੰਗਾ ਮਈਆ’ ਦੇ ਇਸ਼ਨਾਨ, ਹਿੰਦੂ ਧਰਮ ਅਤੇ ਰੀਤੀ ਰਿਵਾਜਾਂ ਦੇ ਕਬੂਲੇ ਗਏ ਪ੍ਰਭਾਵ ਦੀਆਂ ਹੀ ਉਦਾਹਰਣਾਂ ਹਨ । ਦੂਜੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਹੋਣੀ, ਉਹਨਾਂ ਦਾ ਸਤਿਕਾਰ ਕਰਨਾ ਤਾਂ ਇੱਕ ਅੱਛਾਈ ਹੈ, ਪਰ ਸਿੱਖ ਸਿਧਾਂਤਾਂ ਦੀ ਕੀਮਤ ਉਤੇ ਉਨਾ ਦਾ ਪ੍ਰਭਾਵ ਕਬੂਲਣਾ, ਕਿਸੇ ਅੱਛਾਈ ਦੇ ਖਾਤੇ ਵਿੱਚ ਨਹੀਂ ਆਉਂਦਾ ।

ਰਾਜ ਦਾ ਪੂਰੀ ਤਰਾ ਇੱਕ ਸਖ਼ਸ਼ੀਅਤ ਦੁਆਲੇ ਕੇਂਦ੍ਰਿਤ ਹੋਣਾ, ਅਤੇ ਇੱਕ ਸਖ਼ਸ਼ੀਅਤ ਉਤੇ ਨਿਰਭਰ ਹੋਣਾ ਵੀ ਇਸ ਵਿਸ਼ਾਲ ਖ਼ਾਲਸਾ ਰਾਜ ਨੂੰ ਬਹੁਤ ਤੇਜ਼ੀ ਨਾਲ ਤਬਾਹੀ ਵੱਲ ਲਿਜਾਣ ਦਾ ਕਾਰਨ ਬਣਿਆਂ । ਰਾਜ ਦਾ ਹਰ ਫੈਸਲਾ ਮਹਾਰਾਜਾ ਰਣਜੀਤ ਸਿੰਘ ਦੀ ਖੁਸ਼ੀ ਅਤੇ ਇੱਛਾ ਤੱਕ ਸੀਮਤ ਹੋਣ ਕਰਕੇ ਬਹੁਤ ਸਾਰੇ ਮੌਕਾ ਪ੍ਰਸਤ ਚਾਪਲੂਸ ਕਿਸਮ ਦੇ ਲੋਕ, ਬਹੁਤ ਥੋੜੇ ਸਮੇਂ ਵਿੱਚ ਹੀ ਇਤਨੇ ਤਾਕਤਵਰ ਹੋ ਗਏ ਕਿ ਕੌਮ ਦਾ ਦਰਦ ਰੱਖਣ ਵਾਲੇ ਸਿੱਖ ਸਰਦਾਰ ਉਹਨਾਂ ਸਾਹਮਣੇ ਬੇਬੱਸ ਹੋ ਕੇ ਰਹਿ ਗਏ ਸਨ । ਇਸ ਦੀ ਸੱਭ ਤੋਂ ਵੱਡੀ ਮਿਸਾਲ ਡੋਗਰੇ ਭਰਾ ਹਨ । 1819 ਵਿੱਚ ਕਸ਼ਮੀਰ ਦੀ ਮੁਹਿੰਮ ਦੌਰਾਨ ਜੰਮੂ ਦੇ ਤਿੰਨ ਡੋਗਰੇ ਭਰਾ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ, ਖ਼ਾਲਸਾ ਦਰਬਾਰ ਦੀ ਫੌਜ ਵਿੱਚ ਸੱਤ ਰੁਪਏ ਮਹੀਨਾ ਉਤੇ ਸਿਪਾਹੀਆਂ ਵਜੋਂ ਭਰਤੀ ਹੋਏ ਸਨ । 1821 ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਅਖਨੂਰ ਦੇ ਦੌਰੇ ਤੇ ਗਿਆ, ਓਦੋਂ ਧਿਆਨ ਸਿੰਘ ਡੋਗਰਾ ਉਸ ਦੇ ਜ਼ਾਤੀ ਅਮਲੇ ਵਿੱਚ ਸੀ । 1872 ਵਿੱਚ ਛਪੀ ਕਿਤਾਬ, ‘ਸ਼ੇਰ-ਏ-ਪਜਾੰਬ’ ਦਾ ਲੇਖਕ ਰਾਏ ਕਾਲੀ ਰਾਏ, ਡੋਗਰਾ ਖਾਨਦਾਨ ਦੇ ਤਰੱਕੀ ਕਰਨ ਸਬੰਧੀ ਇਸ ਤਰਾ ਲਿਖਦਾ ਹੈ, ”ਜੰਮੂ ਵਿੱਚ ਮੀਆਂ ਧਿਆਨ ਸਿੰਘ ਬੇਤਕੱਲੁਫ ਹੋ ਕੇ ਮਹਾਰਾਜੇ ਨੂੰ ਆਪਣੇ ਘਰ ਲੈ ਗਿਆ ਤੇ ਉਸ ਨੇ ਆਪਣੇ ਘਰ ਦੀਆਂ ਸੱਭ ਛੋਟੀਆਂ ਵੱਡੀਆਂ ਇਸਤਰੀਆਂ ਨੂੰ ਮਹਾਰਾਜੇ ਨਾਲ ਮਿਲਾਇਆ” । ਤੇ ਇੱਥੋਂ ਇਸ ਖਾਨਦਾਨ ਉਤੇ ਬਖ਼ਸ਼ਿਸ਼ਾਂ ਦੀ ਬੋਛਾੜ੍ਹ ਸ਼ੁਰੂ ਹੋਈ ਅਤੇ ਦਿਨਾ ਵਿੱਚ ਹੀ ਤਿੰਨਾਂ ਭਰਾਵਾਂ ਨੂੰ ਰਾਜਗੀ ਦੇ ਖਿਤਾਬ ਤੇ ਜਾਗੀਰਾਂ ਮਿਲ ਗਈਆਂ । 1839 ਵਿੱਚ ਮਹਾਰਾਜਾ ਦੇ ਸਵਰਗਵਾਸ ਦੇ ਸਮੇਂ, ਮੀਆਂ ਧਿਆਨ ਸਿੰਘ ਡੋਗਰਾ ਖ਼ਾਲਸਾ ਦਰਬਾਰ ਦਾ ਪ੍ਰਧਾਨ ਮੰਤਰੀ ਸੀ ਅਤੇ ਬਾਕੀ ਦੋ ਭਰਾ ਵੀ ਉਚ ਅਹੁਦਿਆਂ ਤੇ ਵੱਡੀਆਂ ਜਾਗੀਰਾਂ ਦੇ ਮਾਲਕ ਸਨ । ਕੈਸੀ ਹੈਰਾਨੀ ਦੀ ਗੱਲ ਹੈ ਕਿ 1819 ਵਿੱਚ 7 ਰੁਪਏ ਮਹੀਨਾਂ ਉਤੇ ਖ਼ਾਲਸਾ ਦਰਬਾਰ ਦੀ ਫੌਜ ਵਿੱਚ ਨੌਕਰੀ ਕਰਨ ਵਾਲੇ ਧਿਆਨ ਸਿੰਘ ਡੋਗਰਾ ਦਾ ਛੋਟਾ ਭਰਾ ਸੁਚੇਤ ਸਿੰਘ ਡੋਗਰਾ, 1844 ਵਿੱਚ ਜਦੋਂ ਆਪਣੇ ਹੀ ਭਤੀਜੇ ਹੀਰਾ ਸਿੰਘ ਹੱਥੋਂ ਕਤਲ ਹੋਇਆ, ਤਾਂ ਉਸ ਦੀ ਚਿਤਾ ਵਿੱਚ 10 ਵਿਆਹੁਤਾ ਔਰਤਾਂ ਤੇ ਤਿੰਨ ਸੌ ਰਖੇਲਾਂ ਸੱਤੀ ਹੋਈਆਂ । 1846 ਵਿੱਚ ਅਮ੍ਰਤਿਸਰ ਦੀ ਸੰਧੀ ਮੁਤਾਬਿਕ, ਖ਼ਾਲਸਾ ਦਰਬਾਰ ਵਿੱਚ ਮੁਲਾਜ਼ਮੱਤ ਕਰਨ ਵਾਲਾ ਗੁਲਾਬ ਸਿੰਘ ਡੋਗਰਾ, ਖ਼ਾਲਸਾ ਦਰਬਾਰ ਉਪਰ ਪਾਏ ਗਏ ਜੰਗ ਦੇ ਖਰਚੇ ਵਿੱਚੋਂ 75 ਲੱਖ ਰੁਪਿਆ ਅਦਾ ਕਰਕੇ ਕਸ਼ਮੀਰ ਦੀ ਰਿਆਸਤ ਹਾਸਿਲ ਕਰਦਾ ਹੈ, ਕਿਹਾ ਇਹ ਜਾਂਦਾ ਹੈ ਕਿ ਖ਼ਾਲਸਾ ਦਰਬਾਰ ਇਹ ਰਕਮ ਅਦਾ ਕਰਨ ਦੀ ਸਥਿੱਤੀ ਵਿੱਚ ਨਹੀਂ । ਕੈਸੀ ਹਾਸੋ ਹੀਣੀ ਸਥਿੱਤੀ ਹੈ, ਕਿ ਹਕੂਮੱਤ ਰਕਮ ਅਦਾ ਨਹੀਂ ਕਰ ਸਕਦੀ ਪਰ ਹਕੂਮੱਤ ਦਾ ਇੱਕ ਮੁਲਾਜ਼ਮ ਰਕਮ ਅਦਾ ਕਰ ਸਕਦਾ ਹੈ । ਇੱਤਹਾਸ ਦੇ ਇਹਨਾਂ ਪਨਿਆਂ ਉਤੇ ਧਾਹਾਂ ਮਾਰ ਕੇ ਰੋਣ ਨੂੰ ਜੀ ਕਰਦਾ ਹੈ ।

-ਇੱਤਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀਆਂ 21 ਵਿਆਹੁਤਾ ਜਾਂ ਸਥਾਈ ਪਤਨੀਆਂ ਦੇ ਨਾਮ ਦਿੰਦੇ ਹਨ-
ਮਹਿਤਾਬ ਕੌਰ, 2) ਰਾਜ ਕੌਰ, 3) ਰਾਣੀ ਜਿੰਦਾਂ, 4) ਰਤਨ ਕੌਰ, 5) ਦਇਆ ਕੌਰ, 6) ਮਹਿਤਾਬ ਦੇਵੀ, 7) ਰਾਜ ਬੰਸੀ, 8) ਬੀਬੀ ਮੋਰਾਂ, 9) ਗੁੱਲ ਬੇਗਮ, 10) ਰੂਪ ਕੌਰ, 11) ਚੰਦ ਕੌਰ, 12) ਲਛਮੀ, 13) ਰਾਜ ਦੇਵੀ, 14) ਹਰ ਦੇਵੀ, 15) ਦੇਵਨੋ, 16) ਰਾਮ ਦੇਵੀ, 17) ਰਾਣੀ ਦੇਵੀ, 18) ਸਮਨ ਕੌਰ, 19) ਗੁਲਾਬ ਕੌਰ, 20) ਬਨਤ, 21) ਦਾਨੋ ।

ਆਮ ਤੌਰ ਤੇ ਰਾਜਿਆਂ ਮਹਰਾਜਿਆਂ ਦੇ ਮਾਮਲੇ ਵਿੱਚ ਬਹੁਤੀਆਂ ਔਰਤਾਂ ਰੱਖਣਾ ਕੋਈ ਬੁਰਾਈ ਨਹੀਂ ਸਮਝੀ ਜਾਂਦੀ । ਅਕਸਰ ਆਪਣੇ ਵੀਰਾਂ ਦੇ ਮੂੰਹੋਂ ਇਹ ਲਫ਼ਜ਼ ਸੁਣੇ ਹਨ, ” ਰਾਜੇ ਮਹਾਰਾਜੇ ਇੰਝ ਕਰਦੇ ਹੀ ਹੁੰਦੇ ਹਨ ”, ਸਿੱਖੀ ਵਿੱਚ ਇੱਕ ਤੋਂ ਵੱਧ ਸ਼ਾਦੀਆਂ ਵੈਸੇ ਵੀ ਬਹਿਸ ਦਾ ਵਿਸ਼ਾ ਹੈ । ਪਰ ਜਦੋਂ ਮੈਂ ਇਸ ਵਿਸ਼ੇ ਤੇ ਸੋਚਦਾ, ਹਾਂ ਤਾਂ ਮੇਰੀ ਸੋਚ ਵਿੱਚ ਕੇਵਲ ਇੱਕ ‘ਮਹਾਰਾਜਾ’ ਹੀ ਨਹੀਂ ਹੁੰਦਾ, ਉਸ ਦੇ ਪਿੱਛੇ ਸੌ ਸਾਲ ਦਾ ਕੌਮੀ ਸੰਘਰਸ਼ ਵੀ ਹੁੰਦਾ ਹੈ, ਸਿਧਾਂਤਾਂ ਦੀ ਖਾਤਿਰ ਡੁਲ੍ਹਿਆ ਹੋਇਆ ਲਹੂ ਵੀ ਹੁੰਦਾ ਹੈ ।

‘ਮਹਾਰਾਜੇ’ ਦੇ ਨਾਮ ਨਾਲ ਜਦੋਂ ਲਫ਼ਜ਼ ਸਿੱਖ ਜੁੜ੍ਹ ਜਾਂਦਾ ਹੈ, ਤਾਂ ‘ਸਿੱਖ ਮਹਾਰਾਜਾ’ ਬਣ ਜਾਂਦਾ ਹੈ, ਅਤੇ ਉਸ ਤੋਂ ਪੁਰਾਤਨ ਸਿੱਖ ਇੱਤਹਾਸ ਦੇ ਸੰਦਰਭ ਵਿੱਚ ਕੁੱਝ ਵੱਖਰੀ ਉਮੀਦ ਪੈਦਾ ਹੋਣੀ ਵੀ ਫਿਰ ਕੁਦਰਤੀ ਹੈ । ਇਹ ਗੱਲ ਮਹਾਰਾਜਾ ਰਣਜੀਤ ਸਿੰਘ ਤੱਕ ਹੀ ਸੀਮਤ ਨਹੀਂ, ਕੰਵਰ ਨੌਨਿਹਾਲ ਸਿੰਘ ਦੀ ਬਹੁਤ ਛੋਟੀ ਉਮਰ ਵਿੱਚ ਤਿੰਨ ਕੁੜੀਆਂ ਨਾਲ ਇਕਠਿਆਂ ਸ਼ਾਦੀ ਹੋਈ ਸੀ । ਬਹੁਤੀਆਂ ਰਾਣੀਆਂ ਮਹਿਲਾਤੀ ਸਾਜ਼ਿਸ਼ਾਂ ਦਾ ਮੁੱਢ ਬੰਨਣ ਦਾ ਕਾਰਨ ਬਣਦੀਆਂ ਨੇ ਅਤੇ ਇੱਤਹਾਸ ਗਵਾਹ ਹੈ ਕਿ ਇਹ ਕਮਜ਼ੋਰੀ ਵੀ ਖ਼ਾਲਸਾ ਰਾਜ ਦੇ ਪਤਨ ਦੇ ਕਾਰਨਾ ਵਿੱਚ ਸ਼ਾਮਿਲ ਸੀ ।

-ਖ਼ਾਲਸਾ ਦਰਬਾਰ ਦੀ ਫੁੱਟ ਵੀ ਤੇਜ਼ੀ ਨਾਲ ਪਤਨ ਦਾ ਇੱਕ ਮੁੱਖ ਕਾਰਨ ਬਣੀ । ਸਿੱਖ ਸਰਦਾਰਾਂ ਦੇ ਆਪਸੀ ਵਿਰੋਧਾਂ ਕਾਰਨ ਹੀ ਦੁਸ਼ਮਣਾ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬੀ ਮਿਲਦੀ ਰਹੀ । ਜਿਸ ਵੀ ਸਿੱਖ ਸਰਦਾਰ ਨੂੰ ਕੌਮ ਦੀ ਨਜ਼ਰ ਵਿੱਚ ਗਿਰਾਣਾ ਹੁੰਦਾ ਸੀ, ਉਸ ਬਾਰੇ ‘ਅੰਗਰੇਜ਼ਾਂ ਦਾ ਏਜੰਟ’ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ ਸੀ । ਅਜਿਹੇ ਪ੍ਰਚਾਰ ਕਰਕੇ ਹੀ ਮਹਾਰਾਜਾ ਖੜਕ ਸਿੰਘ ਆਪਣੇ ਪੁੱਤਰ ਦੇ ਹੱਥੋਂ ਕੈਦ ਹੋਇਆ, ਅਜਿਹੇ ਪ੍ਰਚਾਰ ਕਰਕੇ ਹੀ ਸੰਧਾਵਾਲੀਏ ਸਰਦਾਰ ਪਜਾੰਬ ਛੱਡ ਕੇ ਅੰਗਰੇਜਾਂ ਦੀ ਪਨਾਹ ਵਿੱਚ ਗਏ ਤੇ ਫੇਰ ਉਹਨਾਂ ਦੇ ਹੱਥੋਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋਇਆ । ਇਸੇ ਫੁੱਟ ਕਾਰਨ ਭਰਾ ਦੇ ਹੱਥੋਂ ਭਰਾ ਤਾਂ ਮਰਦਾ ਰਿਹਾ ਪਰ ਅਸਲ ਦੁਸ਼ਮਣ ਅਖੀਰ ਤੱਕ ਲੁਕੇ ਰਹੇ ।

ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਪਜਾੰਬ ਦੀ ਆਜ਼ਾਦੀ ਨੂੰ ਹੜੱਪ ਕਰਨ ਦੀ ਭਾਵਨਾ, ਅੰਗਰੇਜਾਂ ਦੇ ਦਿੱਲ ਵਿੱਚ ਸ਼ੁਰੂ ਤੋਂ ਹੀ ਸੀ । 1808 ਦੇ ਅੱਧ ਤੱਕ ਫਰਾਂਸ ਅਤੇ ਰੂਸ ਦੇ ਸਾਂਝੇ ਸੰਭਾਵਤ ਖਤਰੇ ਦੇ ਵਿਰੁੱਧ ਅੰਗਰੇਜਾਂ ਨੂੰ ਇੱਕ ਤਾਕਤਵਰ ਸਹਿਯੋਗੀ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਲੋੜ੍ਹ ਸੀ, ਪਜਾੰਬ ਦੀ ਇੱਕ ਬੱਫਰ ਸਟੇਟ ਦੇ ਰੂਪ ਵਿੱਚ ਲੋੜ੍ਹ ਸੀ । 1809 ਦੇ ਸ਼ੁਰੂ ਵਿੱਚ ਤੁਰਕੀ ਅਤੇ ਈਰਾਨ ਦੀ, ਬ੍ਰਤਾਨੀਆਂ ਨਾਲ ਦੋਸਤੀ ਸੰਧੀ ਹੋ ਗਈ ਅਤੇ ਇਸ ਖਿੱਤੇ ਵਿੱਚ ਫਰਾਂਸ ਦੀ ਸਥਿੱਤੀ ਕਮਜ਼ੋਰ ਹੋਣ ਤੋਂ ਬਾਦ ਅੰਤਰ ਰਾਸ਼ਟਰੀ ਪ੍ਰਸਥਿੱਤੀਆਂ ਤਬਦੀਲ ਹੋ ਗਈਆਂ । ਇਸ ਤਬਦੀਲੀ ਤੋਂ ਬਾਦ ਅੰਗਰੇਜਾਂ ਲਈ ਖ਼ਾਲਸਾ ਦਰਬਾਰ ਦੀ ਆਜ਼ਾਦ ਹੋਂਦ ਕੋਈ ਜ਼ਰੂਰਤ ਨਹੀਂ ਸੀ ਰਹਿ ਗਈ । ਹੁਣ ਉਨਾ ਨੂੰ ਉਪ-ਮਹਾਂਦੀਪ ਉਤੇ ਆਪਣਾ ਕਬਜ਼ਾ ਮੁਕੰਮਲ ਕਰਨ ਲਈ ਪਜਾੰਬ ਨੂੰ ਆਪਣੇ ਸਾਮਰਾਜ ਵਿੱਚ ਜਜ਼ਬ ਕਰਨ ਦੀ ਲਾਲਸਾ ਸੀ, ਅਤੇ ਇਸ ਮਕਸਦ ਲਈ ਉਹ ਅੱਛੇ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗੇ ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਪੈਦਾ ਹੋਈ ਅਸਥਿਰਤਾ ਨੇ ਅਜਿਹਾ ਮੌਕਾ ਅੰਗਰੇਜਾਂ ਨੂੰ ਬਹੁਤ ਛੇਤੀ ਦੇ ਦਿੱਤਾ ਅਤੇ ਉਹਨਾਂ ਨੇ ਇਸ ਦਾ ਫਾਇਦਾ ਉਠਾਉਣ ਵਿੱਚ ਕੋਈ ਚੂਕ ਨਹੀਂ ਕੀਤੀ । ਅੰਗਰੇਜਾਂ ਅਤੇ ਸਿੱਖਾਂ ਦੀਆਂ ਪਹਿਲੀਆਂ ਜੰਗਾਂ ਤੋਂ ਬਾਦ, 16 ਦਿਸੰਬਰ 1846 ਨੂੰ, ਦੋਹਾਂ ਸਰਕਾਰਾਂ ਵਿੱਚ ਭੈਰੋਵਾਲ ਦੀ ਸੰਧੀ ਹੋਈ, ਜਿਸ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦੇ ਬਾਲਗ ਹੋਣ ਤੱਕ, ‘ਲਹੋਰ ਦਰਬਾਰ’ ਦਾ ਪ੍ਰਬੰਧ ਚਲਾਉਣ ਲਈ ਇੱਕ ਅੰਗਰੇਜ ਰੀਜੈਂਟ ਹੈਨਰੀ ਲਾਰੈਂਸ ਦੀ ਕਮਾਂਡ ਹੇਠ, ਅੱਠ ਦਰਬਾਰੀ ਮੈਂਬਰਾਂ ਤੇ ਆਧਾਰਿਤ ਇੱਕ ‘ਰੀਜੈਂਸੀ ਕੌਂਸਲ’ ਦਾ ਗਠਨ ਕੀਤਾ ਗਿਆ । ਇਸ ਸੰਧੀ ਮੁਤਾਬਿਕ, ਮਹਾਰਾਜਾ ਦਲੀਪ ਸਿੰਘ ਸੋਲਾਂ ਸਾਲ ਦਾ ਹੋਣ ਤੇ, ਯਾਨੀ 4 ਸਿਤੰਬਰ 1854 ਨੂੰ, ਲਹੋਰ ਦਰਬਾਰ ਦਾ ਪੂਰਨ ਤੌਰ ਤੇ ਆਜ਼ਾਦ ਹੁਕਮਰਾਨ ਬਣ ਜਾਣਾ ਸੀ, ਉਸ ਦਿਨ ਤੱਕ ਰਾਜ ਅਤੇ ਮਹਾਰਾਜੇ ਦੀ ਸੁਰਖਿਆ ਦੀ ਪੂਰਨ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਸੀ ।

ਜਨਵਰੀ/ਫਰਵਰੀ 1849 ਵਿੱਚ ਚੇਲਿਆਂਵਾਲੀ ਤੇ ਗੁਜਰਾਤ ਦੀਆਂ ਜੰਗਾਂ ਤੋਂ ਬਾਦ, 29 ਮਾਰਚ 1849 ਨੂੰ, ਲਹੋਰ ਦੇ ਕਿਲੇ ਵਿੱਚ ਸਰਦਾਰਾਂ ਅਤੇ ਦਰਬਾਰੀਆਂ ਦੇ ਸਾਹਮਣੇ ‘ਹੈਨਰੀ ਐਲੀਅਟ’ ਵੱਲੋਂ ਗਵਰਨਰ ਜਨਰਲ ਹਿੰਦ ਦਾ ਇੱਕ ਐਲਾਨ ਖ਼ਾਲਸਾ ਰਾਜ ਨੂੰ ਹੜੱਪ ਕਰਨ ਸਬੰਧੀ ਪੜਿਆ ਗਿਆ ਅਤੇ ਇਸ ਤਰਾ ਅਮਲੀ ਤੌਰ ਤੇ ਖ਼ਾਲਸਾ ਰਾਜ ਦਾ ਸੂਰਜ ਇੱਤਹਾਸ ਦੇ ਹਨੇਰਿਆਂ ਵਿੱਚ ਗ਼ਰਕ ਹੋ ਗਿਆ । ਇਸ ਮਕਸਦ ਲਈ ਜੋ ਲਿਖਤੀ ਸੰਧੀ ਤਿਆਰ ਕੀਤੀ ਗਈ ਸੀ, ਉਸ ਉਤੇ ਬਾਲ ਮਹਾਰਾਜਾ ਦੇ ਦਸਤਖਤ 5 ਅਪਰੈਲ 1849 ਨੂੰ ਲਏ ਗਏ । ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤੱਕ, ਉਸ ਦੇ ਰਾਜ ਪ੍ਰਬੰਧ ਦੀ ਲਈ ਹੋਈ ਜ਼ਿੰਮੇਵਾਰੀ ਅਤੇ 4 ਸਿਤੰਬਰ 1854 ਨੂੰ ਉਸ ਦੇ ਸਾਰੇ ਅਧੀਕਾਰ ਵਾਪਿਸ ਸੌਂਪਣ ਦਾ ਕੀਤਾ ਹੋਇਆ ਵਾਅਦਾ, ਨਾ ਨਿਭਾਉਣ ਕਰਕੇ ਅੰਗਰੇਜ਼ ਅੱਜ ਤੱਕ ਮਹਾਰਾਜਾ ਦਲੀਪ ਸਿੰਘ ਦੇ ਰਾਜ ਭਾਗ ਦੀ ਵਾਰਿਸ ਸਿੱਖ ਕੌਮ ਦੇ ਕਰਜ਼ਦਾਰ ਹਨ ।

ਪਾਠਕ ਇਹ ਨਾ ਸਮਝਣ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਗੁਣਾਂ ਦਾ ਕਦਰਦਾਨ ਨਹੀਂ ਹਾਂ । ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਵੱਡੇ ਜੇਤੂ ਯੋਧਾ ਸਨ, ਰਣ ਨੀਤੀ ਵਿੱਚ ਨਿਪੁੰਨ ਸਨ, ਇੱਕ ਸ਼ਰਧਾਵਾਨ ਸਿੱਖ ਸਨ, ਅਤੇ ਹੋਰ ਬਹੁਤ ਸਾਰੇ ਗੁਣਾਂ ਦੇ ਮਾਲਿਕ ਸਨ । ਉਹਨਾਂ ਨੇ ਇੱਕ ਮਿਸਲ ਦੀ ਸਰਦਾਰੀ ਤੋਂ ਉੱਠ ਕੇ, ਇੱਕ ਬਹੁਤ ਵਿਸ਼ਾਲ ਹਕੂਮੱਤ ਕਾਇਮ ਕੀਤੀ ਅਤੇ ਉਸ ਨੂੰ ‘ਸਰਕਾਰ ਖ਼ਾਲਸਾ’ ਦਾ ਨਾਮ ਦਿੱਤਾ ਅਤੇ ਪੰਥ ਵੱਲ ਕਦੇ ਪਿੱਠ ਵੀ ਨਹੀਂ ਕੀਤੀ । ਪਰ ਮੇਰੇ ਇਸ ਲੇਖ ਦਾ ਵਿਸ਼ਾ ਮਹਾਰਾਜਾ ਰਣਜੀਤ ਸਿੰਘ ਦੀ ਜ਼ਾਤ ਨਹੀਂ, ਖ਼ਾਲਸਾ ਰਾਜ ਦੇ ਡੁੱਬ੍ਹੇ ਹੋਏ ਸੂਰਜ ਦੀ ਯਾਦ ਹੈ । ਇਹ ਯਾਦ ਸਾਡਾ ਕੋਮੀ ਸਰਮਾਇਆ ਹੈ, ਇਹ ਯਾਦ ਸੁਨਹਿਰੀ ਕੌਮੀ ਭਵਿੱਖ ਲਈ ਸਾਡੀ ਇੱਛਾ ਸ਼ਕਤੀ ਹੈ ਅਤੇ ਇਹ ਯਾਦ ਹੀ ਅੱਜ ਦੀ ਕੌਮੀ ਆਜ਼ਾਦੀ ਲਹਿਰ ਦਾ ਪ੍ਰੇਰਣਾ ਸ੍ਰੋਤ ਹੈ ।

ਅੱਜ ਫੇਰ ਸਿੱਖ ਕੌਮ ਗਵਾਚੀ ਹੋਈ ਪਹਿਚਾਣ, ਗਵਾਚੇ ਹੋਏ ਮਾਣ ਤੇ ਰਾਜ ਭਾਗ ਲਈ ਸੰਘਰਸ਼ ਕਰ ਰਹੀ ਹੈ । ਸਾਨੂੰ ਅਕਸਰ ਇੱਤਹਾਸਿਕ ਸਮਿਆਂ ਨਾਲ ਮਿਲਦੇ ਜੁਲਦੇ ਹਾਲਾਤ ਦਾ ਸਾਹਮਣਾ ਹੁੰਦਾ ਰਹਿੰਦਾ ਹੈ । ਗੁਰੂ ਮੇਹਰ ਕਰੇ! ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਫੇਰ ਨਾ ਦੁਹਰਾਈਏ !

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,