May 28, 2014 | By ਸਿੱਖ ਸਿਆਸਤ ਬਿਊਰੋ
ਜਲੰਧਰ (27 ਮਈ 2014): ਪੰਜਾਬ ਵਿੱਚ ਵੱਡੇ ਪੱਧਰ ‘ਤੇ ਪਸਰੇ ਨਸ਼ਿਆਂ ਦੇ ਵਪਾਰ ਅਤੇ ਵਰਤੋਂ ਕਾਰਨ ਤਬਾਹੀ ਦੇ ਕੰਢੇ ਪਹੁੰਚੇ ਪੰਜਾਬ ਦਾ ਭਲਾ ਲੋਚਣ ਵਾਲਿਆਂ ਲਈ ਇਹ ਖਬਰ ਕੁਝ ਸਕੂਨ ਦੇਣ ਲਈ ਵਾਲੀ ਹੈ ਕਿ ਕੁਝ ਸੁਹਿਰਦ ਧਿਰਾਂ ਵੱਲੋਂ ਪੰਜਾਬ ਨੂਮ ਨਸ਼ਿਆਂ ਤੋਂ ਮੁਕਤ ਕਰਨ ਲਈ ਲੱਕ ਬੰਨ ਲਿਆ ਹੈ।
ਅੱਜ ਵਾਤਾਵਰਣ ਪ੍ਰੇਮੀ ਅਤੇ ਵਾਤਾਵਰਣ ਦੀ ਸੰਭਾਲ ਲਈ ਲੰਮੇ ਸਮੇਂ ਤੋਂ ਗੰਭੀਰਤਾ ਨਾਲ ਜੱਦੋ-ਜਹਿਦ ਕਰ ਰਹੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਿੱਚ ਨਸ਼ਿਆਂ ਨਾਲ ਤਬਾਹ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਉਹ ਆਪਣੇ ਪਿੰਡ ਸੀਚੇਵਾਲ ਤੋਂ ਸ਼ੁਰੂ ਕਰਨਗੇ। ਉਹ ਇਲਾਕੇ ਦੀਆਂ ਪੰਚਾਇਤਾਂ, ਯੂਥ ਕਲੱਬਾਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ।
ਉਹ ਪੰਜਾਬ ਦੇ ਕੁਦਰਤੀ ਦਰਿਆਵਾਂ ਦੇ ਵਹਿਣਾਂ ਨੂੰ ਚੱਲਦਾ ਰੱਖਣਗੇ ਤੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲੇ ਬੱਚਿਆਂ ਦੇ ਮਾਪੇ ਵੀ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।
ਨਸ਼ਿਆਂ ਵਿਰੋਧੀ ਇਸ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਜਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੂਟੇ ਲਾ ਕੇ ਕੀਤੀ।ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਪੀਲ ਕਰਦਿਆਂ ਸੰਗਤਾਂ ਨੂੰ ਨਸ਼ੇ ਵੇਚਣ ਤੇ ਖਰੀਦਣ ਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
ਵਾਤਾਵਰਣ ਦੇ ਖੇਤਰ ‘ਚ ਮਜ਼ਬੂਤੀ ਨਾਲ ਮੁਹਿੰਮ ਛੇੜਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ‘ਚ ਹੱਥ ਖੜ੍ਹੇ ਕਰਕੇ ਨਸ਼ਿਆਂ ਵਿਰੁੱਧ ਆਰੰਭੀ ਜਾਣ ਵਾਲੀ ਮੁਹਿੰਮ ਦਾ ਸਮਰਥਨ ਕੀਤਾ।
ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਲਬੀਰ ਸਿੰਘ ਰੱਬ ਜੀ ਜਿਆਣ ਵਾਲੇ, ਸੰਤ ਨਿਰਮਲ ਦਾਸ ਡੇਰਾ ਬਾਬਾ ਜੌੜੇ, ਗੁਰਦੇਵ ਸਿੰਘ ਹਰੀਆਂ ਵੇਲਾਂ ਅਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੀ ਸੰਬੋਧਨ ਕੀਤਾ।
Related Topics: Drugs Abuse and Drugs Trafficking in Punjab, sant seechewal