May 21, 2017 | By ਸਿੱਖ ਸਿਆਸਤ ਬਿਊਰੋ
ਨਵੀ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਬਾਦਲ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਜੀਕੇ ਵੱਲੋਂ ਦਿੱਲੀ ਕਮੇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈਟੀਆਈ, ਤਿਲਕ ਨਗਰ ‘ਚ ਚੇਅਰਮੈਨ ਦਾ ਅਹੁਦਾ ਸਾਬਕਾ ਭਾਜਪਾ ਕੌਂਸਲਰ ਰਿਤੂ ਵੋਹਰਾ ਨੂੰ ਦਿੱਤੇ ਜਾਣ ਦਾ ਮੁੱਦਾ ਚਰਚਾ ‘ਚ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਵਿਦਿਅਕ ਅਦਾਰੇ ‘ਚ ਚੇਅਰਮੈਨ ਦਾ ਅਹੁਦਾ ਆਰਐਸਐਸ ਦੀ ਕਾਰਜਕਰਤਾ ਅਤੇ ਸਾਬਕਾ ਭਾਜਪਾ ਕੌਂਲਸਰ ਰਿਤੂ ਵੋਹਰਾ ਨੂੰ ਦਿੱਤੇ ਜਾਣ ਨਾਲ ਸੰਸਥਾ ਦਾ ਭਗਵਾਂਕਰਨ ਤੇਜ਼ੀ ਨਾਲ ਹੋਏਗਾ।

ਸਾਬਕਾ ਭਾਜਪਾ ਕੌਂਸਲਰ ਰਿਤੂ ਵੋਹਰਾ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. (ਫਾਈਲ ਫੋਟੋ)
ਸਰਨਾ ਨੇ ਕਿਹਾ ਕਿ ਆਰ.ਐਸ.ਐਸ. ਦੀ ਗੈਰ-ਸਿੱਖ ਔਰਤ ਨੂੰ ਇਹ ਅਹਿਮ ਜ਼ਿੰਮੇਵਾਰੀ ਭਾਜਪਾ ਵੱਲੋਂ ਬਾਦਲ ਧੜੇ ਨੂੰ ਦਿੱਲੀ ਨਗਰ ਨਿਗਮ ਦੀਆਂ ਚੋਣਾਂ ‘ਚ ਪੰਜ ਸੀਟਾਂ ਦਿੱਤੇ ਜਾਣ ਦੇ ਬਦਲੇ ਵਜੋਂ ਇਕ ਲੁਕਵੇਂ ਕਰਾਰ ਤਹਿਤ ਦਿੱਤੀ ਗਈ ਹੈ। ਸਰਨਾ ਨੇ ਕਿਹਾ ਕਿ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਗ਼ੈਰ-ਸਿੱਖ ਨੂੰ ਦਿੱਲੀ ਕਮੇਟੀ ਦੇ ਕਿਸੇ ਅਦਾਰੇ ‘ਚ ਕੋਈ ਅਹੁਦਾ ਦਿੱਤਾ ਗਿਆ ਹੋਵੇ ਕਿਉਂਕਿ ਗੁਰਦੁਆਰਾ ਨਿਯਮਾਂ ਮੁਤਾਬਕ ਕੇਵਲ ਸਿੱਖ ਮੈਂਬਰ ਹੀ ਗਵਰਨਿੰਗ ਬਾਡੀ ਦਾ ਚੇਅਰਮੈਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਕ ਅਜਿਹੇ ਮਾਮਲੇ ‘ਚ ਦਿੱਲੀ ਕਮੇਟੀ ਦੇ ਇਕ ਅਦਾਰੇ ‘ਚ ਗੈਰ ਸਿੱਖ ਨੂੰ ਮੈਂਬਰ ਬਣਾਏ ਜਾਣ ਦਾ ਮਾਮਲਾ ਇੰਨਾ ਭਖਿਆ ਸੀ ਕਿ ਨਿਯੁਕਤੀ ਰੱਦ ਕਰਨੀ ਪਈ ਸੀ।
ਉਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਤੁਰੰਤ ਇਹ ਨਿਯੁਕਤੀ ਰੱਦ ਕਰਨ ਲਈ ਕਿਹਾ।
ਸਬੰਧਤ ਖ਼ਬਰ:
ਭਾਜਪਾ ਦੇ ਮਨਜਿੰਦਰ ਸਿਰਸਾ ਨੇ ਜਿੱਤੀ ਰਾਜੌਰੀ ਗਾਰਡਰ ਵਿਧਾਨ ਸਭਾ ਜ਼ਿਮਨੀ ਚੋਣ; ‘ਆਪ’ ਦੀ ਜ਼ਮਾਨਤ ਜ਼ਬਤ …
Related Topics: Badal Dal, BJP, DSGMC, Manjit Singh GK, paramjit singh sarna, RSS