July 23, 2014 | By ਸਿੱਖ ਸਿਆਸਤ ਬਿਊਰੋ
ਜਗਰਾਉਂ (22 ਜੁਲਾਈ 2014): ਅੱਜ ਜਗਰਾਉਂ ਦੇ ਵਧੀਕ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਸਾਲ 2009 ਦੇ ਇੱਕ ਆਰ.ਡੀ.ਐਕਸ. ਬਰਾਮਦਗੀ ਮਾਮਲੇ ਸਬੰਧੀ ਦਰਜ ਕੇਸ ਦੀ ਸੁਣਵਾਈ ਦੌਰਾਨ ਪਿੰਡ ਲੰਮੇ ਦੇ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੁਲਜੀਤ ਸਿੰਘ ਉਰਫ ਕੰਤਾ ਵਾਸੀ ਲੁਧਿਆਣਾ, ਭਾਗ ਸਿੰਘ ਵਾਸੀ ਪਿੰਡ ਲੰਮੇ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ।
ਬੀਤੀ ਸ਼ਾਮ ਇਸ ਕੇਸ ਦੀ ਸੁਣਵਾਈ ਦੌਰਾਨ ਵਧੀਕ ਸੈਸ਼ਨ ਜੱਜ ਕਰਨੇਸ਼ ਕੁਮਾਰ ਨੇ ਬਾਬਾ ਬਲਬੀਰ ਸਿੰਘ, ਕੁਲਜੀਤ ਸਿੰਘ ਉਰਫ ਕੰਤਾ ਅਤੇ ਭਾਗ ਸਿੰਘ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਉਂਦੇ ਹੋਏ ਗ੍ਰਿਫ਼ਤਾਰ ਕਰਨ ਦੇ ਹੁਕਮ ਸੁਣਾਏ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਬਰੀ ਕਰ ਦਿੱਤਾ।
ਇਸ ਮਾਮਲੇ ਸਬੰਧੀ ਰਾਏਕੋਟ ਵਿਖੇ ਤਾਇਨਾਤ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਬਾਬਾ ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਜਰਮਨ ਵਿੱਚ ਬੈਠੇ ਰਣਜੀਤ ਸਿੰਘ ਉਰਫ ਨੀਟਾ ਦੇ ਕਹੇ ’ਤੇ ਪੰਜਾਬ ਵਿੱਚ ਖਾੜਕੂ ਗਤੀਵਿਧੀਆਂ ਚਲਾ ਰਹੇ ਸਨ। ਇਨ੍ਹਾਂ ਨੂੰ ਧਮਾਕਾਖੇਜ਼ ਸਮੱਗਰੀ ਸਮੇਤ 2009 ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿੰਡ ਲੰਮੇ ਦੇ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੁਲਜੀਤ ਸਿੰਘ ਉਰਫ ਕੰਤਾ, ਭਾਗ ਸਿੰਘ ਅਤੇ ਦੋ ਹੋਰ ਸਾਥੀਆਂ ਨੂੰ 29 ਜੂਨ 2009 ਦੀ ਰਾਤ ਨੂੰ ਡੀ.ਐਸ.ਪੀ. ਸਤਨਾਮ ਸਿੰਘ ਵੱਲੋਂ ਭਾਰੀ ਪੁਲੀਸ ਫੋਰਸ ਦੀ ਅਗਵਾਈ ਹੇਠ ਗੁਰਦੁਆਰੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਿਕ ਉਨ੍ਹਾਂ ਕੋਲੋਂ 32 ਬੁਲੇਟਿਨ ਦੀਆਂ ਛੜੀਆਂ, ਜਿਨ੍ਹਾਂ ਦਾ ਭਾਰ 4 ਕਿਲੋ ਸੀ ਅਤੇ 6 ਡੈਟੋਨੇਟਰ ਬਰਾਮਦ ਕੀਤੇ ਗਏ ਸਨ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਕੇਸ ਦਰਜ ਕਰਕੇ ਰਿਮਾਂਡ ਲੈਣ ਉਪਰੰਤ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਕੁਝ ਸਮੇਂ ਬਾਅਦ ਬਾਬਾ ਬਲਬੀਰ ਸਿੰਘ ਜ਼ਮਾਨਤ ’ਤੇ ਬਾਹਰ ਆ ਗਿਆ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਪੁਲੀਸ ਵੱਲੋਂ ਦਰਜ ਕੀਤੇ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ।
Related Topics: Punjab Police, Sikhs in Jails