October 19, 2015 | By ਸਿੱਖ ਸਿਆਸਤ ਬਿਊਰੋ
ਜਲੰਧਰ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਚੱਲ ਰਿਹਾ ਸੰਘਰਸ਼ ਦੇ ਆਪ ਮੁਹਾਰਾ ਰੁੱਖ ਧਾਰਨ ਕਰਨ ਦੇ ਸੰਕੇਤ ਮਿਲ ਰਹੇ ਹਨ ਜਿਸ ਦੇ ਚਲਦਿਆਂ ਜਲੰਧਰ ਸ਼ਹਿਰ ਬੰਦ ਕਰਵਾ ਰਹੇ ਸਿੱਖਾਂ ਅਤੇ ਦੁਕਾਨਦਾਰਾਂ ਦਰਮਿਆਨ ਟਕਰਾਅ ਹੋ ਗਿਆ। ਜਿਸ ਤੋਂ ਬਾਅਦ ਜਲੰਧਰ ਵਿੱਚ ਹਾਲਾਤ ਤਣਾਅਪੁਰਣ ਹੋ ਗਏ।

ਨਾਅਰੇਬਾਜੀ ਕਰਦੇ ਹੋਏ ਹਿੰਦੂ ਆਗੂ ਅਤੇ ਦੁਕਾਨਦਾਰ
ਸਿੱਖ ਸਿਆਸਤ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਵੱਲੋਂ ਐਲਾਨੇ ਪੰਜਾਬ ਬੰਦ ਦੌਰਾਨ ਜਦੋਂ ਸਿੱਖ ਸੰਗਤਾਂ ਜਲੰਧਰ ਬਜਾਰ ਬੰਦ ਕਰਵਾ ਰਹੀਆਂ ਸਨ ਤਾਂ ਮਾਈ ਹੀਰਾ ਬਜਾਰ ਵਿੱਚ ਕੁਝ ਦੁਕਾਨਦਾਰਾਂ ਨਾਲ ਟਕਰਾਅ ਹੋ ਗਿਆ ਸੀ। ਇਸ ਮੌਕੇ ਇਕ ਹਿੰਦੂ ਆਗੂ ਵਲੋਂ ਸਿੱਖਾਂ ਪ੍ਰਤੀ ਮੰਦੀਸ਼ਬਦਾਵਲੀ ਵਰਤੀ ਵਰਤਦਿਆਂ ਨਾਅਰੇਬਾਜੀ ਕੀਤੀ ਗਈ ਸੀ।
ਇਸ ਤਲਖੀ ਦੇ ਚਲਦਿਆਂ ਅੱਜ ਵੀ ਜਦੋਂ ਸਿੱਖ ਨੌਜਵਾਨ ਰੋਸ ਵਜੋਂ ਬਜਾਰ ਬੰਦ ਕਰਵਾ ਰਹੇ ਸਨ ਤਾਂ ਕੁਝ ਹਿੰਦੂ ਆਗੂਆਂ ਅਤੇ ਦੁਕਾਨਦਾਰਾਂ ਦਾ ਸਿੱਖਾਂ ਨਾਲ ਟਕਰਾਅ ਹੋ ਗਿਆ। ਦੋਵਾਂ ਧਿਰਾਂ ਵਿੱਚ ਪੱਥਰਬਾਜੀ ਦੀਆਂ ਵੀ ਖਬਰਾਂ ਹਨ।
ਹਾਲਾਤ ਤਣਾਅਪੂਰਣ ਬਣਨ ’ਤੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਵੱਲੋਂ ਮੌਕੇ ਤੇ ਪਹੁੰਚੇ। ਪੁਲਿਸ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਲੋਕਲ ਅਕਾਲੀ ਅਤੇ ਬੀ.ਜੇ.ਪੀ ਆਗੂਆਂ ਦੀ ਮਦਦ ਨਾਲ ਸਥਿਤੀ ਤੇ ਕਾਬੂ ਪਾਇਆ ਗਿਆ।
ਸੁਹਿਰਦ ਸਿੱਖ ਹਿੱਸਿਆ ਵਲੋਂ ਸੰਘਰਸ਼ ਦੀ ਸੰਗਠਤ ਅਗਵਾਈ ਤੇ ਸਾਂਝਾ ਪ੍ਰੋਗਰਾਮ ਉਲੀਕਣ ਉੱਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਸੰਘਰਸ਼ ਨੂੰ ਨਿਸ਼ਚਤ ਲੀਹਾਂ ਉੱਤੇ ਅੱਗੇ ਵਧਾਇਆ ਜਾ ਸਕੇ।
Related Topics: Jallandhar, Kotakpura Incident