May 29, 2024 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਕੈਨੇਡਾ ਸਥਿਤ ਗੁਰਦੁਆਰਾ ਕਮੇਟੀਆਂ ਅਤੇ ਦਲ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ੁਸੋਬਿਤ ਕੀਤੀ ਜਾਵੇ।
ਦਲ ਖ਼ਾਲਸਾ ਆਗੂ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦਵਾਰਾ ਸੁਸਾਈਟੀ ਡੈਲਟਾ-ਸਰੀ, ਵੱਲੋਂ ਭੇਜਿਆ ਯਾਦ-ਪੱਤਰ ਉਹਨਾਂ ਨੂੰ ਸੌਪਿਆ। ਪੱਤਰ ਵਿੱਚ ਸੰਗਤਾਂ ਨੇ ਮੰਗ ਕੀਤੀ ਕਿ ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਵੇ। ਜ਼ਿਕਰਯੋਗ ਹੈ ਕਿ ਇਹ ਮੰਗ ਇਸ ਸਾਲ 19 ਮਈ ਨੂੰ ਗੁਰਦੁਆਰਾ ਸਾਹਿਬ ਅੰਦਰ ਹੋਏ ਇਕੱਠ ਵਿੱਚ ਮਤਾ ਪਾਸ ਕਰਕੇ ਕੀਤੀ ਗਈ ਸੀ। ਇਸ ਇਕੱਠ ਵਿੱਚ ਪਰਮਜੀਤ ਸਿੰਘ ਮੰਡ ਵੀ ਹਾਜ਼ਰ ਸਨ।
ਪਾਰਟੀ ਦੇ ਸੀਨੀਅਰ ਆਗੂ ਰਣਵੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਪ੍ਰਗਟਾਈ ਇੱਛਾ ਪ੍ਰਤੀ ਸ. ਧਾਮੀ ਦਾ ਹੁੰਗਾਰਾ ਹਾਂ-ਪੱਖੀ ਸੀ। ਉਹਨਾਂ ਕਿਹਾ ਕਿ ਕੈਨੇਡਾ ਦੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਭਾਈ ਨਿੱਝਰ ਨੂੰ ਤਖ਼ਤ ਸਾਹਿਬ ਤੋ ਰਸਮੀ ਤੌਰ ਤੇ ‘ਸ਼ਹੀਦ’ ਦਾ ਰੁਤਬਾ ਦੇਣ ਲਈ ਯਾਦ-ਪੱਤਰ ਸੌਂਪਣਗੇ ।
ਜਿਕਰਯੋਗ ਹੈ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਝਰ ਨੂੰ ਹਮਲਾਵਰਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਇਸ ਕਤਲ ਤੋਂ ਬਾਅਦ ਪੰਜਾਬ ਅੰਦਰ ਦਲ ਖ਼ਾਲਸਾ ਅਤੇ ਹੋਰਨਾਂ ਪੰਥਕ ਜਥੇਬੰਦੀਆਂ ਨੇ ਭਾਰਤੀ ਖੁਫੀਆਂ ਏਜੇਂਸੀਆਂ ਨੂੰ ਇਸ ਕਤਲ ਲਈ ਜ਼ਿੰਮੇਵਾਰ ਦੱਸਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਪਾਰਲੀਮੈਂਟ ਵਿੱਚ ਬੋਲਦਿਆਂ ਕੈਨੇਡੀਅਨ ਨਾਗਰਿਕ ਭਾਈ ਨਿੱਝਰ ਦੇ ਕਤਲ ਦੀਆਂ ਤਾਰਾਂ ਭਾਰਤ ਦੀ ਖੁਫੀਆ ਵਿਭਾਗ ਨਾਲ ਜੋੜ ਕੇ ਦੋਨਾਂ ਮੁਲਕਾਂ ਵਿਚਾਲੇ ਰਾਜਸੀ ਤੁਫਾਨ ਖੜਾ ਕਰ ਦਿੱਤਾ ਸੀ ਅਤੇ ਭਾਈ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਚਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਸਟੂਡੈਟਸ ਵੀਜਾ ਤੇ ਪੰਜਾਬ ਤੋਂ ਕੈਨੇਡਾ ਗਏ ਸਨ।
ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ
Related Topics: canada, Dal Khalsa, Dal Khalsa International, Dal Khasla, Parmjeet Singh Mand, SGPC, Sikh in Canada, Sikh News Canada