ਖੇਤੀਬਾੜੀ » ਸਿਆਸੀ ਖਬਰਾਂ

ਖੁਦਕੁਸ਼ੀਆਂ ਦਾ ਰਾਹ ਨਹੀਂ, ਗੁਰੂਆਂ ਦਾ ਰਾਹ ਜ਼ੁਲਮ ਨਾਲ ਟਾਕਰਾ: ਖ਼ਾਲੜਾ ਮਿਸ਼ਨ ਅਤੇ ਸਹਿਯੋਗੀ ਜਥੇਬੰਦੀਆਂ

August 7, 2017 | By

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਵਰਣ-ਵੰਡ ਵਿਚਾਰਧਾਰਾ ਦੀਆਂ ਪੈਰੋਕਾਰ ਅਤੇ ਪਹਿਰੇਦਾਰ ਜੱਥੇਬੰਦੀਆਂ ਸਿੱਖੀ ੳੁੱਪਰ ਲਗਾਤਾਰ ਹਮਲੇ ਕਰਦੀਆਂ ਆਈਆਂ ਹਨ। ਪਹਿਲਾਂ ਦਰਬਾਰ ਸਾਹਿਬ ‘ਤੇ ਹਮਲਾ ਕਰਕੇ, ਝੂਠੇ ਮੁਕਾਬਲੇ ਬਣਾ ਕੇ, ਸਿੱਖ ਜਵਾਨੀ ਨਸ਼ਿਆਂ ਵਿੱਚ ਬਰਬਾਦ ਕਰਕੇ ਪੰਜਾਬ ਨੂੰ ਸ਼ਮਸ਼ਾਨ ਘਾਟ ਦਾ ਰੂਪ ਦੇ ਦਿੱਤਾ ਅਤੇ ਨਾਅਰੇ ਪੰਜਾਬ ਅੰਦਰ ਮੁਕੰਮਲ ਸ਼ਾਂਤੀ ਦੇ ਲਾਏ ਗਏ। ਹੁਣ ਖੁਦਕੁਸ਼ੀਆਂ ਰਾਹੀਂ ਕਿਸਾਨੀ ਨੂੰ ਬਰਬਾਦ ਕਰਕੇ ਸਿੱਖੀ ਅਤੇ ਪੰਜਾਬ ਉੱਪਰ ਹਮਲਿਆਂ ਦਾ ਸਿਲਸਿਲਾ ਜਾਰੀ ਹੈ।

ਮੌਜੂਦਾ ਵਿਕਾਸ ਦਾ ਮਾਡਲ ਲੁੱਟ ਅਤੇ ਕੁੱਟ ਦਾ ਮਾਡਲ ਬਣ ਕੇ ਸਾਹਮਣੇ ਆਇਆ ਹੈ। ਜਿਸ ਕਾਰਨ ਭਾਰਤੀ ਉਪਮਹਾਂਦੀਪ ਅੰਦਰ ਪੰਜਾਬ ਸਮੇਤ 4 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ। ਪਰ ਦੂਜੇ ਬੰਨੇ ਮੁਕੇਸ਼ ਅੰਬਾਨੀ ਭਾਰਤੀ ਉਪਮਹਾਂਦੀਪ ਦਾ ਵੱਡਾ ਮਾਇਆਧਾਰੀ ਬਣ ਕੇ ਸਾਹਮਣੇ ਆਇਆ ਹੈ। ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਗਰੀਬਾਂ ਦੇ ਹਮਾਇਤੀ ਦਿਸਣ ਲਈ ਮਗਰਮੱਛ ਦੇ ਹੰਝੂ ਵਹਾਏ। ਪਰ ਸਾਰੀਆਂ ਕਾਰਵਾਈਆਂ ਡਰਾਮੇਬਾਜ਼ੀ ਸਾਬਤ ਹੋਈਆਂ। ਖ਼ਬਰਾਂ ਹਨ ਕਿ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ ਇੱਕ ਸਾਲ ਵਿੱਚ 78000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅੰਬਾਨੀ ਦੀ ਵਧੀ ਆਮਦਨ ਪ੍ਰਧਾਨ ਮੰਤਰੀ ਮੋਦੀ ਦੇ ਝੂਠ ਦਾ ਭਾਂਡਾ ਚੌਰਾਹੇ ਵਿੱਚ ਭੰਨ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਗਰੀਬਾਂ ਦਾ ਲੁੱਟਿਆ ਪੈਸਾ ਲੁਟੇਰਿਆ ਕੋਲੋਂ ਵਾਪਸ ਕਰਾਇਆ ਜਾਵੇਗਾ। ਇਸ ਆਮਦਨ ਕਾਰਨ ਪੰਜਾਬ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋ ਸਕਦਾ ਸੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਪਿਛਲੇ ਸਮੇਂ ਵਿੱਚ ਅੰਬਾਨੀ ਹੁਰਾਂ ਤੇ 45000 ਕਰੋੜ ਰੁਪਏ ਦੇ ਓ.ਐਨ.ਜੀ.ਸੀ. ਦੀ ਗੈਸ ਚੋਰੀ ਕਰਨ ਦੇ ਦੋਸ਼ ਲੱਗੇ ਸਨ। ਕੇਂਦਰ ਦੀ ਸਰਕਾਰ ਵੱਡੇ ਡਿਫਾਲਟਰਾਂ ਦੇ ਨਾਮ ਨਸ਼ਰ ਕਰਨ ‘ਤੇ ਅੜ ਗਈ ਹੈ। ਗਰੀਬ ਕਿਸਾਨਾਂ ਦੀਆਂ ਤਸਵੀਰਾਂ ਚੌਂਕਾਂ ਵਿੱਚ ਲਾ ਕੇ ਬਲਦੀ ਉੱਪਰ ਤੇਲ ਪਾਇਆ ਜਾ ਰਿਹਾ ਹੈ। ਕਿਸਾਨ ਗਰੀਬ 2-4 ਲੱਖ ਰੁਪਏ ਦੇ ਕਰਜ਼ੇ ਬਦਲੇ ਖੁਦਕੁਸ਼ੀਆਂ ਦੇ ਰਾਹ ਪਿਆ ਹੈ। ਉਸਦੇ ਕਰਜ਼ੇ ਤੇ ਲੀਕ ਨਹੀਂ ਫਿਰਦੀ। ਪਰ ਕੇਂਦਰ ਸਰਕਾਰ ਨੇ ਇੱਕੋ ਝਟਕੇ ਨਾਲ 1.14 ਲੱਖ ਕਰੋੜ ਰੁਪਏ ਵੱਡੇ-ਵੱਡੇ ਲੁਟੇਰਿਆਂ ਦੇ ਮੁਆਫ ਕਰ ਦਿੱਤੇ। ਉਸਨੇ ਵੀਡੀਓਕੌਨ ਦੇ 40 ਹਜ਼ਾਰ ਕਰੋੜ ਰੁਪਏ ਮੁਆਫ ਕੀਤੇ ਅਤੇ ਭੂਸ਼ਣ ਇੰਡਸਟਰੀ ਦੇ 1 ਲੱਖ ਕਰੋੜ ਰੁਪਏ ਮੁਆਫ ਕਰ ਦਿੱਤੇ। ਪਰ ਨਾ ਤਾਂ ਪੰਜਾਬ ਅਤੇ ਨਾ ਹੀ ਹੋਰ ਕਿਸੇ ਸੂਬੇ ਦੇ ਕਿਸਾਨ ਦੀ ਸਰਕਾਰਾਂ ਬਾਂਹ ਫੜ ਰਹੀਆਂ ਹਨ। ਪਿਛਲੀਆਂ ਚੋਣਾਂ ਵਿੱਚ ਕੈਪਟਨ ਸਰਕਾਰ ਨੇ ਰਾਜ ਭਾਗ ਇਹ ਨਾਅਰੇ ਲਾ ਕੇ ਪ੍ਰਾਪਤ ਕੀਤਾ ਕਿ ਉਹ ਕਿਸਾਨਾਂ ਦੇ, ਬੈਂਕਾਂ ਦੇ, ਆੜਤੀਆਂ ਦੇ ਅਤੇ ਸੁਸਾਇਟੀਆਂ ਦੇ ਸਾਰੇ ਕਰਜ਼ੇ ਮੁਆਫ ਕਰਨਗੇ ਪਰ ਹੋਇਆ ਸਭ ਕੁੱਝ ਉਲਟ।

ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ। ਪੰਜਾਬ ਅੰਦਰ ਲੁੱਟ ਅਤੇ ਕੁੱਟ ਦੀ ਪੜਤਾਲ ਕਰਾਉਣ ਦੀ ਬਜਾਏ ਐਫ.ਸੀ.ਆਈ. ਅੰਦਰ ਹੋਏ 31 ਹਜ਼ਾਰ ਕਰੋੜ ਦੇ ਘਪਲੇ ਨੂੰ ਢੱਕ ਲਿਆ ਗਿਆ ਅਤੇ ਪੀ.ਟੀ.ਸੀ. ਦੀ 20 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਢੱਕੀ ਜਾ ਰਹੀ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਮੰਤਰੀ ਸਾਧਾਰਨ ਕਿਸਾਨ ਤੋਂ ਕਰੋੜਾਂ ਅਰਬਾਂਪਤੀ ਹੋ ਗਏ। ਉੱਥੇ ਆੜਤੀਆ ਸਿਸਟਮ ਵੱਲੋਂ ਮਚਾਈ ਲੁੱਟ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਸਿਸਟਮ ਦੇ ਸਿੱਧੇ ਰੂਪ ਵਿੱਚ ਕਿਸਾਨ ਦੀ ਜ਼ਮੀਨ ‘ਤੇ ਕਾਬਜ਼ ਹੋਣ ਲਈ ਹਰ ਗੈਰ-ਕਾਨੂੰਨੀ ਹਥਿਆਰ ਵਰਤਿਆ ਹੈ। ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਦੇ ਪਿੰਡ ਚਰਨਾਰਥ ਕਲਾਂ ਵਿੱਚ ਦਵਿੰਦਰ ਸਿੰਘ ਨਾਮ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਪਹਿਲਾਂ ਉਸਦੇ ਪਿਤਾ ਅਤੇ ਭਰਾ ਨੇ ਵੀ ਕਰਜ਼ੇ ਕਾਰਨ ਹੀ ਖੁਦਕੁਸ਼ੀ ਕੀਤੀ ਸੀ। ਆੜਤੀਏ ਤੋਂ ਲਿਆ 4 ਲੱਖ ਰੁਪਏ 25 ਲੱਖ ਬਣ ਗਿਆ ਹੈ। ਗਰੀਬ ਕਿਸਾਨ ਦੀ 4 ਏਕੜ ਜ਼ਮੀਨ ਵੀ ਆੜਤੀਏ ਨੇ ਕਬਜ਼ੇ ਵਿੱਚ ਲੈ ਲਈ ਪਰ ਕਰਜ਼ਾ ਫਿਰ ਵੀ ਨਾ ਉਤਰਿਆ।

ਅਸਲ ਨਾਲੋਂ ਵੱਧ ਵਿਆਜ ਨਾ ਲੈਣ ਦੀਆਂ ਹਦਾਇਤਾਂ ਝੂਠੀਆਂ ਸਾਬਿਤ ਹੋਈਆਂ। ਇਨ੍ਹਾਂ ਹਾਕਮਾਂ ਨੇ ਪਹਿਲਾਂ ਫੌਜੀ ਹਮਲੇ ਰਾਹੀਂ ਫਿਰ ਝੂਠੇ ਮੁਕਾਬਲਿਆਂ ਰਾਹੀਂ ਫਿਰ ਨਸ਼ਿਆ ਰਾਹੀਂ ਅਤੇ ਹੁਣ ਖੁਦਕੁਸ਼ੀਆਂ ਰਾਹੀਂ ਪੰਜਾਬ ਨੂੰ ਸ਼ਮਸ਼ਾਨਘਾਟ ਦਾ ਰੂਪ ਦੇ ਦਿੱਤਾ ਹੈ। ਲੁੱਟ ਅਤੇ ਕੁੱਟ ਦੇ ਮਾਡਲ ਦਾ ਵਿਰੋਧ ਕਰਨ ਵਾਲਿਆਂ ਨੂੰ ਇਨ੍ਹਾਂ ਸਰਕਾਰਾਂ ਵਲੋਂ ਵਿਦੇਸ਼ੀ ਏਜੰਟ ਦੱਸਿਆ ਜਾ ਰਿਹਾ ਹੈ। ਜਦੋਂਕਿ ਰਾਜ ਭਾਗ ਅੰਦਰ ਹਾਵੀ ਇਹ ਲੋਕ ਆਪਣਾ ਪੈਸਾ ਵਿਦੇਸ਼ਾਂ ਵਿੱਚ ਲੁਕਾਉਂਦੇ ਹਨ। ਪ੍ਰੈਸ ਬਿਆਨ ਦੇ ਅਖੀਰ ‘ਚ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਗੁਰਬਾਣੀ ਦਾ ਓਟ ਆਸਰਾ ਲੈਣ, ਗੁਰੂਆਂ ਦਾ ਰਾਹ ਖੁਦਕੁਸ਼ੀਆਂ ਦਾ ਰਾਹ ਨਹੀਂ ਹੈ। ਗੁਰੂਆਂ ਦਾ ਰਾਹ ਜ਼ੁਲਮ ਨਾਲ ਟੱਕਰ ਲੈਣ ਦਾ ਰਾਹ ਹੈ ਆਪਾਂ ਗੁਰੂ ਸਾਹਿਬਾਨਾਂ ਦੀ ਸੇਧ ਨੂੰ ਬੇਦਾਵਾ ਨਾ ਦੇ ਕੇ ਉਨ੍ਹਾਂ ਦੀ ਸੋਚ ਦੀ ਪਹਿਰੇਦਾਰੀ ਕਰੀਏ। ਲੱਖਾਂ ਮੁਸ਼ਕਲਾਂ ਦੇ ਬਾਵਜੂਦ ਖੁਦਕੁਸ਼ੀਆਂ ਦੇ ਰਾਹ ਨਾ ਪਈਏ। ਸਗੋਂ ਜ਼ੁਲਮ ਨਾਲ ਟਕਰਾਉਣ ਦਾ ਰਾਹ ਫੜੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,