ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਕੀ ਪੰਜਾਬ ਦੇ ਪਾਣੀਆਂ ਚ ਜ਼ਹਿਰ ਘੁਲਣ ਤੋਂ ਰੁਕੇਗੀ ਜਾਂ ਜ਼ੀਰੇ ਵਾਂਗ ਲੁਧਿਆਣੇ ਵੀ ਮੋਰਚਾ ਲਾਉਣ ਦੀ ਲੋੜ ਪਵੇਗੀ ?

December 5, 2023 | By

ਬੀਤੇ ਦਿਨੀਂ ਬਿਲਕੁਲ ਜ਼ੀਰੇ ਵਰਗਾ ਹੀ ਮਸਲਾ ਲੁਧਿਆਣਾ ਜਿਲ੍ਹੇ ਦੇ ਪਿੰਡ ਮਾਂਗਟ ਚ ਸਾਹਮਣੇ ਆਇਆ ਹੈ। ਇੱਥੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੰਬੀ ਚੋਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਇਲਾਕੇ ਦੀਆਂ ਹੋਰ ਬੰਬੀਆਂ ਚੋਂ ਵੀ ਗੰਦਾ ਪਾਣੀ ਆਉਣ ਦੀ ਗੱਲ ਵੀ ਪਿੰਡ ਵਾਸੀਆਂ ਨੇ ਸਾਹਮਣੇ ਰੱਖੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਚ ਕੁਝ ਮਰੀਜ਼ ਕੈਂਸਰ ਨਾਲ ਮਰ ਚੁੱਕੇ ਹਨ ਅਤੇ ਕੁਝ ਜੂਝ ਰਹੇ ਹਨ। ਲੋਕ ਪਾਣੀ ਦੇ ਗੰਦੇ ਹੋਣ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸਿੱਧਾ ਕਾਰਣ ਦੱਸ ਰਹੇ ਹਨ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਘੰਟਾ ਘੰਟਾ ਬੰਬੀ ਚੱਲਣ ਤੋਂ ਬਾਅਦ ਵੀ ਉਸਦਾ ਪਾਣੀ ਪੀਣ ਯੋਗ ਨਹੀਂ ਹੁੰਦਾ। ਪਾਣੀ ਦਾ ਸੁਆਦ ਬੇਹੱਦ ਕੌੜਾ ਰਹਿੰਦਾ ਹੈ। ਇੱਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਬੰਬੀ ਦੇ ਪਾਣੀ ਕਾਰਨ ਕੁਝ ਸਮਾਂ ਪਹਿਲਾਂ ਓਹ ਕਾਫ਼ੀ ਬਿਮਾਰ ਹੋ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਫਸਲਾਂ ਨੂੰ ਪਾਣੀ ਦੇਣ ਤੇ ਫਸਲਾਂ ਸੁੱਕਣੀਆਂ ਸ਼ੁਰੂ ਹੋਣ ਲੱਗ ਪਈਆਂ ਹਨ।
ਪਾਣੀ ਦੇ ਗੰਦੇ ਹੋਣ ਦੀ ਮੁੱਖ ਵਜ੍ਹਾ ਪਿੰਡ ਚ ਲੱਗਿਆ ਕੱਪੜਾ /ਸੂਤ/ਉੱਨ ਦੀ ਰੰਗਾਈ ਦਾ ਕਾਰਖਾਨਾ ਦੱਸਿਆ ਜਾ ਰਿਹਾ ਹੈ। ਕਾਰਖਾਨੇ ਵੱਲੋਂ ਪਿੰਡ ਦੇ ਛੱਪੜ ਚ ਪਾਏ ਜਾਂਦੇ ਗੰਦੇ ਪਾਣੀ ਨੂੰ ਕੁਝ ਸਮਾਂ ਪਹਿਲਾਂ ਪਿੰਡ ਵਾਸੀਆਂ ਨੇ ਬੰਦ ਕਰਵਾ ਦਿੱਤਾ ਸੀ। ਲੋਕਾਂ ਦਾ ਇਹ ਖ਼ਦਸ਼ਾ ਹੈ ਕਿ ਹੁਣ ਕਾਰਖਾਨਾ ਧਰਤੀ ਹੇਠ ਸਿੱਧਾ ਪਾਣੀ ਪਾ ਰਿਹਾ ਹੋ ਸਕਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਇਲਾਕੇ ਦੀ ਭੂਗੋਲਿਕ ਸਥਿਤੀ ਕਰਕੇ ਪਾਣੀ ਸਿੰਮ ਕੇ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜ਼ਮੀਨੀ ਪਾਣੀ ਦੇ ਗੰਧਲਾ ਹੋਣ ਤੋਂ ਸਿੱਧੇ ਸਪੱਸ਼ਟ ਅਰਥ ਇਹੀ ਨਿੱਕਲਦੇ ਹਨ ਕਿ ਕਾਰਖਾਨੇ ਵੱਲੋਂ ਪਾਣੀ ਨੂੰ ਸੋਧਿਆ ਨਹੀਂ ਜਾ ਰਿਹਾ। ਇਹ ਸਭ ਸੰਬੰਧਿਤ ਮਹਿਕਮਿਆਂ, ਪ੍ਰਦੂਸ਼ਣ ਕਾਬੂਕਰ ਬੋਰਡ ਅਤੇ ਸਿਆਸੀ ਆਗੂਆਂ ਦੇ ਗੈਰ-ਜ਼ਿੰਮੇਵਾਰ ਰਵਈਏ ਨੂੰ ਦਿਖਾ ਰਿਹਾ ਹੈ।

ਪਿੰਡ ਅਤੇ ਇਲਾਕੇ ਦੇ ਲੋਕ ਜਾਗਰੂਕ ਅਤੇ ਜਥੇਬੰਦ ਹੋ ਰਹੇ ਹਨ। ਜੇਕਰ ਸਰਕਾਰ ਹਰਕਤ ਚ ਨਹੀਂ ਆਉਂਦੀ ਤਾਂ ਇੱਥੇ ਵੀ ਜ਼ੀਰੇ ਵਾਂਗ ਮੋਰਚਾ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ। ਪਰਾਲੀ ਦੇ ਧੂਏਂ (ਲੱਗਭਗ 4 ਹਫ਼ਤੇ) ਅਤੇ ਦਿਵਾਲੀ ਦੇ ਪ੍ਰਦੂਸ਼ਣ (ਲਗਭੱਗ 1 ਹਫ਼ਤਾ) ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਸਰਕਾਰਾਂ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦੇ ਕਾਰਖਾਨਿਆਂ ਵੱਲੋਂ ਰੋਜ਼ਾਨਾਂ ਕੀਤੇ ਜਾਂਦੇ ਪ੍ਰਦੂਸ਼ਣ ਬਾਰੇ ਅਕਸਰ ਚੁੱਪੀ ਵੱਟੀ ਰੱਖਦੇ ਹਨ। ਦੀਵਾਲੀ ਅਤੇ ਪਰਾਲੀ ਵੇਲੇ ਪ੍ਰਦੂਸ਼ਣ ਦਾ ਕਾਰਣ ਆਮ ਲੋਕ ਅਤੇ ਕਿਸਾਨ ਹੁੰਦੇ ਹਨ ਪਰ ਪਾਣੀਆਂ ਚ ਜ਼ਹਿਰ ਘੋਲਣ ਵਾਲੇ ਲੋਕ ਵੱਡੀ ਪੂੰਜੀ ਵਾਲੇ ਕਾਰਖਾਨੇਦਾਰ ਹੁੰਦੇ ਹਨ। ਆਮ ਲੋਕਾਂ ਨੂੰ ਉਪਦੇਸ਼ ਅਤੇ ਪੂੰਜੀਵਾਦੀਆਂ ਨਾਲ ਸਾਂਝ ਸਿਆਸੀ ਲੋਕਾਂ ਦੇ ਕਿਰਦਾਰਾਂ ਨੂੰ ਸਪੱਸ਼ਟ ਕਰਦੀ ਹੈ। ਲੋਕ ਆਪਣੀ ਹੋਂਦ, ਹਸਤੀ ਪ੍ਰਤੀ ਜਾਗਰੂਕ ਅਤੇ ਰਾਜਸੀ ਲੋਕਾਂ ਦੇ ਕਿਰਦਾਰਾਂ ਤੋਂ ਜਾਣੂ ਹੋਣ ਲੱਗ ਪਏ ਹਨ। ਜਾਗਰੂਕ ਅਤੇ ਜਥੇਬੰਦ ਹੋਣਾ ਸਮੇਂ ਦੀ ਵੱਡੀ ਲੋੜ ਵੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,