June 17, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦੇ ਅੱਛਾਬਲ ਵਿੱਚ ਕਸ਼ਮੀਰੀ ਮੁਜਾਹਦੀਨਾਂ ਵੱਲੋਂ ਪੁਲਿਸ ਪਾਰਟੀ ਉਤੇ ਸ਼ੁੱਕਰਵਾਰ (16 ਜੂਨ) ਕੀਤੇ ਹਮਲੇ ਵਿੱਚ ਸਬ ਇੰਸਪੈਕਟਰ ਸਣੇ ਛੇ ਪੁਲਿਸ ਮੁਲਾਜ਼ਮ ਮਾਰੇ ਗਏ।
ਡੀਜੀਪੀ ਐਸ.ਪੀ. ਵੈਦ ਨੇ ਦੱਸਿਆ ਕਿ ਮੁਜਾਹਦੀਨਾਂ ਵੱਲੋਂ ਕੀਤੇ ਹਮਲੇ ‘ਚ ਸਬ ਇੰਸਪੈਕਟਰ ਫ਼ਿਰੋਜ਼ ਖ਼ਾਨ ਵਾਸੀ ਪੁਲਵਾਮਾ ਮਾਰਿਆ ਗਿਆ। ਹਮਲੇ ਵਿੱਚ ਚਾਰ ਹੋਰ ਪੁਲਿਸ ਮੁਲਾਜ਼ਮ ਤੇ ਇਕ ਡਰਾਈਵਰ ਵੀ ਮਾਰਿਆ ਗਿਆ। ਉਹ ਜੀਪ ਉਤੇ ਰੁਟੀਨ ਗਸ਼ਤ ਉਤੇ ਸਨ। ਇਕ ਉੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਹਮਲੇ ਵਿੱਚ ਲਸ਼ਕਰ-ਏ-ਤਾਇਬਾ ਦਾ ਹੱਥ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਅਰਵਾਨੀ ਵਿੱਚ ਲਸ਼ਕਰ ਦਾ ਸਥਾਨਕ ਕਮਾਂਡਰ ਜੁਨੈਦ ਮੱਟੂ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ।

ਸਥਾਨਕ ਲੋਕ ਅਤੇ ਫੌਜ ਵਿਚਾਲੇ ਝੜਪ (ਫਾਈਲ ਫੋਟੋ)
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਅਰਵਾਨੀ ਵਿੱਚ ਜੁਨੈਦ ਮੱਟੂ ਨੂੰ ਘੇਰਾ ਪੈਣ ‘ਤੇ ਸਥਾਨਕ ਲੋਕ ਮੱਟੂ ਨੂੰ ਬਚਾਉਣ ਲਈ ਘਰੋਂ ਬਾਹਰ ਨਿਕਲ ਆਏ ਤਾਂ ਭਾਰਤੀ ਪੁਲਿਸ ਦਸਤਿਆਂ ਨੇ ਲੋਕਾਂ ‘ਤੇ ਗੋਲੀ ਚਲਾ ਦਿੱਤੀ। ਇਸ ਵਿੱਚ ਅਹਿਸਨ ਮੁਸ਼ਤਾਕ (15) ਅਤੇ ਮੁਹੰਮਦ ਅਸ਼ਰਫ਼ ਖ਼ਾਰ (34) ਦੀ ਮੌਤ ਹੋ ਗਈ। ਸ੍ਰੀਨਗਰ ਦੇ ਰੰਗਰੇਠ ਇਲਾਕੇ ਵਿੱਚ ਭਾਰਤੀ ਦਸਤਿਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੀ ਭੀੜ ਉਤੇ ਗੋਲੀ ਚਲਾਉਣ ਕਾਰਨ 22 ਸਾਲਾ ਨੌਜਵਾਨ ਮਾਰਿਆ ਗਿਆ। ਉਸ ਦੀ ਪਛਾਣ ਨਾਜ਼ਿਰ ਅਹਿਮਦ ਵਜੋਂ ਹੋਈ। ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰਾ ਵਿੱਚ ਦੋ ਨਾਗਰਿਕ ਉਦੋਂ ਜ਼ਖ਼ਮੀ ਹੋ ਗਏ, ਜਦੋਂ ਨਾਕੇ ਉਤੇ ਉਨ੍ਹਾਂ ਦੀ ਗੱਡੀ ‘ਤੇ ਫੌਜੀਆਂ ਨੇ ਗੋਲੀ ਚਲਾ ਦਿੱਤੀ। ਇਹ ਨਾਕਾ 14 ਰਾਸ਼ਟਰੀ ਰਾਇਫ਼ਲਜ਼ ਨੇ ਲਾਇਆ ਸੀ।
ਇਕ ਹੋਰ ਘਟਨਾ ‘ਚ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦੀ ਦੁਵੱਲੀ ਗੋਲੀਬਾਰੀ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਾਜੀਪੁਰ ਦਾ ਬਖਤਾਵਰ ਸਿੰਘ (34) ਮਾਰਿਆ ਗਿਆ।
Related Topics: All News Related to Kashmir, Indian Army, Indian Satae