October 8, 2013 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ, ਭਾਰਤ (08 ਅਕਤੂਬਰ, 2013): ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਤ ਇਕ ਮਾਮਲੇ ਵਿਚ ਕਤਲੇਆਮ ਦੇ ਪੀੜਤਾਂ ਨੇ ਦੋਸ਼ੀ ਸੱਜਣ ਕੁਮਾਰ ਅਤੇ ਹੋਰਨਾਂ ਦੀ ਉਸ ਦਲੀਲ ਦਾ ਵਿਰੋਧ ਕੀਤਾ ਹੈ ਜਿਸ ਵਿਚ ਉਸ ਦੇ ਅਦਾਲਤ ਨੂੰ ਇਸ ਮਾਮਲੇ ਦੇ 9 ਗਵਾਹਾਂ ਨੂੰ ਖਾਰਜ਼ ਕਰਨ ਦੀ ਮੰਗ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਤਲੇਆਮ ਦੇ ਪੀੜਤਾਂ ਨੇ ਆਪਣੇ ਵਕੀਲ ਐਡਵੋਕੇਟ ਐਚ. ਐਸ. ਫੂਲਕਾ ਰਾਹੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਇਨ੍ਹਾਂ 9 ਗਵਾਹਾਂ ਦੀ ਗਵਾਹੀ ਖਾਰਜ਼ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੀਆਂ ਗਵਾਹੀਆਂ ਇਸ ਮੁਕਦਮੇਂ ਲਈ ਬਹੁਤ ਅਹਿਮ ਹਨ ਅਤੇ ਇਹ ਗਵਾਹੀਂ ਨਾ ਕਰਵਾਉਣਾ ਭਾਰੀ ਬੇਇਨਸਾਫੀ ਹੋਵੇਗੀ।
ਜ਼ਿਕਰਯੋਗ ਹੈ ਕਿ ਦੋਸ਼ੀ ਸੱਜਣ ਕੁਮਾਰ ਨੇ ਦਿੱਲੀ ਦੇ ਜਿਲ੍ਹਾ ਜੱਜ ਜੇ. ਆਰ. ਆਰੀਅਨ ਦੀ ਅਦਾਲਤ ਵਿਚ ਇਹ ਦਲੀਲ ਦਿੱਤੀ ਸੀ ਕਿ 1984 ਦੇ ਕਤਲੇਆਮ ਨਾਲ ਸੰਬੰਧਤ ਇਸ ਮਾਮਲੇ ਵਿਚ 9 ਗਵਾਹਾਂ ਨੂੰ ਗਵਾਹਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਜਾਵੇ ਕਿਉਂਕਿ ਸੱਜਣ ਕੁਮਾਰ ਅਨੁਸਾਰ ਉਨ੍ਹਾਂ ਦੀ ਗਵਾਹੀ ਇਸ ਮਾਮਲੇ ਵਿਚ “ਫਾਲਤੂ” ਹੈ।
ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅੁਨਸਾਰ ਅੱਜ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਸਕੀ ਅਤੇ ਇਸ ਮਸਲੇ ਉੱਤੇ ਸੁਣਵਾਈ 19 ਅਕਤੂਬਰ ਨੂੰ ਜਾਰੀ ਰਹੇਗੀ।
ਇਹ ਗੱਲ ਧਿਆਨ ਦੇਣ-ਯੋਗ ਹੈ ਕਿ ਨਵੰਬਰ 1984 ਵਿਚ ਭਾਰਤ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜਿਸ ਤਹਿਤ ਸਭ ਤੋਂ ਮਾਰੂ ਕਤਲੇਆਮ ਦਿੱਲੀ ਵਿਚ ਵਾਪਰਿਆ ਜਿਥੇ ਤਿੰਨ ਹਜ਼ਾਰ ਤੋਂ ਉੱਪਰ ਸਿੱਖਾਂ ਨੂੰ ਕਤਲ ਕੀਤਾ ਗਿਆ ਅਤੇ ਪੰਜਾਹ ਹਜ਼ਾਰ ਤੋਂ ਵੱਧ ਸਿੱਖ ਉਜਾੜੇ ਦਾ ਸ਼ਿਕਾਰ ਹੋਏ। ਇਸ ਕਤਲੇਆਮ ਨੂੰ ਤਤਕਾਲੀ ਕਾਂਗਰਸ ਸਰਕਾਰ ਨੇ ਭਾਰਤੀ ਰਾਜ ਪ੍ਰਣਾਲੀ ਦੇ ਪ੍ਰਸ਼ਾਸਨਕ ਅਤੇ ਪੁਲਿਸ ਢਾਂਚੇ ਦੀ ਮਦਦ ਅਤੇ ਬਹੁਗਿਣਤੀ ਦੀ ਮੂਕ ਸਾਹਿਮਤੀ ਨਾਲ ਸਿਰੇ ਚਾੜਿਆ। ਬੀਤੇ 30 ਵਰ੍ਹੇ ਦੌਰਾਨ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਭਾਰਤੀ ਸਟੇਟ ਵੱਲੋਂ ਕੀਤੀ ਜਾ ਰਹੀ ਹੈ ਅਤੇ ਭਾਰਤ ਦਾ ਨਿਆਂ ਤੰਤਰ ਅਧਰੰਗ-ਮਾਰੇ ਢਾਂਚੇ ਵਾਂਗ ਦੋਸ਼ੀਆਂ ਨੂੰ ਸਜਾਵਾਂ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ ਜਦਕਿ ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਸੈਂਕੜੇ ਪੀੜਤ ਆਪਣੀ ਇਨਸਾਫ ਦੇਖਣ ਦੀ ਅਧੂਰੀ ਆਸ ਨਾਲ ਹੀ ਜਹਾਨ ਤੋਂ ਕੂਚ ਕਰ ਚੁੱਕੇ ਹਨ।
Related Topics: Sajjan Kumar, ਸਿੱਖ ਨਸਲਕੁਸ਼ੀ 1984 (Sikh Genocide 1984)