January 25, 2016 | By ਸਿੱਖ ਸਿਆਸਤ ਬਿਊਰੋ

ਅਮਿਤ ਸ਼ਾਹ
ਨਵੀਂ ਦਿੱਲੀ (24 ਜਨਵਰੀ,2016): ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਫਿਰ ਇੱਕ ਵਾਰ ਅਮਿਤ ਸ਼ਾਹ ਨੂੰ ਅੱਜ ਪਾਰਟੀ ਦਾ ਪ੍ਰਧਾਨ ਮੁੜ ਚੁਣ ਲਿਆ ਹੈ ।ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਕੇਂਦਰੀ ਮੰਤਰੀਆਂ ਦੀ ਮੌਜੂਦਗੀ ‘ਚ ਉਨ੍ਹਾਂ ਨੂੰ ਪਾਰਟੀ ਦੇ ਮੁੜ ਪ੍ਰਧਾਨ ਬਣਾਉਣ ਦਾ ਰਸਮੀ ਐਲਾਨ ਕੀਤਾ ਗਿਆ ।ਉਨ੍ਹਾਂ ਦਾ ਇਹ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਸਾਰੇ ਨੇਤਾਵਾਂ ਨੇ ਇਸ ਅਹੁਦੇ ਲਈ ਅਮਿਤ ਸ਼ਾਹ ਦਾ ਨਾਂਅ ਹੀ ਅੱਗੇ ਕੀਤਾ ।51 ਸਾਲ ਦੇ ਸ਼ਾਹ ਦੇ ਪੱਖ ‘ਚ 17 ਨਾਮਾਂਕਣ ਪੇਸ਼ ਕੀਤੇ ਗਏ ਤੇ ਇਹ ਪ੍ਰਕਿਰਿਆ ਤਿੰਨ ਘੰਟੇ ਤੱਕ ਚੱਲੀ । ।ਨਰਿੰਦਰ ਮੋਦੀ ਤੇ ਹੋਰਾਂ ਨੇ ਅਮਿਤ ਸ਼ਾਹ ਨੂੰ ਮੁੜ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਚੋਣ ਰਸਮੀ ਹੀ ਸੀ ਕਿਉਂਕਿ ਨਰਿੰਦਰ ਮੋਦੀ ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਆਰ. ਐੱਸ. ਐੱਸ. ਵੀ ਇਹੀ ਚਹੁੰਦੀ ਸੀ ਕਿ ਇਹ ਅਹੁਦਾ ਅਮਿਤ ਸ਼ਾਹ ਹੀ ਮੁੜ ਸੰਭਾਲਣ ।ਆਮਿਤ ਸ਼ਾਹ ਪਿਛਲੇ ਸਾਲ ਉਸ ਵੇਲੇ ਪ੍ਰਧਾਨ ਬਣੇ ਸਨ ਜਦੋਂ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਬਣੇ ।
ਪ੍ਰਧਾਨ ਮੰਤਰੀ ਮੋਦੀ ਸਮੇਤ ਪਾਰਟੀ ਦੇ ਸਾਰੇ ਸਿਖਰਲੇ ਨੇਤਾਵਾਂ ਨੇ ਅਮਿਤ ਸ਼ਾਹ ਨੂੰ ਮੁੜ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਹੱਕ ਵਿਚ ਮਤਾ ਪਾਸ ਕੀਤਾ ਸੀ ।ਪ੍ਰਧਾਨ ਮੰਤਰੀ ਨੇ ਸਨਿਚਰਵਾਰ ਰਾਤ ਨੂੰ ਉਨ੍ਹਾਂ ਨੂੰ ਰਾਤ ਦੇ ਭੋਜਨ ਸਮੇਂ ਬੁਲਾਇਆ ਸੀ ।ਅਮਿਤ ਸ਼ਾਹ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਪ੍ਰਧਾਨ ਰਹਿੰਦਿਆਂ ਹੀ ਭਾਜਪਾ ਨੇ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਜਿੱਤੀਆਂ ਸਨ ਪਰ ਦਿੱਲੀ ਤੇ ਬਿਹਾਰ ਚੋਣਾਂ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।ਫਿਲਹਾਲ ਸੂਤਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪ੍ਰਧਾਨਗੀ ‘ਚ ਹੀ ਭਾਜਪਾ ਨੇ ਆਪਣੀ ਮਜਬੂਤੀ ਕਾਇਮ ਕੀਤੀ ਹੈ ।
Related Topics: Amit Shah, BJP, Indian Politics