November 21, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਸ੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਖਿਲਾਫ ਕੀਤੀ ਗਈ ਤਬਾਦਲਿਆਂ ਦੀ ਕਾਰਵਾਈ ਤੋਂ ਬਾਅਦ ਪੰਜ ਪਿਆਰਿਆਂ ਵਿੱਚ ਸ਼ਾਮਿਲ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਿਨਾਮ ਸਿੰਘ ਝੰਜੀਆਂ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸ੍ਰੌਮਣੀ ਕਮੇਟੀ ਦੇ ਇਸ ਫੈਂਸਲੇ ਦਾ ਵਿਰੋਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਹ ਤਬਾਦਲਿਆਂ ਵਾਲੀ ਜਗ੍ਹਾ ਤੇ ਨਹੀਂ ਜਾਣਗੇ।

ਪੰਜ ਪਿਆਰੇ (ਫਾਈਲ ਫੋਟੋ)
ਬਿਆਨ ਵਿੱਚ ਪੰਜ ਪਿਆਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਖਾਲਸਾ ਪੰਥ ਦੇ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ (ਜਥੇਦਾਰਾਂ) ਨੇ ਖਾਲਸਾ ਪੰਥ ਦੀ ਮਾਣ ਮਰਿਯਾਦਾ ਨੂੰ ਪਿੱਠ ਦੇਂਦਿਆਂ ਸਿਰਸੇ ਵਾਲੇ ਸੋਦਾ ਸਾਧ ਨੂੰ ਮੁਆਫ ਕਰਨ ਦਾ ਜੋ ਧ੍ਰੋਹ ਕੌਮ ਨਾਲ ਕਮਾਇਆ ਗਿਆ ਸੀ ਉਸ ਨਾਲ ਪੰਥ ਅੰਦਰ ਤਖ਼ਤ ਸਾਹਿਬਾਨਾਂ ਦੇ ਸੇਵਾਦਾਰਾਂ ਪ੍ਰਤੀ ਰੋਸ ਪੈਦਾ ਹੋਇਆ।
ਬਰਗਾੜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉਪਰੰਤ ਪੰਥਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਵੱਲੋਂ ਇਨਸਾਫ ਲਈ ਕੀਤੇ ਗਏ ਸੰਘਰਸ਼ ਮੌਕੇ ਤਖ਼ਤ ਸਾਹਿਬਾਨਾਂ ਦੇ ਇਹਨਾਂ ਸੇਵਾਦਾਰਾਂ ਵੱਲੋਂ ਕਿਸੇ ਪ੍ਰਕਾਰ ਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਅਸੀਂ ਆਪਣੇ ਕੌਮੀ ਫਰਜ ਨਿਭਾਉਂਦਿਆਂ 20/10/2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ ਨੂੰ 23/10/2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਪਰ ਉਨ੍ਹਾਂ ਦੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਨੂਮ ਆਦੇਸ਼ ਕਤਿਾ ਗਿਆ ਸੀ ਕਿ ਉਹ ਇਨ੍ਹਾਂ ਸੇਵਾਦਾਰਾਂ ਦੀ ਸੇਵਾਵਾਂ ਬੰਦ ਕਰ ਦੇਣ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਅਧਿਕਾਰਾਂ ਦੀ ਮਾਰ ਹੇਠ ਪੰਥ ਪ੍ਰਸਤੀ ਦੀ ਭਾਵਨਾ ਨੂੰ ਨਕਾਰਦਿਆਂ ਸਾਨੂੰ ਮੁਅੱਤਲ ਕਰ ਦਿੱਤਾ ਸੀ।ਪਰ ਗੁਰੂ ਪੰਥ ਦੀਆਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਦਬਾਅ ਹੇਠ ਮੁਅੱਤਲੀ ਵਾਪਿਸ ਲੈ ਲਈ ਗਈ ਸੀ।
ਗੁਰੂ ਪੰਥ ਅੰਦਰ ਬਣੇ ਅਣਸੁਖਾਵੇਂ ਹਾਲਾਤਾਂ ਨੂੰ ਮੁੱਖ ਰੱਖਦਿਆਂ, ਸਿੱਖ ਸੰਗਤਾਂ ਦੇ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਸਮਝਦਿਆਂ ਮਿਤੀ 9/11/2015 ਨੂੰ ਆਪਣੇ ਕੌਮੀ ਫਰਜ ਨੂੰ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਕਿਸੇ ਵੀ ਸੂਰਤ ਵਿੱਚ ਸੰਗਤ ਵੱਲੋਂ ਰੱਦ ਕੀਤੇ ਜਾ ਚੁੱਕੇ ਗਿ.ਗੁਰਬਚਨ ਸਿੰਘ ਪਾਸੋਂ ਬੰਦੀ ਛੋੜ ਦਿਹਾੜੇ ਮੌਕੇ ਸੰਦੇਸ਼ ਨਾ ਪੜਵਾਉਣ ਤੇ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਪਾਸੋਂ ਲਈ ਜਾਵੇ।ਪਰ ਸ਼੍ਰੋਮਣੀ ਕਮੇਟੀ ਵੱਲੋਂ 23/10/2015 ਅਤੇ 9/11/2015 ਦੇ ਫੈਂਸਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰਾਂ ਨੂੰ ਫਾਰਗ ਕਰ ਦਿੱਤਾ ਜਾਵੇਗਾ,ਪਰ ਅਜਿਹਾ ਨਹੀਂ ਕੀਤਾ ਗਿਆ।
ਜਿਕਰਯੋਗ ਹੈ ਕਿ ਪਹਿਲਾਂ ਪੰਜ ਪਿਆਰਿਆਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਗਿਆ ਅਤੇ ਹੁਣ ਭਾਈ ਮੇਜਰ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ ਨੂੰ ਡਿਊਟੀ ਦੇ ਨਾਂ ਹੇਠ ਪਾਕਿਸਤਾਨ(ਗੁ:ਸ੍ਰੀ ਨਨਕਾਣਾ ਸਾਹਿਬ) ਭੇਜ ਦਿੱਤਾ ਗਿਆ ਹੈ।ਕੱਲ੍ਹ ਸ਼ਾਮ (੍20/11/2015) ਨੂੰ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਿਨਾਮ ਸਿੰਘ ਝੰਜੀਆਂ ਨੂੰ ਮੁੱਖ ਸਕੱਤਰ ਹਰਚਰਨ ਸਿੰਘ ਦੇ ਹਸਤਾਖਰਾਂ ਵਾਲੇ ਕ੍ਰਮਵਾਰ ਸਿੱਖ ਮਿਸ਼ਨ ਹਾਪੜ ਅਤੇ ਸਿੱਖ ਮਿਸ਼ਨ ਦਿੱਲੀ ਦੇ ਤਬਾਦਲੇ ਦੇ ਹੁਕਮ(ਆਰਡਰ ਨੰਬਰ-859) ਫੜਾ ਦਿੱਤੇ ਗਏ ਸਨ।ਇਸ ਤੇ ਬੋਲਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਿਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਨਿਰਾਸ਼ਤਾ ਵਿੱਚ ਫਸੀ ਸਿੱਖ ਕੌਮ ਨੂੰ ਪੰਜ ਪਿਆਰੇ ਕੋਈ ਯੋਗ ਅਗਵਾਈ ਨਾ ਦੇ ਸਕਣ, ਇਸ ਉਦੇਸ਼ ਨਾਲ, ਪੰਜ ਪਿਆਰਿਆਂ ਦੀ ਧਾਰਮਿਕ ਸ਼ਕਤੀ ਨੂੰ ਖੇਰੂ ਖੇਰੂ ਕਰਨ ਅਧੀਨ, ਸ਼੍ਰੋਮਣੀ ਕਮੇਟੀ ਵੱਲੋਂ ਵਿੰਗੇ ਟੇਢੇ ਢੰਗ ਤਰੀਕੇ ਵਰਤੇ ਜਾ ਰਹੇ ਹਨ।ਭਾਈ ਮੰਗਲ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਪਹਿਲਾਂ ਹੀ ਡਾਕਟੀ ਛੁੱਟੀ ਤੇ ਹਨ।
ਉਨ੍ਹਾਂ ਕਿਹਾ ਕਿ ਉਹ ਸ੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਪੰਥ ਨਾਲ ਧੋਖਾ ਜਾਣਦਿਆਂ ਗੁਰੂ ਪੰਥ ਨੂੰ ਮੋਜੂਦਾ ਸਥਿਤੀ ਤੋਂ ਜਾਣੂ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਗੁਰੂ ਖਾਲਸਾ ਪੰਥ ਦੇ ਸਨਮੁੱਖ ਹਨ ਤੇ ਹਮੇਸ਼ਾ ਰਹਿਣਗੇ ਇਸ ਲਈ ਉਨ੍ਹਾਂ ਤਬਦੀਲੀ ਵਾਲੀਆਂ ਜਗ੍ਹਾ ਤੇ ਨਾ ਜਾਣ ਦਾ ਫੈਂਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ “ਹਮ ਚਾਕਰ ਗੋਵਿੰਦ ਕੇ” ਦੇ ਮਹਾਵਾਕ ਅਨੁਸਾਰ ਗੁਰੂ ਪੰਥ ਦੀ ਕਚਹਿਰੀ ਵਿੱਚ ਹਾਜਿਰ ਹਨ ਤੇ ਗੁਰੂ ਖਾਲਸਾ ਪੰਥ ਦੇ ਹਰ ਹੁਕਮ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਰਹੇਗਾ।
Related Topics: Akal Takht Sahib, Former Panj Pyare of Akal Takht Shaib, Shiromani Gurdwara Parbandhak Committee (SGPC)