December 8, 2016 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ੍ਹ 8 ਦਸੰਬਰ ਦੇ ਇਕੱਠ ਲਈ ਪ੍ਰਬੰਧਕਾਂ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਨੇ “ਸਰਬੱਤ ਖ਼ਾਲਸਾ” ਦੀ ਪ੍ਰਵਾਨਗੀ ਲਈ ਦਿੱਤੀ ਦਰਖਾਸਤ ਦਾ ਫੈਸਲਾ 24 ਘੰਟਿਆਂ ਵਿੱਚ ਕਰ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਨੇ ਪੰਜਾਬ ਹਰਿਆਣਾ ਹੱਦ ’ਤੇ ਨਾਕੇ ਵਧਾ ਦਿੱਤੇ ਹਨ।
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ “ਸਰਬੱਤ ਖਾਲਸਾ” ਦੀ ਪ੍ਰਵਾਨਗੀ ਲਈ ਦਿੱਤੀ ਦਰਖਾਸਤ ਦਾ ਫੈਸਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਤਰਫ਼ੋਂ ਰਿਪੋਰਟ ਪ੍ਰਾਪਤ ਹੋਈ ਹੈ ਕਿ ਜੇ ਤਲਵੰਡੀ ਸਾਬੋ ਵਿੱਚ ਇਕੱਠ ਹੁੰਦਾ ਹੈ ਤਾਂ ਅਮਨ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਥੋਰੀ ਨੇ ਦੱਸਿਆ ਕਿ ਪੁਲਿਸ ਦੀ ਰਿਪੋਰਟ ਦੇ ਮੱਦੇਨਜ਼ਰ ਦਰਖਾਸਤ ਰੱਦ ਕਰ ਦਿੱਤੀ ਹੈ ਅਤੇ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ ਹੈ। ਯੂਨਾਈਟਿਡ ਅਕਾਲੀ ਦਲ ਨੇ ਕੱਲ੍ਹ ਹੀ ਪੰਥਕ ਇਕੱਠ ਦੀ ਪ੍ਰਵਾਨਗੀ ਲਈ ਦਰਖਾਸਤ ਦਿੱਤੀ ਸੀ।
ਜ਼ਿਲ੍ਹਾ ਮੈਜਿਸਟਰੇਟ ਨੇ ਇਸ ਤੋਂ ਪਹਿਲਾਂ 10 ਨਵੰਬਰ ਦੇ ਇਕੱਠ ਲਈ ਵੀ ਪ੍ਰਵਾਨਗੀ ਨਹੀਂ ਦਿੱਤੀ ਸੀ। ਬਠਿੰਡਾ ਜ਼ੋਨ ਦੇ ਆਈ.ਜੀ ਐਸ.ਕੇ.ਅਸਥਾਨਾ ਸਮੇਤ ਕਈ ਪੁਲਿਸ ਅਫ਼ਸਰਾਂ ਨੇ ਕੱਲ੍ਹ ਇਕੱਠ ਵਾਲੀ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਠ ਪਾਠ ਅਰੰਭ ਕਰਾਏ ਹੋਏ ਹਨ। ਪੁਲਿਸ ਨੇ ਕੱਲ੍ਹ ਫੜੇ ਕੁਝ ਪੰਥਕ ਆਗੂਆਂ ਦਾ ਡਾਕਟਰੀ ਮੁਆਇਨਾ ਕਰਾਉਣ ਮਗਰੋਂ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ। ਬੀਤੀ ਰਾਤ ਤੋਂ ਪੁਲਿਸ ਨੇ ਕੁਝ ਪੰਥਕ ਆਗੂਆਂ ਦੇ ਘਰਾਂ ’ਤੇ ਛਾਪੇ ਵੀ ਮਾਰੇ ਪਰ ਕੋਈ ਆਗੂ ਹੱਥ ਨਹੀਂ ਲੱਗਿਆ।
ਸੂਤਰਾਂ ਨੇ ਦੱਸਿਆ ਕਿ ਕਰੀਬ 200 ਪੰਥਕ ਆਗੂ ਗ੍ਰਿਫਤਾਰੀਆਂ ਤੋਂ ਬਚਣ ਲਈ ਹਰਿਆਣਾ ਤੇ ਰਾਜਸਥਾਨ ਚਲੇ ਗਏ ਹਨ, ਜੋ ਭਲਕੇ ਕਿਸੇ ਨਾ ਕਿਸੇ ਰੂਪ ਵਿੱਚ ਤਲਵੰਡੀ ਸਾਬੋ ਪੁੱਜਣਗੇ। ਦੂਜੇ ਪਾਸੇ ਭਾਈ ਦਾਦੂਵਾਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਪ੍ਰਵਾਨਗੀ ਦੇ ਮਾਮਲੇ ’ਤੇ ਇਹੋ ਫੈਸਲਾ ਸੁਣਾਉਣਾ ਸੀ। ਪੰਜਾਬ ਤੋਂ ਬਿਨਾਂ ਹੁਣ ਤਾਂ ਹਰਿਆਣਾ ਪੁਲਿਸ ਵੀ ਦੋਵਾਂ ਰਾਜਾਂ ਦੀ ਹੱਦ ’ਤੇ ਡਟ ਗਈ ਹੈ ਤਾਂ ਜੋ ਪੰਥਕ ਆਗੂਆਂ ਨੂੰ ਧਾਰਮਿਕ ਪ੍ਰੋਗਰਾਮ ਕਰਨੋਂ ਰੋਕਿਆ ਜਾ ਸਕੇ। ਉਨ੍ਹਾਂ ਆਖਿਆ ਕਿ ਉਹ ਭਲਕੇ 8 ਦਸੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪਾਉਣ ਅਤੇ ਪੰਥਕ ਵਿਚਾਰਾਂ ਲਈ ਤਲਵੰਡੀ ਸਾਬੋ ਜਾਣਗੇ। ਪੁਲਿਸ ਨੇ ਰੋਕਿਆ ਤਾਂ ਮੌਕੇ ’ਤੇ ਅਗਲਾ ਫੈਸਲਾ ਲੈਣਗੇ।
ਪੰਜਾਬ ਭਰ ਵਿੱਚੋਂ ਪੁਲਿਸ ਤੇ ਖ਼ੁਫੀਆ ਤੰਤਰ ਤੋਂ ਇਲਾਵਾ ਸੀਆਰਪੀਐਫ, ਰੈਪਿਡ ਐਕਸ਼ਨ ਫੋਰਸ, ਬੀਐਸਐਫ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕਰ ਕੇ ਥਾਂ-ਥਾਂ ਨਾਕੇਬੰਦੀਆਂ ਕੀਤੀਆਂ ਗਈਆਂ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੱਲ੍ਹ ਤੋਂ ਇੱਥੇ ਡੇਰੇ ਲਾਏ ਹੋਏ ਹਨ। ਤਖ਼ਤ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਅੱਗੇ ਵੀ ਫੋਰਸ ਲਾਈ ਗਈ ਹੈ।
Related Topics: Babu Baljit Singh Daduwal, Punjab Government, Punjab Police, Sarbat Khalsa 2016, Talwandi Sabo