September 22, 2014 | By ਸਿੱਖ ਸਿਆਸਤ ਬਿਊਰੋ
ਬਠਿੰਡਾ(21 ਸਤੰਬਰ, 2014): ਭਾਜਪਾ ਦੀ ਵਿਧਾਇਕਾ ਵੱਲੋਂ ਸਿੱਖ ਕੱਕਾਰਾਂ ਦੀ ਬੇਅਬਦੀ ਕਰਨ ਦੇ ਮਾਮਲੇ ਵਿੱਚ ਪੰਥਕ ਆਗੂਆਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਮੰਗ ਕੀਤੀ ਹੈ ਕਿ ਉਕਤ ਵਿਧਾਇਕਾ ਨੂੰ ਤਲਬ ਕਰ ਕੇ ਸਜ਼ਾ ਲਾਈ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਸਾਜ਼ਿਸ਼ ਤਹਿਤ ਸਿੱਖ ਕਕਾਰਾਂ ਦੀ ਬੇਅਦਬੀ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਊਸ਼ਾ ਠਾਕੁਰ ਵਿਰੁੱਧ 22 ਸਤੰਬਰ ਦਿਨ ਸੋਮਵਾਰ ਨੂੰ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਜਾਵੇਗਾ।
ਇੰਦੌਰ ਤੋਂ ਭਾਜਪਾ ਵਿਧਾਇਕ ਊਸ਼ਾ ਠਾਕੁਰ ਵੱਲੋਂ ਸਿੱਖ ਕਕਾਰਾਂ ਦੀ ਬੇਅਦਬੀ ਕਰਨ ਕਾਰਨ ਗੁੱਸੇ ਵਿੱਚ ਆਏ ਪੰਥਕ ਆਗੂਆਂ ਨੇ ਵਿਧਾਇਕਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਕਿ ਵਿਧਾਇਕਾ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਵਿਧਾਇਕਾ ਨੇ ਅੰਮ੍ਰਿਤ ਛਕਿਆ ਹੋਇਆ ਹੈ, ਇਸੇ ਲਈ ਉਹ ਸ੍ਰੀ ਸਾਹਿਬ ਧਾਰਨ ਕਰਦੀ ਹੈ।
ਇਸ ਮਾਮਲੇ ਸਬੰਧੀ ਜਦ ਊਸ਼ਾ ਠਾਕੁਰ ਨਾਲ ਇੰਟਰਨੈਟ ਤੇ ਦਿੱਤੇ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕੀਤਾ ਤਾਂ ਖੁਦ ਨੂੰ ਉਨ੍ਹਾਂ ਦਾ ਭਰਾ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਸ੍ਰੀ ਸਾਹਿਬ ਸ਼ਹੀਦ ਭਗਤ ਸਿੰਘ ਦੀ ਮਾਤਾ ਨੇ ਦਿੱਤੀ ਸੀ ਤੇ ਊਸ਼ਾ ਠਾਕੁਰ ਨੇ ਗੁਰ ਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੋਇਆ ਹੈ, ਇਸ ਲਈ ਉਹ ਸ੍ਰੀ ਸਾਹਿਬ ਪਾਉਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਏਕਨੂਰ ਖਾਲਸਾ ਫੌਜ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਅਤੇ ਪੰਥਕ ਆਗੂ ਸੁਰਿੰਦਰ ਸਿੰਘ ਨਥਾਣਾ ਅਤੇ ਦਲਜੀਤ ਸਿੰਘ ਸਿਧਾਣਾ ਨੇ ਪੁਲਸ ਨੂੰ ਮੰਗ ਪੱਤਰ ਦਿੰਦਿਆਂ ਵਿਧਾਇਕਾ ਵਿਰੁੱਧ ਧਾਰਮਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸ੍ਰੀ ਸਾਹਿਬ ਉਹ ਵਿਅਕਤੀ ਪਾ ਸਕਦਾ ਹੈ ਜਿਸ ਨੇ ਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੋਵੇ ਤੇ ਗੁਰਬਾਣੀ ਨਾਲ ਜੁੜਦਿਆਂ ਸਿੱਖੀ ਪਹਿਰਾਵੇ ਵਿੱਚ ਰਹਿੰਦਾ ਹੋਵੇ, ਪਰ ਵਿਧਾਇਕਾ ਊਸ਼ਾ ਠਾਕੁਰ ਨੰਗੇ ਸਿਰ ਰਹਿੰਦੀ ਹੈ ਤੇ ਸ੍ਰੀ ਸਾਹਿਬ ਪਾ ਕੇ ਰੱਖਦੀ ਹੈ। ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਇੱਕ ਸਾਜ਼ਿਸ਼ ਹੈ।
ਮੰਗ ਪੱਤਰ ਸਬੰਧੀ ਐਸ ਪੀ ਐਚ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਦੂਜੇ ਸੂਬੇ ਨਾਲ ਸਬੰਧਤ ਹੈ ਇਸ ਲਈ ਕਾਨੂੰਨੀ ਕਾਰਵਾਈ ਕਰਨ ਲਈ ਇਹ ਕੇਸ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ।
Related Topics: BJP, Kirpan, Sikh Panth