September 26, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜ ਸਿੰਘ ਸਾਹਿਬਾਨਾਂ ਵਲੋਂ ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਰਹਿਸਮਈ ਢੰਗ ਨਾਲ ਦੋਸ਼-ਮੁਕਤ ਕਰਨ ਦੇ ਗੈਰ-ਸਿਧਾਂਤਕ ਅਤੇ ਪੰਥ ਦੀ ਸਮੂਹਿਕ ਚੇਤਨਾ ਦੇ ਖਿਲਾਫ ਕੀਤੇ ਫੈਸਲੇ ਦੇ ਰੋਸ ਅਤੇ ਰੋਹ ਵਜੋਂ 29 ਸਤੰਬਰ ਦੀ ਦੁਪਹਿਰ ਨੂੰ ਅਕਾਲ ਤਖਤ ਸਾਹਿਬ ਵਿਖੇ ਇੱਕਤਰ ਹੋ ਕੇ ਮੌਜੂਦਾ ਭ੍ਰਿਸ਼ਟ ਤੇ ਗੁਰਮਤਿ-ਵਿਰੋਧੀ ਸਿਸਟਮ ਨੂੰ ਗੁਰੂ ਆਸ਼ੇ ਅਨੁਸਾਰ ਬਦਲਣ ਦਾ ਅਹਿਦ ਲੈਣ ਦਾ ਫੈਸਲਾ ਲਿਆ ਹੈ। ਦੋਨਾਂ ਜਥੇਬੰਦੀਆਂ ਦਾ ਇਹ ਮੰਨਣਾ ਹੈ ਕਿ ਲੰਮੇ ਸਮੇ ਤੋਂ ਜਥੇਦਾਰਾਂ ਦੇ ਫੈਸਲੇ ਨਾਲ ਸਿੱਖ ਮਨਾਂ ਨੂੰ ਠੇਸ ਪੁਹੰਚ ਰਹੀ ਹੈ ਅਤੇ ਜਥੇਦਾਰਾਂ ਨੇ ਖੁਦ ਹੀ ਅਕਾਲ ਤਖਤ ਸਾਹਿਬ ਦੀ ਮਰਯਾਦਾ, ਨਿਯਮਾਂ, ਸਿਧਾਂਤਾਂ ਅਤੇ ਰਵਾਇਤਾਂ ਨੂੰ ਤਹਿਸ-ਨਹਿਸ ਕੀਤਾ ਹੈ।
ਕੰਵਰਾਪਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਬਿਆਨ ਵਿੱਚ ਦੋਨਾਂ ਜਥੇਬੰਦੀਆਂ ਨੇ ਕਿਹਾ ਕਿ ਸਿੱਖ ਪੰਥ ਡੂੰਘੀ ਨਿਰਾਸ਼ਾ ਦੇ ਦੌਰ ਵਿਚੋਂ ਦੀ ਨਿਕਲ ਰਿਹਾ ਹੈ ਕਿਉਕਿਂ ਜਿਨਾਂ ਦੇ ਹੱਥ ਸੰਸਥਾਵਾਂ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦੀ ਸਾਂਭ-ਸੰਭਾਲ ਦੀ ਜ਼ਿਮੇਵਾਰੀ ਸੌਂਪੀ ਗਈ ਸੀ ਉਹ ਹੀ ਇਸ ਨੂੰ ਤਬਾਹ ਕਰਨ ਦੇ ਰਾਹ ਤੁਰੇ ਹੋਏ ਹਨ।

Bhai Harpal Singh Cheema (L) and Kanwar Pal Singh (R)
ਉਹਨਾਂ ਕਿਹਾ ਕਿ ਉਹ ਮੰਗਲਵਾਰ ਦੁਪਹਿਰ ਨੂੰ ਤਖਤ ਸਾਹਿਬ ਵਿਖੇ ਕੁਝ ਸਮੇਂ ਲਈ ਬੈਠ ਕੇ ਸਿੱਖ ਸੰਸਥਾਵਾਂ ਦੇ ਕੀਤੇ ਜਾ ਰਹੇ “ਸਿਧਾਂਤਕ ਕਤਲ” ਦਾ ਸੋਗ ਕਰਨਗੇ ਅਤੇ ਸ਼ਾਂਤਮਈ ਢੰਗ ਨਾਲ ਆਪਨੇ ਰੋਸ ਅਤੇ ਪੀੜਾ ਦਾ ਇਜ਼ਹਾਰ ਕਰਨਗੇ।
ਉਹਨਾਂ ਕਿਹਾ ਕਿ ਉਹ ਗੁਰੂ ਅੱਗੇ ਅਰਦਾਸ ਕਰਕੇ ਆਸ਼ੀਰਵਾਦ ਲੈਣਗੇ ਤਾਂ ਜੋ ਸੱਚ ਅਤੇ ਸਿਧਾਂਤ ਦੀ ਲੜਾਈ ਅਤੇ ਮੁਹਿੰੰਮ ਦੀ ਆਰੰਭਤਾ ਕਰਕੇ ਸਿੱਖ ਸੰਸਥਾਵਾਂ ਨੂੰ ਉਹਨਾਂ ਗਲਤ ਹੱਥਾਂ ਤੋਂ ਮੁਕਤ ਕਰਵਾ ਸਕਣ ਜਿਹੜੇ “ਅਕਾਲ ਤਖਤ ਸਾਹਿਬ ਦੇ ਸਿਧਾਂਤ, ਮਰਯਾਦਾ ਨੂੰ ਰੋਲਣ, ਜਥੇਦਾਰ ਦੀ ਪਦਵੀ ਨੂੰ ਆਪਣਾ ਗੁਲਾਮ ਬਣਾਉਣ ਅਤੇ ਸਿੱਖ ਧਾਰਮਿਕ ਪ੍ਰਭੂੱਤਾ ਨੂੰ ਛੁਟਿਆਉਣ” ਲਈ ਜ਼ਿੰਮੇਵਾਰ/ਦੋਸ਼ੀ ਹਨ। ਉਹਨਾਂ ਬੇਨਤੀ ਕੀਤੀ ਕਿ ਉਹ ਸ਼ਰਧਾਵਾਨ ਸਿੱਖ ਵੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਸਭਾ ਵਿੱਚ ਹਿੱਸਾ ਲੈਣ ਜੋ ਮਹਿਸੂਸ ਕਰਦੇ ਹਨ ਕਿ ਜਥੇਦਾਰਾਂ ਦੇ ਆਪ-ਹੁਦਰੇ ਅਤੇ ਗੈਰ-ਸਿਧਾਂਤਕ ਫੈਸਲਿਆਂ ਕਾਰਨ ਤਖਤਾਂ ਦੀ ਸ਼ਾਨ, ਪ੍ਰੰਪਰਾਵਾਂ ਅਤੇ ਮਰਯਾਦਾ ਨੂੰ ਸੱਟ ਵੱਜ ਰਹੀ ਹੈ।
ਉਹਨਾਂ ਕਿਹਾ ਕਿ ਜਥੇਦਾਰ ਸਾਹਿਬਾਨਾਂ ਨੇ ਨੀਵਾਣ ਨੂੰ ਛੋਹ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਗੰਦਲੀ ਤੇ ਮੌਕਾਪ੍ਰਸਤੀ ਵਾਲੀ ਸਿਆਸਤ ਨੇ ਧਾਰਮਿਕ ਅਕੀਦਿਆਂ ਅਤੇ ਅਕਾਲ ਤਖਤ ਸਾਹਿਬ ਦੀ ਮਾਣ-ਮਰਯਾਦਾ ਨੂੰ ਦਾਅ ਉਤੇ ਲਗਾ ਦਿੱਤਾ ਹੈ। ਉਹਨਾਂ ਕਿਹਾ ਪੰਜਾਂ ਜਥੇਦਾਰਾਂ ਨੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਕਿਹਾ ਕਿ ਦੋਸ਼ੀ ਨੂੰ ਪੇਸ਼ ਹੋਕੇ ਮੁਆਫੀ ਮੰਗਣ ਦੀ ਚੱਲੀ ਆ ਰਹੀ ਰਵਾਇਤ ਅਤੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ। ਉਹਨਾਂ ਗੁਰਮੀਤ ਰਾਮ ਰਹੀਮ ਵਲੋਂ ਅਖੌਤੀ ਮੁਆਫੀਨਾਮੇ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਉਹ ਕਾਫੀ ਨਹੀਂ, ਬਲਕਿ ਮਹਿਜ਼ ਇੱਕ ਫਰਾਡ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਜਥੇਦਾਰਾਂ ਨੇ ਇਹ ਫੈਸਲਾ ਕਰਨ ਤੋਂ ਪਹਿਲਾਂ ਨਾਂ ਤਾਂ ਕੌਮੀ ਸੰਸਥਾਵਾਂ ਤੋਂ ਰਾਇ ਮੰਗੀ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਤੋਂ ਪ੍ਰਵਾਨਗੀ ਲਈ ।
ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਨਿਘਾਰ ਦਾ ਇੱਕ ਕਾਰਨ ਜਥੇਦਾਰ ਦੀ ਨਿਯੁਕਤੀ, ਅਧਿਕਾਰ ਅਤੇ ਹੁਕਮਨਾਮੇ ਜਾਰੀ ਕਰਨ ਦੇ ਪ੍ਰਭਾਸ਼ਿਤ ਨਿਯਮਾਂ ਅਤੇ ਕਾਰਜਪ੍ਰਣਾਲੀ ਦੀ ਅਣਹੋਂਦ ਹੈ।
Related Topics: Akali Dal Panch Pardhani, Bhai Harpal Singh Cheema (Dal Khalsa), Dal Khalsa International, Kanwar Pal Singh Bittu